ਸ੍ਰੀ ਅਨੰਦਪੁਰ ਸਾਹਿਬ (ਦਲਜੀਤ)— ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਬਾਦਲਾਂ ਨੇ ਕੀਤਾ ਹੈ, ਜਿਸ ਲਈ ਸੂਬੇ ਦੇ ਲੋਕ ਅਤੇ ਸਮੁੱਚੀ ਸਿੱਖ ਕੌਮ ਬਾਦਲ ਪਰਿਵਾਰ ਨੂੰ ਕਦੇ ਮੁਆਫ ਨਹੀਂ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਅਤੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅੱਜ ਨਵੇਂ ਸਾਲ ਦੇ ਮੌਕੇ ਆਪਣੇ ਸਾਥੀਆਂ ਸਮੇਤ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਏ ਸੇਖਵਾਂ ਨੇ ਤਖਤ ਸਾਹਿਬ ਦੇ ਸੂਚਨਾ ਦਫਤਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਆਪਣੀਆਂ ਗਲਤ ਪਾਲਸੀਆਂ, ਪੁਰਾਣੇ ਅਤੇ ਟਕਸਾਲੀ ਵਰਕਰਾਂ ਦੀ ਥਾਂ ਸਰਮਾਏਦਾਰਾਂ ਨੂੰ ਅੱਗੇ ਕਰਨ ਦੀ ਵਜ੍ਹਾ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸੂਬੇ ਅੰਦਰ ਬੁਰਾ ਹਾਲ ਹੋਇਆ ਪਿਆ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ 'ਚ ਡੋਬਣ, ਸੌਦਾ ਸਾਧ ਨੂੰ ਬਿਨਾਂ ਮੰਗੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦੇਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਰਗਾੜੀ 'ਚ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੀਆਂ ਸਿੱਖ ਸੰਗਤਾਂ 'ਤੇ ਗੋਲੀ ਚਲਾ ਕੇ ਸਿੱਖ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਨ ਲਈ ਸਿੱਧੇ ਤੌਰ 'ਤੇ ਬਾਦਲ ਪਿਉ-ਪੁੱਤਰ ਦੋਸ਼ੀ ਹਨ।
ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਲਈ ਦੋਵੇਂ ਪਾਸੇ ਦੀਆਂ ਸਰਕਾਰਾਂ ਦਾ ਜਿੱਥੇ ਸੇਖਵਾਂ ਨੇ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਇਸ ਕੋਰੀਡੋਰ ਨੂੰ ਖੁੱਲ੍ਹਵਾਉਣ ਲਈ ਬਾਦਲ ਪਿਉ-ਪੁੱਤਰ ਚੀਚੀ 'ਤੇ ਖੂਨ ਲਾ ਕੇ ਇਸ ਦਾ ਸਿਹਰਾ ਆਪਣੇ ਸਿਰ ਲੈਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ ਜਦਕਿ ਇਸ ਅਹਿਮ ਪ੍ਰਾਪਤੀ ਲਈ ਬਾਦਲਾਂ ਦਾ ਕੋਈ ਯੋਗਦਾਨ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਬਾਦਲਾਂ ਦੇ ਰਾਜ 'ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੇ ਹੋਏ ਹੁਕਮਨਾਮੇ ਵੀ ਬਦਲ ਦਿੱਤੇ ਜਾਂਦੇ ਰਹੇ ਸਨ।
ਪੰਜਾਬ ਦੀ ਕੈਪਟਨ ਸਰਕਾਰ ਨੂੰ ਨਿਕੰਮੀ ਦੱਸਦਿਆਂ ਸੇਖਵਾਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ 'ਤੇ ਵਿਸ਼ਵਾਸ ਕੀਤਾ ਸੀ ਪਰ ਸਰਕਾਰ ਬਣਨ ਉਪਰੰਤ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦਿਆਂ ਤੋਂ ਸ਼ਰੇਆਮ ਮੁਕਰ ਗਏ। ਰਾਜ ਦਾ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋ ਰਹੀ ਪੰਜਾਬ ਸਰਕਾਰ ਸਬੰਧੀ ਸੇਖਵਾਂ ਨੇ ਕਿਹਾ ਕਿ ਪੰਜਾਬ ਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਿਰਫ ਨਾਮ ਦਾ ਹੀ ਸਿੱਖ ਹੈ ਜਦਕਿ ਉਸ ਦੀ ਸੋਚ ਕਾਮਰੇਡੀ ਹੈ। ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦੇ ਸਵਾਲ 'ਤੇ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਹ ਚੋਣਾਂ ਲੜੇਗੀ ਅਤੇ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ।
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ, ਸ਼੍ਰੋਮਣੀ ਕਮੇਟੀ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਔਲਖ, ਮਨਦੀਪ ਸਿੰਘ ਖਿਜਰਾਬਾਦ, ਮੇਜਰ ਸਿੰਘ, ਜਸਬੀਰ ਸਿੰਘ, ਜਗਤਾਰ ਸਿੰਘ, ਹਰਜੀਤ ਸਿੰਘ, ਸਾਹਿਬ ਸਿੰਘ ਬਡਾਲੀ, ਸੁਰਿੰਦਰ ਸਿੰਘ ਕ੍ਰਿਸ਼ਨਪੁਰਾ, ਤਜਿੰਦਰ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।
'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਨੂੰ ਬੈਨ ਕਰਨ ਦੀ ਤਿਆਰੀ 'ਚ ਪੰਜਾਬ ਸਰਕਾਰ!
NEXT STORY