ਜਲਾਲਾਬਾਦ (ਸੇਤੀਆ) : ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਪਿਛਲੇ ਸਾਲ ਆਏ ਮਾੜੇ ਨਤੀਜੇ ਅਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਬੇਨਿਯਮੀਆਂ ਵਿਰੁੱਧ ਪ੍ਰੈਸ ਵੈਲਫੇਅਰ ਸੁਸਾਇਟੀ ਜਲਾਲਾਬਾਦ ਇਕਜੁੱਟ ਹੋਈ ਹੈ ਅਤੇ ਇਨ੍ਹਾਂ ਬੇਨਿਯਮੀਆਂ ਦੇ ਕਾਰਨਾਂ ਦੀ ਘੋਖ ਕਰਦੇ ਹੋਏ ਸੁਸਾਇਟੀ ਨੇ ਪ੍ਰਿੰਸੀਪਲ ਚੰਦਰਕਾਂਤਾ ਖੇੜਾ ਦਾ ਤਬਾਦਲਾ ਕਰਵਾਉਣ ਦੀ ਮੰਗ ਕੀਤੀ ਹੈ। ਅੱਜ ਸੁਸਾਇਟੀ ਦੇ ਸਾਬਕਾ ਪ੍ਰਧਾਨ ਹੈਪੀ ਕਾਠਪਾਲ ਦੀ ਦੁਕਾਨ 'ਤੇ ਪ੍ਰਧਾਨ ਟਿੰਕੂ ਨਿਖੰਜ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿਚ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਸ ਗੰਭੀਰ ਮੁੱਦੇ 'ਤੇ ਵਿਚਾਰ ਵਟਾਂਦਰਾ ਕੀਤਾ। ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਉਕਤ ਸਕੂਲ ਵਿਚ ਹੋ ਰਹੀਆਂ ਬੇਨਿਯਮੀਆਂ ਵਿਰੁੱਧ ਜ਼ਿਲਾ ਸਿੱਖਿਆ ਅਫਸਰ ਨੂੰ ਲਿਖਿਆ ਜਾਵੇ ਅਤੇ ਪ੍ਰਿੰਸੀਪਲ ਦੀ ਬਦਲੀ ਕਰਵਾਉਣ ਦੀ ਮੰਗ ਕੀਤੀ ਜਾਵੇ। ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਇਕ ਸ਼ਿਕਾਇਤ ਪੱਤਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਨੂੰ ਲਿਖਦੇ ਹੋਏ ਦੱਸਿਆ ਕਿ ਉਕਤ ਪ੍ਰਿੰਸੀਪਲ ਪਿਛਲੇ ਕਈ ਸਾਲਾਂ ਤੋਂ ਜਲਾਲਾਬਾਦ ਸ਼ਹਿਰ ਦੇ ਸਰਕਾਰੀ ਕੰਨਿਆਂ ਸਕੂਲ ਜੋ ਕਿ ਉਨ੍ਹਾਂ ਦੇ ਘਰ ਦੇ ਬਿਲਕੁਲ ਨਜ਼ਦੀਕ ਹੈ, ਵਿਚ ਬਤੌਰ ਪ੍ਰਿੰਸੀਪਲ ਕੰਮ ਕਰ ਰਹੇ ਹਨ।
ਪ੍ਰਿੰਸੀਪਲ ਸਕੂਲ ਵਿਚ ਘੱਟ ਅਤੇ ਆਪਣੇ ਘਰ ਵਿਚ ਜ਼ਿਆਦਾ ਰਹਿੰਦੇ ਹਨ, ਜਿਸ ਕਾਰਨ ਸਕੂਲ ਵਿਚ ਬਹੁਤ ਸਾਰੀਆਂ ਬੇਨਿਯਮੀਆਂ ਅਕਸਰ ਦੇਖਣ ਨੂੰ ਮਿਲਦੀਆਂ ਹਨ। ਪੱਤਰ ਵਿਚ ਲਿਖਿਆ ਗਿਆ ਹੈ ਕਿ ਪ੍ਰਿੰਸੀਪਲ ਨੇ ਅਧਿਆਪਕਾਂ, ਵਿਦਿਆਰਥਣਾਂ ਅਤੇ ਮਾਪਿਆਂ ਵਿਚਕਾਰ ਅਜਿਹਾ ਮਾਹੌਲ ਬਣਾ ਰੱਖਿਆ ਹੈ ਕਿ ਕੋਈ ਵੀ ਵਿਅਕਤੀ ਉਨ੍ਹਾਂ ਦੇ ਵਿਰੁੱਧ ਆਵਾਜ਼ ਚੁੱਕਣ ਤੋਂ ਡਰਦਾ ਹੈ, ਜਿਸ ਕਾਰਨ ਪ੍ਰਿੰਸੀਪਲ ਆਪਣੀ ਮਨਮਾਨੀ ਕਰਦੀ ਹੈ ਅਤੇ ਬੱਚਿਆਂ ਦਾ ਭਵਿੱਖ ਧੁੰਦਲਾ ਹੁੰਦਾ ਜਾ ਰਿਹਾ ਹੈ। ਪ੍ਰੈਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਟਿੰਕੂ ਨਿਖੰਜ ਨੇ ਕਿਹਾ ਕਿ ਪਹਿਲਾਂ ਜ਼ਿਲਾ ਸਿੱਖਿਆ ਅਫਸਰ ਨੂੰ ਇਹ ਪੱਤਰ ਲਿਖ ਕੇ ਮੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਕਾਰਵਾਈ ਨਾ ਹੋਈ ਤਾਂ ਜ਼ਿਲਾ ਡਿਪਟੀ ਕਮਿਸ਼ਨਰ ਅਤੇ ਸਿੱਖਿਆ ਮੰਤਰੀ ਨੂੰ ਮਿਲ ਕੇ ਇਹ ਮੁੱਦਾ ਚੁੱਕਿਆ ਜਾਵੇਗਾ ਅਤੇ ਜੇਕਰ ਫਿਰ ਵੀ ਪ੍ਰਿੰਸੀਪਲ ਦਾ ਤਬਾਦਲਾ ਨਾ ਹੋਇਆ ਤਾਂ ਸੁਸਾਇਟੀ ਹੋਰ ਵੱਡਾ ਸੰਘਰਸ਼ ਉਲੀਕਣ ਵਿਚ ਵੀ ਦੇਰੀ ਨਹੀਂ ਕਰੇਗੀ। ਮੀਟਿੰਗ ਵਿੱਚ ਅਸ਼ਵਨੀ ਕਾਠਪਾਲ, ਅਸ਼ਵਨੀ ਕੁੱਕੜ, ਹੈਪੀ ਕਾਠਪਾਲ, ਟੋਨੀ ਛਾਬੜਾ, ਵਿਜੇ ਹਾਂਡਾ, ਜਤਿੰਦਰਪਾਲ ਸਿੰਘ ਮਦਾਨ, ਸੰਦੀਪ ਛਾਬੜਾ, ਬੰਟੀ ਦਹੂਜਾ, ਵਿੱਕੀ ਡੂਮੜਾ ਆਦਿ ਮੌਜੂਦ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਦੀ ਲਹਿਰ ਨੂੰ ਕੀਤਾ ਗਿਆ ਤੇਜ਼
NEXT STORY