ਜਲੰਧਰ (ਰਵਿੰਦਰ ਸ਼ਰਮਾ) — ਗੱਲ ਜੇਕਰ ਨਸ਼ੇ ਦੀ ਹੋਵੇ ਤਾਂ ਸੂਬੇ ਵਿਚ ਸਾਰੇ ਰਾਜਨੀਤਕ ਦਲ ਇਕ ਹੀ ਥਾਲੀ ਦੇ ਚਿੱਟੇ ਵੱਟੇ ਹਨ। ਇਕ ਪਾਸੇ ਜਿੱਥੇ ਸਾਬਕਾ ਅਕਾਲੀ-ਭਾਜਪਾ ਸਰਕਾਰ 'ਤੇ ਨਸ਼ੇ ਨੂੰ ਲੈ ਕੇ ਵਿਰੋਧੀ ਧਿਰ ਨੇ ਕਾਫੀ ਰੌਲਾ ਪਾਇਆ ਸੀ ਤੇ ਹੁਣ 10 ਸਾਲ ਬਾਅਦ ਸੱਤਾ ਵਿਚ ਆਈ ਕਾਂਗਰਸ ਦੇ ਹਾਲਾਤ ਵੀ ਉਸੇ ਤਰ੍ਹਾਂ ਦੇ ਨਜ਼ਰ ਆਉਣ ਲੱਗੇ ਹਨ। ਨਸ਼ੇ ਨੂੰ ਲੈ ਕੇ ਨਾ ਤਾਂ ਸੂਬੇ ਵਿਚ ਕੋਈ ਵਿਆਪਕ ਯੋਜਨਾ ਬਣ ਸਕੀ ਹੈ ਤੇ ਨਾ ਹੀ ਸੂਬੇ ਵਿਚ ਨਸ਼ਾ ਘੱਟ ਹੋਇਆ ਹੈ। ਕਾਂਗਰਸ ਦੇ ਖੁਦ ਦੇ ਬੁਲਾਰੇ ਹੁਣ ਇਥੋਂ ਤੱਕ ਦੋਸ਼ ਲਾਉਣ ਲੱਗੇ ਹਨ ਕਿ ਪੰਜਾਬ ਵਿਚ ਨਸ਼ਾ ਘੱਟ ਨਹੀਂ ਹੋਇਆ ਤੇ ਹੁਣ ਤਾਂ ਪੁਲਸ ਵਾਲੇ ਵੀ ਨਸ਼ਾ ਵਿਕਵਾਉਣ ਲੱਗੇ ਹਨ।
ਸੱਤਾ 'ਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥ ਵਿਚ ਲੈ ਕੇ ਸਹੁੰ ਚੁੱਕੀ ਸੀ ਕਿ ਉਹ ਸੱਤਾ ਵਿਚ ਆਉਣ ਤੋਂ 4 ਹਫਤੇ ਦੇ ਅੰਦਰ ਹੀ ਪੰਜਾਬ ਵਿਚ ਨਸ਼ਿਆਂ ਨੂੰ ਖਤਮ ਕਰ ਦੇਣਗੇ। ਲੋਕਾਂ ਨੇ ਉਨ੍ਹਾਂ ਦੀ ਇਸ ਗੱਲ 'ਤੇ ਵਿਸ਼ਵਾਸ ਜਤਾਇਆ ਕਿਉਂਕਿ 10 ਸਾਲਾਂ ਤੋਂ ਪੰਜਾਬ ਦੀ ਜਨਤਾ ਤੇ ਖਾਸ ਕਰ ਨੌਜਵਾਨਾਂ ਦੇ ਮਾਤਾ-ਪਿਤਾ ਨਸ਼ਿਆਂ ਦੀ ਦਲਦਲ ਤੋਂ ਪ੍ਰੇਸ਼ਾਨ ਹੋ ਚੁੱਕੇ ਸਨ ਤੇ ਕਾਂਗਰਸ ਨੇ ਉਨ੍ਹਾਂ ਨੂੰ ਇਕ ਆਸ ਦੀ ਕਿਰਨ ਵਿਖਾਈ ਸੀ। ਜਨਤਾ ਨੇ ਨਸ਼ਿਆਂ ਖਿਲਾਫ ਫਤਵਾ ਦਿੰਦਿਆਂ ਅਕਾਲੀ-ਭਾਜਪਾ ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਇਆ। ਲੋਕਾਂ ਨੂੰ ਉਮੀਦ ਸੀ ਕਿ ਕਾਂਗਰਸ ਨਸ਼ੇ ਦੇ ਖਾਤਮੇ ਲਈ ਡਟ ਕੇ ਯਤਨ ਕਰੇਗੀ ਤੇ ਕੈਪਟਨ ਆਪਣੀ ਸਹੁੰ ਪੂਰੀ ਕਰਨਗੇ। ਸ਼ੁਰੂਆਤੀ ਦਿਨਾਂ ਵਿਚ ਚੰਗੇ ਨਤੀਜੇ ਵੀ ਨਜ਼ਰ ਆਏ। ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਤੇ ਐੱਸ. ਟੀ. ਐੱਫ. ਨੇ ਕੁਝ ਵੱਡੀਆਂ ਮੱਛੀਆਂ 'ਤੇ ਵੀ ਹੱਥ ਪਾਇਆ ਪਰ ਐੱਸ. ਟੀ. ਐੱਫ. ਦੀ ਅਚਾਨਕ ਚੁੱਪ ਤੇ ਦੁਬਾਰਾ ਸੂਬੇ ਵਿਚ ਨਸ਼ਾ ਸਮੱਗਲਰਾਂ ਦੀ ਸਰਗਰਮੀ ਨੇ ਕਾਂਗਰਸ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਕਾਂਗਰਸ ਦੇ ਇਕ ਬੁਲਾਰੇ ਨੇ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਪੰਜਾਬ ਪੁਲਸ ਖੁਦ ਨਸ਼ਾ ਵਿਕਵਾ ਰਹੀ ਹੈ। ਸੂਬੇ ਦੀਆਂ ਜੇਲਾਂ ਤੋਂ ਆ ਰਹੀ ਰਿਪੋਰਟ ਵੀ ਕੁਝ ਜ਼ਿਆਦਾ ਚੰਗੀ ਨਹੀਂ ਹੈ। ਕਈ ਵੱਡੀਆਂ ਵਾਰਦਾਤਾਂ ਤੋਂ ਬਾਅਦ ਅੱਜ ਵੀ ਜੇਲਾਂ ਅੰਦਰ ਨਸ਼ੇ ਦੀ ਸਪਲਾਈ ਬੇਰੋਕ-ਟੋਕ ਜਾਰੀ ਹੈ।
ਜਦੋਂ ਹੁਣ ਸ਼ਰਾਬ ਨੂੰ ਲੈ ਕੇ ਸੂਬੇ ਦੇ ਵਿੱਤ ਮੰਤਰੀ ਦਾ ਨਵਾਂ ਬਿਆਨ ਆਇਆ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਨਵੀਂ ਪਾਲਿਸੀ ਲਿਆ ਕੇ ਪੰਜਾਬ ਵਿਚ ਸ਼ਰਾਬ ਨੂੰ ਸਸਤਾ ਕੀਤਾ ਜਾਵੇਗਾ। ਅਜਿਹਾ ਬਿਆਨ ਇਸ ਲਈ ਆਇਆ ਹੈ ਕਿ ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਸ਼ਰਾਬ ਬੇਹੱਦ ਮਹਿੰਗੀ ਹੈ। ਮਹਿੰਗੀ ਸ਼ਰਾਬ ਹੋਣ ਕਾਰਨ ਪੰਜਾਬ ਵਿਚ ਸ਼ਰਾਬ ਦੀ ਸੇਲ ਲਗਾਤਾਰ ਘੱਟ ਹੋ ਰਹੀ ਹੈ। ਸਰਕਾਰ ਸ਼ਰਾਬ 'ਤੇ ਵੈਟ ਘੱਟ ਕਰ ਕੇ ਇਸ ਨੂੰ ਸਸਤੀ ਕਰਨ ਦੀ ਯੋਜਨਾ ਬਣਾ ਰਹੀ ਹੈ ਪਰ ਆਪਣੇ ਇਕ ਬਿਆਨ ਤੋਂ ਬਾਅਦ ਸੂਬੇ ਦੇ ਵਿੱਤ ਮੰਤਰੀ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਏ ਹਨ। ਅਕਾਲੀ ਦਲ ਦਾ ਕਹਿਣਾ ਹੈ ਕਿ ਗੁਟਕਾ ਸਾਹਿਬ ਹੱਥਾਂ ਵਿਚ ਲੈ ਕੇ ਸਹੁੰ ਚੁੱਕਣ ਵਾਲਿਆਂ ਨੂੰ ਹੁਣ ਸ਼ਰਾਬ ਦੀ ਘੱਟ ਸੇਲ ਚੁਭਣ ਲੱਗੀ ਹੈ। ਉਹ ਕਹਿੰਦੇ ਹਨ ਕਿ ਅਕਾਲੀ-ਭਾਜਪਾ ਸਰਕਾਰ 'ਤੇ ਕਾਂਗਰਸ ਵਲੋਂ ਲਾਏ ਦੋਸ਼ਾਂ ਵਿਚੋਂ ਇਕ ਵੀ ਸਾਬਿਤ ਨਹੀਂ ਹੋ ਸਕਿਆ ਹੈ। ਜੇਕਰ ਪੰਜਾਬ ਵਿਚ ਇੰਨਾ ਨਸ਼ਾ ਸੀ ਤਾਂ ਕਾਂਗਰਸ ਨੇ ਫੜਿਆ ਕਿਉਂ ਨਹੀਂ ਤੇ ਅਜੇ ਤੱਕ ਸਮੱਗਲਰਾਂ ਨੂੰ ਜੇਲਾਂ ਵਿਚ ਕਿਉਂ ਨਹੀਂ ਡੱਕਿਆ। ਹੁਣ ਤਾਂ ਸ਼ਰਾਬ ਸਸਤੀ ਕਰ ਕੇ ਕਾਂਗਰਸ ਖੁਦ ਹੀ ਨਸ਼ਿਆਂ ਨੂੰ ਬੜ੍ਹਾਵਾ ਦੇਣ ਜਾ ਰਹੀ ਹੈ। ਆਮ ਆਦਮੀ ਪਾਰਟੀ ਦਾ ਵੀ ਕਹਿਣਾ ਹੈ ਕਿ ਕਾਂਗਰਸ ਪੰਜਾਬ ਵਿਚ ਨਸ਼ੇ ਦਾ ਖਾਤਮਾ ਨਹੀਂ ਕਰ ਰਹੀ, ਸਗੋਂ ਨਸ਼ਿਆਂ ਨੂੰ ਬੜ੍ਹਾਵਾ ਦੇ ਰਹੀ ਹੈ। ਹੁਣ ਤਾਂ ਕਾਨੂੰਨ ਵਿਵਸਥਾ ਦੀਆਂ ਵੀ ਧੱਜੀਆਂ ਉੱਡਣ ਲੱਗੀਆਂ ਹਨ ਤੇ ਖਾਕੀ ਵਰਦੀ ਵਿਚ ਹੀ ਪੁਲਸ ਵਾਲੇ ਥਾਣਿਆਂ ਵਿਚ ਜਾਮ ਨਾਲ ਜਾਮ ਟਕਰਾਉਂਦੇ ਹਨ।
ਸਰੇਬਾਜ਼ਾਰ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ
NEXT STORY