ਗੁਰਦਾਸਪੁਰ (ਹਰਮਨ)- ਜ਼ਿਲ੍ਹੇ ਦੇ ਇਕ ਨਗਰ-ਨਿਗਮ ਬਟਾਲਾ ਅਤੇ 6 ਨਗਰ ਕੌਂਸਲਾਂ ਦੇ ਚੋਣ ਨਤੀਜੇ ਨਾ ਸਿਰਫ ਵੱਖ-ਵੱਖ ਪਾਰਟੀਆਂ ਦੇ ਮੌਜੂਦਾ ਜਨਤਕ ਆਧਾਰ ਨੂੰ ਉਜਾਗਰ ਕਰਨਗੇ ਸਗੋਂ ਇਹ ਚੋਣ ਨਤੀਜੇ ਇਸ ਜ਼ਿਲ੍ਹੇ ਦੇ ਕਈ ਦਿੱਗਜ਼ ਆਗੂਆਂ ਦੇ ਸਿਆਸੀ ਵਕਾਰ ਦਾ ਸਵਾਲ ਵੀ ਬਣੇ ਹੋਏ ਹਨ। ਉਂਝ ਤਾਂ ਸਿਆਸੀ ਮਾਹਿਰ ਹਮੇਸ਼ਾਂ ਹੀ ਇਹ ਮੰਨਦੇ ਰਹੇ ਹਨ ਕਿ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਦੇ ਨਤੀਜੇ ਹਮੇਸ਼ਾਂ ਸਤਾਧਾਰੀ ਧਿਰ ਦੇ ਪੱਖ ’ਚ ਹੀ ਰਹਿੰਦੇ ਹਨ ਪਰ ਮੌਜੂਦਾ ਕਾਂਗਰਸ ਸਰਕਾਰ ਦੇ ਕਾਰਜਕਾਲ ’ਚ ਕਾਫੀ ਪੱਛੜ ਕੇ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਸਭ ਤੋਂ ਅਹਿਮ ਇਸ ਕਰ ਕੇ ਮੰਨੇ ਜਾ ਰਹੇ ਹਨ ਕਿਉਂਕਿ ਪੂਰੇ ਇਕ ਸਾਲ ਬਾਅਦ ਪੰਜਾਬ ’ਚ ਮੌਜੂਦਾ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਮੁੜ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੀ ਸਥਿਤੀ ’ਚ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਨੂੰ ਇਕ ਤਰ੍ਹਾਂ ਨਾਲ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦਾ ਸੈਮੀਫਾਈਨਲ ਸਮਝ ਕੇ ਹੀ ਚੋਣ ਮੈਦਾਨ ’ਚ ਡਟੀਆਂ ਹੋਈਆਂ ਸਨ। ਇਸ ਦੇ ਚਲਦਿਆਂ ਵੋਟਾਂ ਪੈਣ ਦੇ ਬਾਅਦ ਹੁਣ ਜਿੱਥੇ ਵੱਖ-ਵੱਖ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਜਿੱਤ ਹਾਰ ਦੀ ਗਿਣਤੀ ਮਿਣਤੀ ਕਰਨ ’ਚ ਰੁਝੀਆਂ ਹੋਈਆਂ ਹਨ, ਉਸ ਦੇ ਨਾਲ ਹੀ ਇਨ੍ਹਾਂ ਪਾਰਟੀਆਂ ਦਾ ਸਭ ਤੋਂ ਜ਼ਿਆਦਾ ਧਿਆਨ ਇਸ ਗੱਲ ’ਤੇ ਕੇਂਦਰਿਤ ਹੋਇਆ ਪਿਆ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਉਨ੍ਹਾਂ ਨੂੰ ਕਿੰਨੇ ਫੀਸਦੀ ਵੋਟਾਂ ਮਿਲਦੀਆਂ ਹਨ?
ਇਹ ਵੀ ਪੜ੍ਹੋ : ਜੈ ਸਿੰਘ ਵਾਲਾ ਦੇ ਦਵਿੰਦਰ ਦੀ ਨਿਊਜ਼ੀਲੈਂਡ ’ਚ ਮੌਤ
ਕਾਂਗਰਸ ਦਾ ਰਿਪੋਰਟ ਕਾਰਡ ਪੇਸ਼ ਕਰਨਗੇ ਚੋਣ ਨਤੀਜੇ
ਕਾਂਗਰਸੀ ਆਗੂਆਂ ਲਈ ਵੀ ਇਹ ਚੋਣਾਂ ਬੇਹੱਦ ਵੱਡੀ ਅਹਿਮੀਅਤ ਰੱਖਦੀਆਂ ਹਨ ਕਿਉਂਕਿ ਸਾਰੇ ਕਾਂਗਰਸੀ ਵਿਧਾਇਕ ਅਤੇ ਕਾਂਗਰਸੀ ਆਗੂ ਆਪਣੇ ਹਲਕਿਆਂ ਅਤੇ ਸ਼ਹਿਰਾਂ ’ਚ ਵੱਡੇ ਵਿਕਾਸ ਦੇ ਦਾਅਵੇ ਕਰ ਰਹੇ ਹਨ। ਅਜਿਹੀ ਸਥਿਤੀ ’ਚ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਲੋਕਾਂ ਨੇ ਕਾਂਗਰਸ ਦੇ ਇਨ੍ਹਾਂ ਦਾਅਵਿਆਂ ਨੂੰ ਕਿੰਨਾ ਪ੍ਰਵਾਨ ਕੀਤਾ ਹੈ ਅਤੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕ ਕਿਸ ਹੱਦ ਤੱਕ ਸੰਤੁਸ਼ਟ ਹਨ? ਇਸ ਕਾਰਣ ਇਹ ਚੋਣ ਨਤੀਜੇ ਕਾਂਗਰਸ ਦਾ ਰਿਪੋਰਟ ਕਾਰਡ ਪੇਸ਼ ਕਰਨਗੇ। ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਕੈਪਟਨ ਸਰਕਾਰ ਹੀ ਅਜਿਹੀ ਸਰਕਾਰ ਹੈ, ਜਿਸ ਨੇ ਆਪਣੀ ਕਹਿਣੀ ਅਤੇ ਕਰਨੀ ਨੂੰ ਇਕ ਕਰ ਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵਿਕਾਸ ਦੇ ਆਧਾਰ ’ਤੇ ਵੋਟਾਂ ਮੰਗੀਆਂ ਹਨ ਅਤੇ ਲੋਕਾਂ ਨੇ ਕਾਂਗਰਸ ਨੂੰ ਪੂਰਾ ਪਿਆਰ ਅਤੇ ਸਮਰਥਨ ਦਿੱਤਾ ਹੈ।
ਇਹ ਵੀ ਪੜ੍ਹੋ : ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ, ਪਿਉ ਨੇ ਗੋਲ਼ੀ ਮਾਰ ਕੇ ਕਤਲ ਕੀਤਾ ਪੁੱਤ
ਅਕਾਲੀ ਦਲ ਲਈ ਚੋਣ ਨਤੀਜਿਆਂ ਦੀ ਅਹਿਮੀਅਤ
ਅਕਾਲੀ ਦਲ ਅਤੇ ਭਾਜਪਾ ਲਈ ਵੀ ਇਹ ਚੋਣਾਂ ਬੇਹੱਦ ਅਹਿਮ ਹਨ ਕਿਉਂਕਿ 2017 ਵਿਚ ਹੋਈ ਵੱਡੀ ਹਾਰ ਤੋਂ ਬਾਅਦ ਹੁਣ ਤੱਕ ਅਕਾਲੀ ਦਲ ਅਤੇ ਭਾਜਪਾ ਵੱਲੋਂ ਇਕੱਠੇ ਹੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਈ ਜਾ ਰਹੀ ਸੀ ਪਰ ਖੇਤੀ ਕਾਨੂੰਨਾਂ ਤੋਂ ਬਾਅਦ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਕੇ ਅਕਾਲੀ ਦਲ ਇਕੱਲਾ ਹੀ ਚੋਣ ਮੈਦਾਨ ’ਚ ਕੁੱਦਿਆ ਹੋਇਆ ਸੀ, ਜਿਸ ਲਈ ਭਾਜਪਾ ਦੇ ਬਗੈਰ ਸ਼ਹਿਰੀ ਖੇਤਰ ’ਚ ਆਪਣੀ ਪੈਂਠ ਨੂੰ ਬਣਾਈ ਰੱਖਣਾ ਵੱਡੀ ਚੁਣੌਤੀ ਤੋਂ ਘੱਟ ਨਹੀਂ ਸੀ। ਅਜਿਹੀ ਸਥਿਤੀ ’ਚ ਹੁਣ ਪੂਰੇ ਜ਼ਿਲ੍ਹੇ ’ਚ ਅਕਾਲੀ ਦਲ ਨੇ 120 ਉਮੀਦਵਾਰ ਉਤਾਰੇ ਸਨ ਅਤੇ ਅਕਾਲੀ ਦਲ ਲਈ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰੀ ਖੇਤਰ ’ਚ ਹੁਣ ਭਾਜਪਾ ਤੋਂ ਬਿਨਾਂ ਚੋਣਾਂ ਲੜਨ ਵਾਲੇ ਅਕਾਲੀ ਦਲ ਨੂੰ ਕਿੰਨੇ ਫ਼ੀਸਦੀ ਵੋਟਾਂ ਮਿਲਦੀਆਂ ਹਨ? ਗੁਰਦਾਸਪੁਰ ’ਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ, ਬਟਾਲਾ ’ਚ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਅਤੇ ਫਤਿਹਗੜ੍ਹ ਚੂੜੀਆਂ ’ਚ ਰਵੀਕਰਨ ਸਿੰਘ ਕਾਹਲੋਂ ਵਰਗੇ ਕਈ ਸੀਨੀਅਰ ਆਗੂਆਂ ਦਾ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ : ਇਕੱਠਿਆਂ ਹੋਇਆ ਮਾਂ-ਧੀ ਦਾ ਸਸਕਾਰ, ਲਾੜੀ ਬਣਾ, ਲਾਲ ਫੁਲਕਾਰੀ ਨਾਲ ਦਿੱਤੀ ਕੁੜੀ ਨੂੰ ਅੰਤਿਮ ਵਿਦਾਈ
ਭਾਜਪਾ ਲਈ ਦੋਹਰੀ ਚੁਣੌਤੀ
ਖੇਤੀ ਕਾਨੂੰਨਾਂ ਕਾਰਣ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਵੱਡੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਰਤੀ ਜਨਤਾ ਪਾਰਟੀ ਲਈ ਇਸ ਵਾਰ ਦੋਹਰੀ ਚੁਣੌਤੀ ਬਣੀ ਹੋਈ ਸੀ ਕਿਉਂਕਿ ਇਕ ਪਾਸੇ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਪਹਿਲੀ ਵਾਰ ਮੁੜ ਭਾਜਪਾ ਚੋਣ ਮੈਦਾਨ ’ਚ ਸੀ ਅਤੇ ਦੂਸਰੇ ਪਾਸੇ ਭਾਜਪਾ ਨੂੰ ਖੇਤੀ ਕਾਨੂੰਨਾਂ ਕਾਰਣ ਵੱਖ-ਵੱਖ ਵਰਗਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਹੈ। ਅਜਿਹੀ ਸਥਿਤੀ ’ਚ ਭਾਜਪਾ ਦੇ ਚੋਣ ਨਤੀਜੇ ਵੀ ਇਕ ਤਰ੍ਹਾਂ ਨਾਲ ਸਥਿਤੀ ਨੂੰ ਸਪੱਸ਼ਟ ਕਰਨਗੇ ਕਿ ਖੇਤੀ ਕਾਨੂੰਨਾਂ ਦੇ ਬਾਅਦ ਭਾਜਪਾ ਦੀ ਮੌਜੂਦਾ ਸਥਿਤੀ ਕੀ ਹੈ?
ਇਹ ਵੀ ਪੜ੍ਹੋ : ਸ਼ਰਮਨਾਕ ! ਦਿਓਰ ਨਾਲ ਮਿਲ ਭਰਜਾਈ ਨਾ ਚਾੜ੍ਹਿਆ ਚੰਨ, ਭਾਲ 'ਚ ਪੁਲਸ
‘ਆਪ’ ਦੀ ਮੌਜੂਦਾ ਸਥਿਤੀ ਹੋਵੇਗੀ ਉਜਾਗਰ
ਆਮ ਆਦਮੀ ਪਾਰਟੀ ਵੀ ਪੰਜਾਬ ’ਚ ਅਗਲੇ ਸਾਲ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ, ਜਿਸ ਨੇ ਇਨ੍ਹਾਂ ਚੋਣਾਂ ਦੌਰਾਨ ਆਪਣੀ ਸਥਿਤੀ ਪਰਖਣ ਅਤੇ ਆਪਣੇ ਹੱਕ ’ਚ ਲੋਕਾਂ ਨੂੰ ਲਾਮਬੱਧ ਕਰਨ ਲਈ ਪੂਰਾ ਡਟ ਕੇ ਚੋਣ ਪ੍ਰਚਾਰ ਕੀਤਾ ਹੈ। ਅਜਿਹੀ ਸਥਿਤੀ ’ਚ ਹੁਣ ਭਾਜਪਾ ਆਮ ਆਦਮੀ ਪਾਰਟੀ ਨੂੰ ਮਿਲਣ ਮਿਲਣ ਵਾਲਾ ਵੋਟ ਬੈਂਕ ਵੀ ਇਸ ਪਾਰਟੀ ਦੀ ਮੌਜੂਦਾ ਸਥਿਤੀ ਨੂੰ ਉਜਾਗਰ ਕਰੇਗਾ। ‘ਆਪ’ ਦੇ ਆਗੂ ਭਾਰਤ ਭੂਸ਼ਣ ਨੇ ਕਿਹਾ ਕਿ ਉਹ ਇਕ ਬਦਲਾਅ ਦਾ ਸੱਦਾ ਲੈ ਕੇ ਲੋਕਾਂ ’ਚ ਗਏ ਹਨ, ਜਿਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਪਰਿਵਰਤਨ ਦਾ ਮਨ ਬਣਾ ਚੁੱਕੇ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵੈਸ਼ਨੋ ਦੇਵੀ ਜਾ ਰਹੇ ਕਾਰ ਸਵਾਰਾਂ ਨਾਲ ਹਾਈਵੇ ’ਤੇ ਵਾਪਰਿਆ ਹਾਦਸਾ, ਹੋਏ ਜ਼ਖ਼ਮੀ
NEXT STORY