ਸੰਗਰੂਰ (ਬੇਦੀ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਵਿਰੁੱਧ ਸੰਗਰੂਰ ਵਿਖੇ ਰੱਖੀ ਗਈ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਮੁੱਢ ਕਦੀਮ ਤੋਂ ਹੀ ਪੰਜਾਬ ਅਤੇ ਸਿੱਖਾਂ ਪ੍ਰਤੀ ਦੁਸ਼ਮਣ ਵਾਲਾ ਰੋਲ ਨਿਭਾਉਂਦੀ ਰਹੀ ਹੈ। 1947 ਵਿਚ ਸਿੱਖਾਂ ਦੇ ਘਾਣ ਦਾ ਕਾਰਨ ਬਣਨ ਵਾਲੀ ਕਾਂਗਰਸ ਨੇ 1984 ਵਿਚ ਸਾਡੇ ਮਹਾਨ ਅਕਾਲ ਤਖਤ ਅਤੇ ਪਾਵਨ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਤੇ ਬਾਅਦ ਵਿਚ ਨੌਜਵਾਨੀ ਦਾ ਘਾਣ ਕੀਤਾ।
ਉਨ੍ਹਾਂ ਕਿਹਾ ਕਿ ਕੈਪਟਨ ਅਤੇ ਕਾਂਗਰਸ ਦਾ ਪੂਰਾ ਇਤਿਹਾਸ ਦੇਖਿਆ ਜਾਵੇ ਤਾਂ ਇਹ ਪਾਰਟੀ ਸਿੱਖਾਂ ਅਤੇ ਪੰਜਾਬ ਵਿਰੋਧੀ ਹੀ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਤਕਰੀਬਨ 70 ਸਾਲ ਹੋ ਗਏ ਪੰਜਾਬ ਦੇ ਹਿੱਤਾਂ ਲਈ ਲੜਦਿਆਂ। ਅਕਾਲੀ ਦਲ ਦਾ ਇਤਿਹਾਸ ਸੰਘਰਸ਼ਪੂਰਨ ਰਿਹਾ ਹੈ। ਲੱਖਾਂ ਅਕਾਲੀ ਵਰਕਰਾਂ ਨੇ ਪੰਜਾਬ ਲਈ ਜੇਲਾਂ ਕੱਟੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹਰ ਪ੍ਰਧਾਨ ਮੰਤਰੀ ਨੇ ਪੰਜਾਬੀਆਂ ਨਾਲ ਵਿਤਕਰਾ ਹੀ ਕੀਤਾ ਹੈ। ਪੰਜਾਬ ਨੂੰ ਕੋਈ ਵੱਡੀ ਇੰਡਸਟਰੀ ਨਹੀਂ ਮਿਲੀ, ਕਰਜ਼ਾ ਮੁਆਫ ਨਹੀਂ ਹੋਇਆ। ਕੈਪਟਨ 'ਤੇ ਵਿਸ਼ਵਾਸ ਕਰਕੇ ਲੋਕਾਂ ਨੇ ਗਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਾਰੇ ਵਾਅਦੇ ਪੂਰੇ ਕੀਤੇ ਹਨ। ਗਰੀਬ ਵਰਗ ਦੇ ਲੋਕਾਂ ਲਈ ਸਾਰੀਆਂ ਸਕੀਮਾਂ ਅਕਾਲੀ ਦਲ ਨੇ ਸ਼ੁਰੂ ਕੀਤੀਆਂ, ਜਿਸ ਦਾ 35 ਲੱਖ ਪਰਿਵਾਰਾਂ ਨੂੰ ਫਾਇਦਾ ਮਿਲਿਆ। ਹਰਸਿਮਰਤ ਦੀ ਕੋਸ਼ਿਸ਼ ਨਾਲ ਬਠਿੰਡਾ ਵਿਚ ਏਮਜ਼ ਹਸਪਤਾਲ ਖੁੱਲ੍ਹਿਆ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਪੰਜਾਬ ਦੇ ਖਜ਼ਾਨੇ ਭਰਪੂਰ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਧੋਖੇਬਾਜ਼ ਪਾਰਟੀ ਹੈ।
ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਬਰਨਾਲਾ ਸੰਗਰੂਰ ਦੇ 10 ਹਲਕਿਆਂ ਦੇ ਲੋਕ ਸ਼ਾਮਲ ਹੋਏ। ਰੈਲੀ 'ਚ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਿਕੰਦਰ ਸਿੰਘ ਮਲੂਕਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਆਦਿ ਆਗੂ ਹਾਜ਼ਰ ਸਨ।
ਹਥਿਆਰਬੰਦ ਮੰਡੀਰ ਨੇ ਘਰ ’ਚ ਦਾਖਲ ਹੋ ਮਚਾਇਆ ਹੜਕੰਪ, ਵੀਡੀਓ ਵਾਇਰਲ
NEXT STORY