ਸੰਗਰੂਰ—ਦੇਸ਼ ਭਰ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ। ਉੱਥੇ ਪੰਜਾਬ 'ਚ ਚੋਣਾਂ ਨੂੰ ਲੈ ਕੇ ਹਲਚਲ ਤੇਜ਼ ਹੈ। ਹਰ ਪਾਰਟੀ ਵਲੋਂ ਆਪਣੇ-ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਰਿਵਾਇਤੀ ਪਾਰਟੀਆਂ ਅਕਾਲੀ ਦਲ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ, ਪੰਜਾਬ ਡੈਮੋਕ੍ਰੇਟਿਕ ਅਲਾਇੰਸ ਅਤੇ ਅਕਾਲੀ ਦਲ ਟਕਸਾਲੀ ਵਲੋਂ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਉੱਥੇ ਹੀ ਕਾਂਗਰਸ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਉਮੀਦਵਾਰੀ ਦਾ ਐਲਾਨ ਹੋਣ ਨਾਲ ਪੰਜਾਬ ਦੀ ਰਾਜਨੀਤੀ 'ਚ ਅਹਿਮ ਮੰਨੀ ਜਾਂਦੀ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜਨ ਵਾਲੇ ਮੁੱਖ ਉਮੀਦਵਾਰਾਂ ਦੀ ਤਸਵੀਰ ਸਪਸ਼ਟ ਹੋ ਗਈ ਹੈ। ਇਸ ਸੀਟ ਤੋਂ ਕਾਫ਼ੀ ਦਿਲਚਸਪ ਮੁਕਾਬਲਾ ਹੋਣ ਦੇ ਆਸਾਰ ਹਨ।
ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਵਲੋਂ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਸਿਮਰਨਜੀਤ ਸਿੰਘ ਮਾਨ, ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਲੋਂ ਜੱਸੀ ਜਸਰਾਜ ਅਤੇ ਅਕਾਲੀ ਦਲ ਟਕਸਾਲੀ ਵਲੋਂ ਰਾਜਦੇਵ ਸਿੰਘ ਖਾਲਸਾ ਚੋਣ ਮੈਦਾਨ 'ਚ ਆ ਗਏ ਹਨ। ਕਾਂਗਰਸ ਪਾਰਟੀ ਵਲੋਂ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਕਰੀਬੀ ਹਨ। ਸ੍ਰੀ ਢਿੱਲੋਂ ਨੇ 2007 ਅਤੇ 2012 ਵਿਚ ਅਸੈਂਬਲੀ ਚੋਣ ਜਿੱਤੀ ਸੀ ਅਤੇ 2017 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਤੋਂ ਚੋਣ ਹਾਰ ਗਏ ਸਨ। ਸ੍ਰੀ ਢਿੱਲੋਂ ਸੰਸਦੀ ਹਲਕੇ ਅਧੀਨ ਪੈਂਦੇ ਜ਼ਿਲਾ ਬਰਨਾਲਾ ਦੇ ਪਿੰਡ ਟੱਲੇਵਾਲ ਦੇ ਜੰਮਪਲ ਹਨ।
'ਆਪ' ਉਮੀਦਵਾਰ ਭਗਵੰਤ ਮਾਨ ਮੁੜ ਦੂਜੀ ਵਾਰ ਚੋਣ ਮੈਦਾਨ 'ਚ ਹਨ ਜੋ 'ਆਪ' ਦੇ ਸੂਬਾ ਪ੍ਰਧਾਨ ਹਨ। ਸ੍ਰੀ ਮਾਨ ਪਿਛਲੇ ਪੰਜ ਸਾਲ ਦੀ ਆਪਣੀ ਕਾਰਗੁਜ਼ਾਰੀ ਲੈ ਕੇ ਲੋਕਾਂ 'ਚ ਜਾ ਰਹੇ ਹਨ ਜਿਨ੍ਹਾਂ ਨੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਆਪਣੀ ਚੋਣ ਮੁਹਿੰਮ ਭਖਾ ਰੱਖੀ ਹੈ ਪਰ ਪੀ.ਡੀ.ਏ. ਉਮੀਦਵਾਰ ਜੱਸੀ ਜਸਰਾਜ ਸਿਆਸੀ ਦਾਤੀ ਨਾਲ ਕਣਕ ਦੀ ਫਸਲ ਵਾਂਗ ਮਾਨ ਦੀਆਂ ਪੱਕੀਆਂ ਵੋਟਾਂ ਦੀ ਕਟਾਈ ਕਰਨ 'ਚ ਜੁਟ ਗਿਆ ਹੈ ਜੋ 'ਆਪ' ਦੇ ਖਿੱਲਰੇ ਝਾੜੂ 'ਚੋਂ ਸ਼ਰੀਕ ਬਣ ਕੇ ਨਿਕਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸਿਮਰਨਜੀਤ ਸਿੰਘ ਮਾਨ ਉਮੀਦਵਾਰ ਹਨ ਜੋ ਖੁਦ ਪਾਰਟੀ ਪ੍ਰਧਾਨ ਹਨ। ਸ੍ਰੀ ਮਾਨ 1996 ਅਤੇ 1998 'ਚ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਬਰਨਾਲਾ ਤੋਂ ਚੋਣ ਹਾਰ ਗਏ ਸਨ ਅਤੇ 1999 'ਚ ਆਪਣੀ ਹਾਰ ਦਾ ਬਦਲਾ ਲੈਣ 'ਚ ਸਫ਼ਲ ਹੋਏ ਸਨ। ਬਤੌਰ ਐਮ.ਪੀ. ਰਹਿ ਚੁੱਕੇ ਸਿਮਰਨਜੀਤ ਸਿੰਘ ਮਾਨ ਹਲਕੇ ਦੇ ਹਰ ਪਿੰਡ ਤੋਂ ਵਾਕਫ਼ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਪਿੜ 'ਚ ਭਾਵੇਂ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਸਾਥ ਦੀ ਘਾਟ ਜ਼ਰੂਰ ਰੜਕ ਰਹੀ ਹੈ ਪਰ ਸੰਸਦੀ ਹਲਕੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਪਰਮਿੰਦਰ ਢੀਂਡਸਾ ਦੀ ਡਟਵੀਂ ਹਮਾਇਤ 'ਚ ਨਿੱਤਰ ਚੁੱਕੀ ਹੈ। ਲਗਾਤਾਰ ਚਾਰ ਵਾਰ ਸੁਨਾਮ ਹਲਕੇ ਤੋਂ ਵਿਧਾਇਕ ਚੁਣੇ ਪਰਮਿੰਦਰ ਸਿੰਘ ਢੀਂਡਸਾ ਹੁਣ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਹਨ।
ਮਜੀਠਾ ਬੱਸ ਅੱਡੇ ਦਾ ਨਾਂ ਬਦਲਵਾਉਣ ਲਈ ਸੜਕਾਂ 'ਤੇ ਉਤਰੀ ਕਾਂਗਰਸ
NEXT STORY