ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ ਦੇ ਰੇਲਵੇ ਰੋਡ 'ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਮੁੱਖ ਬਰਾਂਚ 'ਚ ਅੱਜ ਬੈਂਕ ਖੁੱਲ੍ਹਣ ਦੇ ਕਰੀਬ 1 ਘੰਟੇ ਬਾਅਦ ਬੈਂਕ ਦੇ ਸਰਵਰ ਰੂਮ 'ਚ ਅਚਾਨਕ ਅੱਗ ਲੱਗ ਗਈ। ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਬੈਂਕ 'ਚ ਲੱਗੇ ਅੱਗ ਬੁਝਾਊ ਯੰਤਰਾਂ ਤੋਂ ਇਲਾਵਾ ਤੁਰੰਤ ਪੁਲਸ ਅਤੇ ਫਾਇਰ ਬਿਗ੍ਰੇਡ ਨੂੰ ਸੂਚਨਾ ਦੇ ਕੇ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਈ ਗਈ।
ਬੈਂਕ ਮੁਲਾਜ਼ਮਾਂ ਸਣੇ 100 ਤੋ ਵੱਧ ਲੋਕ ਸਨ ਬੈਂਕ ਅੰਦਰ ਮੌਜੂਦ
ਸਵੇਰੇ ਕਰੀਬ 11 ਵਜੇ ਸਿਸਟਮ ਰੂਮ 'ਚ ਲੱਗੀ ਅੱਗ ਦੇ ਸਮੇਂ ਬੈਂਕ ਦੇ ਕਰੀਬ 25 ਮੁਲਾਜ਼ਮਾਂ ਤੋਂ ਇਲਾਵਾ ਕਲੀਅਰਿੰਗ ਹਾਊਸ 'ਚ 100 ਤੋਂ ਵੱਧ ਲੋਕ ਮੌਜੂਦ ਸਨ। ਬੈਂਕ 'ਚੋਂ ਧੂੰਆਂ ਨਿਕਲਦੇ ਹੀ ਬੈਂਕ ਦੇ ਚੌਥੀ ਸ਼੍ਰੇਣੀ ਮੁਲਾਜ਼ਮ ਨੇ ਰੌਲਾ ਪਾ ਕੇ ਲੋਕਾਂ ਨੂੰ ਬੈਂਕ ਦੇ ਬਾਹਰ ਜਾਣ ਲਈ ਕਿਹਾ, ਜਿਸ ਨਾਲ ਬੈਂਕ ਦੇ ਅੰਦਰ ਵੱਖ-ਵੱਖ ਕੰਮਾਂ ਲਈ ਆਏ ਲੋਕਾਂ 'ਚ ਭਾਰੀ ਘਬਰਾਹਟ ਪੈਦਾ ਹੋ ਗਈ ਅਤੇ ਉਹ ਬੈਂਕ ਤੋਂ ਬਾਹਰ ਆਉਣ ਦੇ ਇਕ ਹੀ ਰਸਤੇ ਰਾਹੀਂ ਬੈਂਕ ਤੋਂ ਬਾਹਰ ਆ ਗਏ। ਇਸ ਮੌਕੇ 'ਤੇ ਸਿਟੀਜ਼ਨ ਬੈਂਕ ਦੇ ਕਰਮਚਾਰੀ ਪੰਕਜ ਤੇਜਪਾਲ ਅਤੇ ਕੋਆਪ੍ਰੇਟਿਵ ਬੈਂਕ ਦੀ ਕਰਮਚਾਰੀ ਚਰਣਜੀਤ ਕੌਰ ਨੇ ਦੱਸਿਆ ਕਿ ਬੈਂਕ ਦੀ ਉਪਰਲੀ ਮੰਜ਼ਿਲ 'ਤੇ ਸਥਿਤ ਕਲੀਅਰਿੰਗ ਹਾਊਸ 'ਚ ਵੱਖ-ਵੱਖ ਬੈਂਕਾਂ ਤੋਂ ਕਰੀਬ 35 ਬੈਂਕ ਮੁਲਾਜ਼ਮ ਕਲੀਅਰਿੰਗ ਲਈ ਆਏ ਹੋਏ ਸਨ। ਅਚਾਨਕ ਬੈਂਕ 'ਚ ਅੱਗ ਲੱਗਣ ਦਾ ਰੌਲਾ ਪੈਣ 'ਤੇ ਉਹ ਸਾਰੇ ਬੈਂਕ ਦੇ ਬਾਹਰ ਵੱਲ ਭੱਜ ਪਏ।

ਬੈਂਕ ਦੇ ਬਾਹਰ ਆਉਣ ਲਈ ਸਿਰਫ 1 ਹੀ ਰਸਤਾ
ਅਤਿ ਰੁਝੇਵੇਂ ਵਾਲੇ ਰੇਲਵੇ ਰੋਡ 'ਤੇ ਸਥਿਤ ਐੱਸ. ਬੀ. ਆਈ. ਬੈਂਕ 'ਚ ਸਰਕਾਰੀ ਅਤੇ ਗੈਰ-ਸਰਕਾਰੀ ਵਿਭਾਗਾਂ ਦੇ ਸਭ ਤੋਂ ਵੱਧ ਖਾਤਾਧਾਰਕ ਹੋਣ, ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਰਾਂ ਦੇ ਖਾਤਿਆਂ ਤੋਂ ਇਲਾਵਾ ਕਲੀਅਰਿੰਗ ਹਾਉਸ ਹੋਣ ਕਾਰਨ ਹਫਤੇ ਦੇ ਕਰੀਬ ਸਾਰੇ ਦਿਨ ਬੈਂਕ 'ਚ ਭਾਰੀ ਭੀੜ ਰਹਿੰਦੀ ਹੈ। ਬੈਂਕ ਖੁੱਲ੍ਹਣ ਤੋਂ ਪਹਿਲਾਂ ਹੀ ਗਾਹਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਬੈਂਕ ਦੇ ਬਾਹਰ ਲੱਗ ਜਾਂਦੀਆਂ ਹਨ ਪਰ ਬੈਂਕ ਦੇ ਅੰਦਰ ਜਾਣ ਅਤੇ ਬਾਹਰ ਨਿਕਲਣ ਦਾ ਇਕ ਹੀ ਰਸਤਾ ਹੈ, ਜਿਹੜਾ ਕਿ ਵਧੇਰੇ ਚੌੜਾ ਨਹੀਂ ਹੈ। ਅਜਿਹੀ ਹਾਲਤ 'ਚ ਜਾਨੀ-ਮਾਲੀ ਨੁਕਸਾਨ ਹੋਣ ਦਾ ਡਰ ਵਧੇਰੇ ਬਣਿਆ ਰਹਿੰਦਾ ਹੈ।
ਪੱਖੇ ਲਗਾ ਕੇ ਬੈਂਕ ਅੰਦਰ ਜਮ੍ਹਾ ਧੂੰਏਂ ਨੂੰ ਕੱਢਿਆ ਬਾਹਰ
ਅੱਗ ਨਾਲ ਬੈਂਕ ਅੰਦਰ ਧੂੰਆਂ ਇਕੱਠਾ ਹੋ ਗਿਆ ਸੀ, ਜਿਸ ਨਾਲ ਕੁਝ ਵੀ ਦਿਖਾਈ ਦੇਣਾ ਬੰਦ ਹੋ ਗਿਆ ਸੀ। ਮੌਕੇ 'ਤੇ ਪੁੱਜੇ ਐੱਸ. ਐਚ. À. ਸਹਿਬਾਜ ਸਿੰਘ ਨੇ ਪੁਲਸ ਮੁਲਾਜ਼ਮਾਂ ਨਾਲ ਮਿਲ ਕੇ ਬੈਂਕ ਦੇ ਅੰਦਰ ਪਏ 2 ਸਟੈਂਡਿੰਗ ਪੱਖਿਆਂ ਤੋਂ ਇਲਾਵਾ ਬਾਜ਼ਾਰ 'ਚੋਂ ਹੋਰ ਪੱਖਿਆਂ ਦਾ ਪ੍ਰਬੰਧ ਕਰਕੇ ਧੂੰਆਂ ਬਾਹਰ ਕੱਢਿਆ।
ਕੀ ਕਹਿੰਦੇ ਹਨ ਬੈਂਕ ਦੇ ਮੁੱਖ ਪ੍ਰਬੰਧਕ
ਜਦੋਂ ਬੈਂਕ ਦੇ ਚੀਫ ਮੈਨੇਜਰ ਸਰਬਜੀਤ ਦਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਿਸਟਮ ਰੂਮ 'ਚ 24 ਘੰਟੇ ਏ. ਸੀ. ਚੱਲਦਾ ਹੈ। ਅੱਗ ਏ. ਸੀ. 'ਚ ਲੱਗੀ ਜਾਂ ਕਿਸੇ ਹੋਰ ਕਾਰਨ ਕਰਕੇ ਇਸ ਸੰਬੰਧੀ ਜਾਣਕਾਰੀ ਜਾਂਚ ਕਰਨ 'ਤੇ ਹੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਮੁੱਢਲੀ ਹਾਲਤ ਵਿਚ ਇਸ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦਾ ਕੈਸ਼ ਦੂਜੇ ਪਾਸੇ ਹੁੰਦਾ ਹੈ, ਜੋ ਕਿ ਸੇਫ ਹੈ ਅਤੇ ਬੈਂਕ ਦੇ ਹੋਰ ਦਸਤਾਵੇਜ਼ੀ ਰਿਕਾਰਡ ਨੂੰ ਕਿੰਨਾ ਕੁ ਨੁਕਸਾਨ ਪਹੁੰਚਿਆ ਹੈ, ਇਸ ਬਾਰੇ ਜਾਂਚ ਕਰਨ 'ਤੇ ਪਤਾ ਲੱਗ ਸਕੇਗਾ।
ਜਲਦ ਸ਼ੁਰੂ ਹੋਵੇਗਾ ਟ੍ਰਿਬਿਊਨ ਤੋਂ ਜ਼ੀਰਕਪੁਰ ਫਲਾਈਓਵਰ 'ਤੇ ਕੰਮ
NEXT STORY