ਫਾਜ਼ਿਲਕਾ/ਜਲਾਲਾਬਾਦ (ਸੇਤੀਆ) — ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੇ ਕਾਰੋਬਾਰ ਚਲਾਉਣ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਆਪੋ-ਆਪਣਾ ਕਾਰੋਬਾਰ ਚਲਾਉਣ ਲਈ ਮੁਫਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਟ੍ਰੇਨਿੰਗ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਿਟਕੋਣ ਵੱਲੋਂ ਬਾਰਡਰ ਏਰੀਆ ਪ੍ਰੋਗਰਾਮ ਤਹਿਤ ਕਰਵਾਈ ਜਾਂਦੀ ਹੈ। ਇਸ ਤਹਿਤ ਜ਼ਿਲੇ ਦੇ ਸਰਹੱਦੀ ਖੇਤਰ ਦੇ 690 ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਟ੍ਰੇਨਿੰਗ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਦੇ ਕਾਬਲ ਬਣਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਲੈਣ ਉਪਰੰਤ ਸਿਖਿਆਰਥੀਆਂ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਬੈਂਕ ਲੋਨ ਮੁਹੱਈਆ ਕਰਵਾਉਣ 'ਚ ਵੀ ਮਦਦ ਕੀਤੀ ਜਾਂਦੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਨੇਜਰ ਨਿਟਕੋਣ ਪ੍ਰਿੰਸ ਗਾਂਧੀ ਨੇ ਦੱਸਿਆ ਕਿ ਬਾਰਡਰ ਏਰੀਆ ਪ੍ਰੋਗਰਾਮ ਤਹਿਤ ਜ਼ਿਲੇ ਦੇ ਬੇਰੁਜ਼ਗਾਰ ਲੜਕੇ-ਲੜਕੀਆਂ ਲਈ ਵੱਖ-ਵੱਖ ਖੇਤਰਾਂ ਸੰਬੰਧੀ ਤਿੰਨ ਮਹੀਨੇ ਦੀ ਮੁਫਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ । ਇਸ ਟ੍ਰੇਨਿੰਗ ਦੌਰਾਨ ਲੜਕੀਆਂ ਲਈ ਵਿਸ਼ੇਸ਼ ਤੌਰ 'ਤੇ ਕਟਿੰਗ ਟੇਲਰਿੰਗ ਤੇ ਬਿਊਟੀ ਕਲਚਰ ਅਤੇ ਬੇਰੁਜ਼ਗਾਰ ਲੜਕਿਆਂ ਲਈ ਪਲੰਬਰ, ਏ.ਸੀ. ਅਤੇ ਵਾਸ਼ਿੰਗ ਮਸ਼ੀਨ ਆਦਿ ਦੀ ਰਿਪੇਅਰ ਸੰਬੰਧੀ ਤਿੰਨ-ਤਿੰਨ ਮਹੀਨਿਆਂ ਦੀ ਮੁਫਤ ਟ੍ਰੇਨਿੰਗ ਮੁਹੱਈਆ ਕਰਵਾਈ ਜਾਂਦੀ ਹੈ । ਇਹ ਟ੍ਰੇਨਿੰਗ ਜ਼ਿਲੇ ਦੇ ਸਰਹੱਦੀ ਖੇਤਰ ਨਾਲ ਸਬੰਧਤ ਵੱਖ-ਵੱਖ ਪਿੰਡਾਂ 'ਚ ਸਿਖਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਬੇਰੁਜ਼ਗਾਰ ਲੜਕੇ-ਲੜਕੀਆਂ ਟ੍ਰੇਨਿੰਗ ਪ੍ਰਾਪਤ ਕਰਕੇ ਆਪੋ-ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣ।
ਜ਼ਿਲਾ ਕੋਆਰਡੀਨੇਟਰ ਮੈਡਮ ਕਵਿਤਾ ਤੇ ਮਨੀਸ਼ ਭਾਟੀਆ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ 690 ਸਿਖਿਆਰਥੀ ਵੱਖ-ਵੱਖ ਤਰ੍ਹਾਂ ਦੇ ਖੇਤਰਾਂ ਦੀ ਟ੍ਰੇਨਿੰਗ ਹਾਸਲ ਕਰ ਚੁੱਕੇ ਹਨ । ਇਸ ਦੌਰਾਨ ਕਟਿੰਗ ਤੇ ਟੇਲਰਿੰਗ ਲਈ ਜਲਾਲਾਬਾਦ 'ਚ 180 ਲੜਕੀਆਂ, ਫਾਜ਼ਿਲਕਾ ਵਿਖੇ 121 ਲੜਕੀਆਂ ਤੇ ਪੰਜਕੋਸੀ ਵਿਖੇ 60 ਲੜਕੀਆਂ ਟ੍ਰੇਨਿੰਗ ਪ੍ਰਾਪਤ ਕਰ ਚੁੱਕੀਆਂ ਹਨ । ਬਿਊਟੀ ਕਲਰਚ ਲਈ ਬਲਾਕ ਖੂਈਆਂ ਸਰਵਰ ਦੇ ਪਿੰਡ ਤੇਲੂਪੂਰਾ ਵਿਖੇ 132 ਲੜਕੀਆਂ ਨੇ ਟ੍ਰੇਨਿੰਗ ਹਾਸਲ ਕੀਤੀ ਹੈ । ਇਸੇ ਤਰ੍ਹਾਂ ਪਲੰਬਰ ਲਈ ਜਲਾਲਾਬਾਦ ਵਿਖੇ 139 ਲੜਕਿਆਂ ਅਤੇ ਪਿੰਡ ਬਾਧਾ ਖੇਤਰ ਦੇ 58 ਲੜਕਿਆਂ ਵੱਲੋਂ ਏ. ਸੀ. ਤੇ ਵਾਸ਼ਿੰਗ ਮਸ਼ੀਨ ਆਦਿ ਦੀ ਰਿਪੇਅਰਿੰਗ ਲਈ ਟ੍ਰੇਨਿੰਗ ਲਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਪੂਰੀ ਕਰਨ ਉਪਰੰਤ ਸਿਖਲਾਈ ਸਰਟੀਫਿਕੇਟ ਦਿੱਤੇ ਜਾਂਦੇ ਹਨ ਤੇ ਸਰਕਾਰ ਵੱਲੋ ਸਵੈ-ਰੁਜ਼ਗਾਰ ਚਲਾਉਣ ਲਈ ਸਹਿਯੋਗ ਵੀ ਦਿੱਤਾ ਜਾਂਦਾ ਹੈ।
ਸਰਪੰਚ ਸੋਨੂੰ ਚੀਮਾ ਦੀ ਅਗਵਾਈ 'ਚ ਵੰਡੀ ਸਸਤੀ ਕਣਕ
NEXT STORY