ਗਿੱਦੜਬਾਹਾ (ਕੁਲਭੂਸ਼ਨ, ਤਰਸੇਮ ਢੁੱਡੀ) : ਪਾਵਰਕਾਮ ਵਿਭਾਗ ਦੇ ਇਨਫੋਰਸਮੈਂਟ ਦੀ ਟੀਮ ਨੇ ਸ਼ੁੱਕਰਵਾਰ ਨੂੰ ਸਥਾਨਕ ਕੋਰਟ ਕੰਪਲੈਕਸ ਵਿਖੇ ਸਥਿਤ ਐੱਸ.ਡੀ.ਐੱਮ. ਦੀ ਰਿਹਾਇਸ਼ ਅਤੇ ਉਨ੍ਹਾਂ ਦੇ ਦਫ਼ਤਰ ਵਿਚ ਬਿਜਲੀ ਮੀਟਰਾਂ ਦੀ ਚੈਕਿੰਗ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਨਫੋਰਸਮੈਂਟ ਦੀ ਟੀਮ ਵਿਚ ਸ਼ਾਮਿਲ ਸੀਨੀਅਰ ਐਕਸੀਅਨ ਸ੍ਰੀ ਮੁਕਤਸਰ ਸਾਹਿਬ ਵਿਸ਼ਾਲ ਮੁਰਾਦੀਆ ਅਤੇ ਬਠਿੰਡਾ-2 ਦੇ ਐਕਸੀਅਨ ਸਨੇਹਦੀਪ ਬਰਾੜ ਨੇ ਦੱਸਿਆ ਕਿ ਚੈਕਿੰਗ ਦੌਰਾਨ ਉਨ੍ਹਾਂ ਗਿੱਦੜਬਾਹਾ ਦੇ ਐੱਸ.ਡੀ.ਐੱਮ. ਡਾ. ਨਰਿੰਦਰ ਸਿੰਘ ਧਾਲੀਵਾਲ ਦੀ ਕੋਰਟ ਕੰਪਲੈਕਸ ਸਥਿਤ ਸਰਕਾਰੀ ਰਿਹਾਇਸ਼ 'ਤੇ ਕੁੰਡੀ ਕੁਨੈਕਸ਼ਨ ਪਕੜਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕੀਤੀ ਚੈਕਿੰਗ 'ਚ ਪਾਇਆ ਗਿਆ ਕਿ ਐੱਸ.ਡੀ.ਐੱਮ. ਦੀ ਉਕਤ ਰਿਹਾਇਸ਼ 'ਤੇ ਕੋਈ ਵੀ ਬਿਜਲੀ ਮੀਟਰ ਆਦਿ ਨਹੀਂ ਲੱਗਾ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਬਿਜਲੀ ਮੀਟਰ ਡਿਫਾਲਟਰ ਹੋਣ ਦੀ ਸੂਰਤ ਵਿਚ ਉਕਤ ਮੀਟਰ 'ਤੇ ਬਿਜਲੀ ਕੁਨੈਕਸ਼ਨ ਕੱਟਿਆ ਗਿਆ ਸੀ ਪਰੰਤੂ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕੁੰਡੀ ਕੁਨੈਕਸ਼ਨ ਕਦੋਂ ਤੋਂ ਚੱਲ ਰਿਹਾ ਸੀ।
ਐੱਸ.ਡੀ.ਐੱਮ. ਰਿਹਾਇਸ਼ ਦੇ ਆਖਰੀ ਬਿੱਲ ਦੀ ਅਦਾਇਗੀ ਸੰਬੰਧੀ ਪੱਤਰਕਾਰਾਂ ਵੱਲੋਂ ਸਵਾਲ ਦੇ ਜਵਾਬ ਵਿਚ ਬਰਾੜ ਨੇ ਦੱਸਿਆ ਕਿ ਇਸ ਬਾਰੇ ਰਿਕਾਰਡ ਦਫ਼ਤਰ ਵਿਚੋਂ ਹੀ ਪਤਾ ਲੱਗ ਸਕਦਾ ਹੈ। ਉਕਤ ਰਿਹਾਇਸ਼ ਦੇ ਪੁਰਾਣੇ ਬਿਜਲੀ ਬਿੱਲਾਂ ਬਾਰੇ ਬਰਾੜ ਨੇ ਦੱਸਿਆ ਕਿ ਇਸ ਬਾਰੇ ਐੱਸ.ਡੀ.ਐੱਮ. ਨਰਿੰਦਰ ਸਿੰਘ ਧਾਲੀਵਾਲ ਨੇ ਇਨਫੋਰਸਮੈਂਟ ਟੀਮ ਨੂੰ ਦੱਸਿਆ ਹੈ ਕਿ ਉਹ ਉਕਤ ਰਿਹਾਇਸ਼ ਵਿਚ ਸਤੰਬਰ ਵਿਚ ਹੀ ਸ਼ਿਫਟ ਹੋਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਅੱਜ ਦੀ ਚੈਕਿੰਗ ਦੌਰਾਨ ਐੱਸ.ਡੀ.ਐੱਮ. ਦਫ਼ਤਰ ਵਿਖੇ ਲੱਗੇ ਇਕ ਮੀਟਰ, ਸੁਵਿਧਾ ਸੈਂਟਰ ਵਿਖੇ ਲੱਗੇ ਇਕ ਮੀਟਰ ਅਤੇ ਖਜ਼ਾਨਾ ਦਫ਼ਤਰ ਵਿਖੇ ਲੱਗੇ ਇਕ ਮੀਟਰ ਦੀ ਵੀ ਜਾਂਚ ਕੀਤੀ ਗਈ ਹੈ ਜੋ ਕਿ ਸਹੀ ਪਾਏ ਗਏ ਹਨ। ਜੁਰਮਾਨੇ ਬਾਰੇ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪਾਵਰਕਾਮ ਦੇ ਸ਼ਹਿਰੀ ਦਫ਼ਤਰ ਵਿਖੇ ਉਕਤ ਲੋਡ ਆਦਿ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਕਤ ਦਫ਼ਤਰ ਵੱਲੋਂ ਹੀ ਜੁਰਮਾਨਾ ਤੈਅ ਕੀਤਾ ਜਾਵੇਗਾ।
ਕੀ ਕਹਿੰਦੇ ਹਨ ਐੱਸ.ਡੀ.ਐੱਮ.
ਇਸ ਸੰਬੰਧੀ ਜਦੋਂ ਐੱਸ.ਡੀ.ਐੱਮ. ਡਾ. ਨਰਿੰਦਰ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਉਕਤ ਕੁੰਡੀ ਕੁਨੈਕਸ਼ਨ ਸੰਬੰਧੀ ਜਾਣਕਾਰੀ ਬਾਰੇ ਸਿਰੇ ਤੋਂ ਨਾਕਾਰਦਿਆਂ ਕਿਹਾ ਕਿ ਅਜਿਹਾ ਕੁਝ ਵੀ ਮੇਰੇ ਧਿਆਨ ਵਿਚ ਨਹੀਂ ਆਇਆ ਅਤੇ ਇਨਫੋਰਸਮੈਂਟ ਟੀਮ ਵੱਲੋਂ ਲੋਡ ਚੈੱਕ ਕਰਨ ਦਾ ਕਿਹਾ ਗਿਆ ਸੀ ਜੋ ਮੈਂ ਚੈਕ ਕਰਵਾ ਦਿੱਤਾ ਸੀ। ਪਿਛਲੇ ਬਿਜਲੀ ਬਿੱਲਾਂ ਦੀ ਅਦਾਇਗੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਧਾਲੀਵਾਲ ਨੇ ਦੱਸਿਆ ਕਿ ਉਹ ਜਦੋਂ ਤੋਂ ਗਿੱਦੜਬਾਹਾ ਵਿਖੇ ਬਤੌਰ ਐੱਸ.ਡੀ.ਐੱਮ. ਤਾਇਨਾਤ ਹੋਏ ਹਨ ਉਦੋਂ ਤੋਂ ਹੀ ਰਾਮਪੁਰਾ ਵਿਖੇ ਰਹਿ ਰਹੇ ਸਨ ਅਤੇ ਅਜੇ ਕੁਝ ਸਮਾਂ ਪਹਿਲਾਂ ਹੀ ਉਕਤ ਰਿਹਾਇਸ਼ 'ਤੇ ਸ਼ਿਫਟ ਹੋਏ ਹਨ ਕਿਉਂਕਿ ਇਸ ਰਿਹਾਇਸ਼ 'ਤੇ ਪਹਿਲਾਂ ਵਾਲੇ ਐੱਸ.ਡੀ.ਐੱਮ. ਸਾਹਿਬ ਦਾ ਸਮਾਨ ਆਦਿ ਪਿਆ ਸੀ। ਉਨ੍ਹਾਂ ਦੱਸਿਆ ਕਿ ਮੈਨੂੰ ਇਸ ਰਿਹਾਇਸ਼ ਵਿਚ ਆਏ ਹੋਏ ਅਜੇ ਇਕ ਮਹੀਨਾ ਹੀ ਹੋਇਆ ਹੈ ਇਸ ਦੌਰਾਨ ਉਨ੍ਹਾਂ ਪਾਸ ਕੋਈ ਵੀ ਬਿੱਲ ਆਦਿ ਨਹੀਂ ਆਇਆ ਹੈ।
ਧੁੱਪੇ ਬੈਠੇ ਮੂੰੰਗਫਲੀਆਂ ਖਾਂਦੇ ਰਹੇ ਅਕਾਲੀ, ਰਾਹ ਬੰਦ ਹੋਣ ਕਾਰਨ ਤਰਲੇ ਕੱਢਦੇ ਰਹੇ ਲੋਕ
NEXT STORY