ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦਾ ਸਬੰਧ ਗੁਰੂ ਘਰ ਨਾਲ ਪੁਰਾਣਾ ਤੁਰਿਆ ਆਉਂਦਾ ਹੈ। ਇਸ ਪਰਿਵਾਰ ਨੇ ਗੁਰੂ ਘਰ ਲਈ ਹੱਸ ਹੱਸ ਬੇਅੰਤ ਸ਼ਹਾਦਤਾਂ ਦਿੱਤੀਆਂ ਹਨ। ਭਾਈ ਮੂਲਾ ਜੀ ਦੇ 14 ਪੁੱਤਰ ਸਨ, ਜਿਨ੍ਹਾਂ ਵਿਚੋਂ 'ਭਾਈ ਬੱਲੂ ਜੀ' ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਸਨ;ਇਹ ਗੁਰੂ ਹਰਿਗੋਬਿੰਦ ਸਾਹਿਬ ਦੇ ਪਰਮ ਸੇਵਕਾਂ ਤੇ ਫ਼ੌਜੀ ਜਰਨੈਲਾਂ ਵਿਚੋਂ ਇੱਕ ਸਨ। ਭਾਈ ਬੱਲੂ ਜੀ ਬਹੁਤ ਬਹਾਦਰੀ ਨਾਲ ਅੰਮ੍ਰਿਤਸਰ ਦੀ ਜੰਗ ਵਿਚ ਵੈਰੀ ਦੇ ਆਹੂ ਲਾਂਦਿਆਂ ਸ਼ਹੀਦ ਹੋਏ ਸਨ। ਭਾਈ ਬੱਲੂ ਜੀ ਦੇ ਪੁੱਤਰ ਭਾਈ ਮਾਈ ਦਾਸ ਜੀ ਘਰ 'ਭਾਈ ਮਨੀ ਸਿੰਘ ਜੀ' ਹੁਣਾਂ ਦਾ ਜਨਮ ਮਧਰੀ ਬਾਈ ਦੀ ਕੁੱਖੋਂ ਪਿੰਡ 'ਅਲੀਪੁਰ' (ਪੱਛਮੀ ਪੰਜਾਬ, ਪਾਕਿਸਤਾਨ) ਵਿਖੇ 10 ਮਾਰਚ 1644 ਈਸਵੀ ਨੂੰ ਹੋਇਆ। ਭਾਈ ਮਨੀ ਸਿੰਘ ਜੀ ਹੁਣੀ 12 ਭਰਾ ਸਨ। ਜਿਨ੍ਹਾਂ ਵਿਚੋਂ ਇੱਕ 'ਭਾਈ ਅਮਰ ਚੰਦ' ਛੋਟੀ ਉਮਰ ਵਿਚ ਅਕਾਲ ਚਲਾਣਾ ਕਰ ਗਏ ਸਨ ; ਬਾਕੀ ਭਾਈ ਮਨੀ ਸਿੰਘ ਹੁਣਾ ਸਮੇਤ 11 ਭਰਾ ਗੁਰੂ ਘਰ ਦੀ ਖਿਦਮਤ ਕਰਦਿਆਂ ਸ਼ਹੀਦ ਹੋਏ।
ਭਾਈ ਮਨੀ ਸਿੰਘ ਜੀ ਸਮੇਤ ਉਹਨਾਂ ਦੇ ਸ਼ਹੀਦ ਭਰਾਵਾਂ ਦੇ ਨਾਮ ਤੇ ਸ਼ਹੀਦੀ:-
1.ਭਾਈ ਦਿਆਲਾ ਜੀ, ਦਿੱਲੀ ,11 ਨਵੰਬਰ 1675 ਈਸਵੀ
2.ਭਾਈ ਹਠੀ ਚੰਦ , ਭੰਗਾਣੀ ਯੁਧ, ਸਤੰਬਰ 1688 ਈਸਵੀ
3.ਭਾਈ ਸੋਹਣ ਚੰਦ , ਨਦੌਣ ਯੁਧ , ਮਾਰਚ 1691 ਈਸਵੀ
4.ਭਾਈ ਲਹਿਣਾ ਜੀ, ਗੁਲੇਰ ਯੁਧ, ਫਰਵਰੀ 1696 ਈਸਵੀ
5.ਭਾਈ ਦਾਨ ਸਿੰਘ , ਚਮਕੌਰ ਯੁਧ,ਦਸੰਬਰ 1704 ਈਸਵੀ
6.ਭਾਈ ਰਾਇ ਸਿੰਘ, ਖਿਦਰਾਣੇ ਦੀ ਢਾਬ, 1705 ਈਸਵੀ
7.ਭਾਈ ਮਾਨ ਸਿੰਘ , ਚਿਤੌੜਗੜ੍ਹ , ਅਪ੍ਰੈਲ 1708 ਈਸਵੀ
8.ਭਾਈ ਜੇਠਾ ਸਿੰਘ , ਆਲੋਵਾਲ,ਅਕਤੂਬਰ 1711 ਈਸਵੀ
9.ਭਾਈ ਰੂਪ ਸਿੰਘ , ਆਲੋਵਾਲ , ਅਕਤੂਬਰ 1711 ਈਸਵੀ
10.ਭਾਈ ਮਨੀ ਸਿੰਘ , ਲਾਹੌਰ, 1734 ਈਸਵੀ
11.ਭਾਈ ਜਗਤ ਸਿੰਘ , ਲਾਹੌਰ , 1734 ਈਸਵੀ
ਭਾਈ ਸਾਹਿਬ ਦੇ ਪੁੱਤਰਾਂ ਦੀ ਸ਼ਹਾਦਤ
ਭਾਈ ਮਨੀ ਸਿੰਘ ਜੀ 13 ਸਾਲ ਦੀ ਉਮਰ ਵਿਚ ਗੁਰੂ ਹਰਿ ਰਾਇ ਸਾਹਿਬ ਜੀ ਦੀ ਖਿਦਮਤ ਵਿਚ ਆਏ। ਕੀਰਤਪੁਰ ਵਿਚ ਦੋ ਸਾਲ ਤੱਕ ਮਨੀ ਰਾਮ (ਸਿੰਘ ਸ਼ਬਦ 1699 ਦੀ ਵੈਸਾਖੀ ਤੋਂ ਬਾਅਦ ਪਾਹੁਲ ਧਾਰੀ ਸਿੱਖਾਂ ਲਈ ਇਹ ਲਾਜ਼ਮ ਹੋਇਆ) ਜੀ ਸੇਵਾ ਕਰਦੇ ਰਹੇ। 15 ਸਾਲ ਦੀ ਉਮਰ ਵਿਚ ਭਾਈ ਮਨੀ ਰਾਮ ਦਾ ਵਿਆਹ ਖ਼ੈਰਪੁਰ ਸਾਦਾਤ (ਪੱਛਮੀ ਪੰਜਾਬ , ਪਾਕਿਸਤਾਨ) ਦੇ ਭਾਈ ਲਖੀਏ (ਭਾਈ ਲਖੀ ਸ਼ਾਹ ਵਣਜਾਰਾ , ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸਸਕਾਰ ਕੀਤਾ ਸੀ , ਆਪਣੇ ਘਰ ਨੂੰ ਅੱਗ ਲਗਾ , ਜਿੱਥੇ ਅੱਜਕਲ੍ਹ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਿਆ ਹੋਇਆ ਹੈ) ਦੀ ਧੀ ਬੀਬੀ ਸੀਤੋ (ਪਾਹੁਲ ਲੈਣ ਤੋਂ ਬਾਅਦ ਬਸੰਤ ਕੌਰ) ਨਾਲ ਹੋਇਆ। ਭਾਈ ਮਨੀ ਸਿੰਘ ਦੇ ਘਰ 10 ਪੁੱਤਰ ਪੈਦਾ ਹੋਏ; ਜਿਨ੍ਹਾਂ ਵਿਚੋਂ 6 ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੀ ਖਿਦਮਤ ਕਰਦਿਆਂ ਸ਼ਹੀਦ ਹੋਏ। ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-
ਭਾਈ ਭਗਵਾਨ ਸਿੰਘ, ਫਤਹਗੜ੍ਹ, 1700
ਭਾਈ ਉਦੈ ਸਿੰਘ , ਸ਼ਾਹੀ ਟਿੱਬੀ, 1704
ਭਾਈ ਬਚਿੱਤਰ ਸਿੰਘ, ਕੋਟਲਾ ਨਿਹੰਗ ਖ਼ਾਂ, 1704
ਭਾਈ ਅਨਿਕ ਸਿੰਘ,ਚਮਕੌਰ ਦੀ ਗੜ੍ਹੀ, 1704
ਭਾਈ ਅਜਬ ਸਿੰਘ,ਚਮਕੌਰ ਦੀ ਗੜ੍ਹੀ,1704
ਭਾਈ ਅਜਾਇਬ ਸਿੰਘ, ਚਮਕੌਰ ਦੀ ਗੜ੍ਹੀ,1704
ਇਸਤੋਂ ਬਿਨਾਂ ਹੋਰ ਦੋ ਪੁੱਤਰ 'ਭਾਈ ਚਿਤ੍ਰ ਸਿੰਘ' ਅਤੇ 'ਭਾਈ ਗੁਰਬਖਸ਼ ਸਿੰਘ' , ਭਾਈ ਮਨੀ ਸਿੰਘ ਹੁਣਾਂ ਨਾਲ ਹੀ ਨਖ਼ਾਸ ਚੌਂਕ , ਲਾਹੌਰ ਸ਼ਹੀਦ ਹੋਏ। ਆਪ ਦੋ ਹੋਰ ਪੁੱਤਰ ਭਾਈ ਬਲਰਾਮ ਸਿੰਘ ਤੇ ਦੇਸਾ ਸਿੰਘ (ਕੁਝ ਦਾ ਮੰਨਣਾ ਇਹ ਰਹਿਤਨਾਮੇ ਵਾਲੇ ਦੇਸਾ ਸਿੰਘ ਹਨ) ਨੇ ਵੀ ਖਾਲਸਾ ਪੰਥ ਦੀ ਬਹੁਤ ਸੇਵਾ ਕੀਤੀ ਜੋ ਕਥਨ ਤੋਂ ਪਰ੍ਹੇ ਹੈ।
ਗੁਰੂ ਘਰ ਦੀ ਸੇਵਾ
ਭਾਈ ਮਨੀ ਸਿੰਘ ਜੀ, ਗੁਰੂ ਹਰਿ ਰਾਏ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ , ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਸੇਵਾ ਵਿਚ ਰਹੇ । ਸੱਚੇਪਾਤਸ਼ਾਹ ਨਾਲ ਦਿੱਲੀ ਵੀ ਗਏ। ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਪਿੱਛੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਖਿਦਮਤ ਵਿਚ ਆਪ ਜੁਟ ਗਏ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਕਰਨ ਦਾ ਸੁਭਾਗ ਆਪ ਨੂੰ ਮਿਲਿਆ। ਭਾਈ ਮਨੀ ਸਿੰਘ ਜੀ ਜਿੱਥੇ ਨਿਮਰ ਸੇਵਕ , ਉਤਮ ਜੰਗਜੂ, ਨਾਮ ਅਭਿਆਸੀ ਆਦਿ ਗੁਣਾਂ ਨਾਲ ਨਕਾ ਨਕ ਭਰੇ ਸਨ , ਉਥੇ ਹੀ ਉਤਮ ਵਕਤਾ ਤੇ ਲਿਖਾਰੀ ਵੀ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਚੱਕ ਨਾਨਕੀ ਵਿਖੇ ਹੀ ਸਿੰਘਾਸਣ ਦਮਦਮਾ ਦੇ ਸਥਾਨ ਉਪਰ ਭਾਈ ਮਨੀ ਸਿੰਘ ਹੁਣਾਂ ਦੁਆਰਾ 'ਗੁਰੂ ਤੇਗ ਬਹਾਦਰ ਸਾਹਿਬ ' ਜੀ ਦੀ ਰਚਨਾ ਆਦਿ ਗ੍ਰੰਥ ਵਿਚ ਚੜ੍ਹਵਾਈ ਗਈ। ਇਹ ਉਦਮ 1678 ਤੋਂ ਪਹਿਲਾਂ ਹੀ ਸੰਪੂਰਨ ਹੋ ਗਿਆ। ਇਸੇ ਲਈ ਇਸਨੂੰ ਦਮਦਮੀ ਸਰੂਪ ਵੀ ਕਿਹਾ ਜਾਂਦਾ ਹੈ। ਜਦ ਭਾਈ ਮਨੀ ਸਿੰਘ ਜੀ ਰਾਮ ਰਾਇ ਦੀ ਪਹਿਲੀ ਬਰਸੀ 'ਤੇ ਖੁਰਵੱਧੀ ਗਏ ਤਾਂ ਸਮਾਪਤੀ ਤੇ ਮਸੰਦ ਗੁਰਬਖਸ਼ , ਗੁਰੂ ਸਾਹਿਬ ਦੀ ਸ਼ਾਨ ਵਿਚ ਕੁਝ ਵਧ ਘੱਟ ਬੋਲ ਬੈਠਾ , ਭਾਈ ਮਨੀ ਸਿੰਘ ਨੇ ਤਾਬਿਆ 'ਚੋਂ ਉਠਾ ਕੇ ਉਸਦੀ ਬਾਂਹ ਮਰੋੜ , ਉਸਨੂੰ ਥੱਲੇ ਸੁਟ ਲਿਆ ਉਸਦੀ ਚੰਗੀ ਭੁਗਤ ਸਵਾਰੀ। ਭਾਈ ਮਨੀ ਸਿੰਘ ਨੇ ਅਨੰਦਪੁਰ , ਨਦੌਣ ਆਦਿ ਦੇ ਯੁੱਧਾਂ ਵਿਚ ਵੀ ਜੌਹਰ ਦਿਖਾਏ ।
1691 ਵਿਚ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ 'ਤੇ ਗੁਰੂ ਘਰ ਦਾ ਦੀਵਾਨ ਹੋਣ ਦੀ ਪਦਵੀ ਬਖਸ਼ੀ। 1699 ਦੀ ਵਿਸਾਖੀ ਉਪਰੰਤ ਭਾਈ ਮਨੀ ਸਿੰਘ ਪੰਜ ਸਿੰਘਾਂ ਭਾਈ ਭੂਪਤਿ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਕੋਇਰ ਸਿੰਘ, ਭਾਈ ਦਾਨ ਸਿੰਘ ਅਤੇ ਭਾਈ ਕੀਰਤ ਸਿੰਘ ਸਮੇਤ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਅਕਾਲ ਬੁੰਗੇ ਦੇ ਮੁਖ ਪੁਜਾਰੀ ਤੇ ਪ੍ਰਬੰਧਕ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਭੇਜੇ ਗਏ। ਆਪ ਨੇ ਦਰਬਾਰ ਸਾਹਿਬ ਪਹੁੰਚ ਕੇ ਮੀਣਿਆਂ ਦੁਆਰਾ ਖ਼ਰਾਬ ਕੀਤੀ ਗੁਰ ਮਰਿਆਦਾ ਨੂੰ ਦੁਬਾਰਾ ਬਹਾਲ ਕੀਤਾ।
ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਾਬੋ ਕੀ ਤਲਵੰਡੀ ਸਨ ਤਾਂ ਭਾਈ ਮਨੀ ਸਿੰਘ ਵੀ ਹੋਰ ਗੁਰਸਿੱਖਾਂ ਸਮੇਤ ਉਥੇ ਦਰਸ਼ਨਾਂ ਲਈ ਆਏ। ਇਥੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਬੋਧ ਦਾ ਅਮੁੱਕ ਲੰਗਰ ਚਲਾਇਆ। ਇਥੋਂ ਪਾਤਸ਼ਾਹ ਜਦ ਦੱਖਣ ਜਾਣ ਲੱਗੇ ਤਾਂ ਭਾਈ ਮਨੀ ਸਿੰਘ ਹੁਣਾਂ ਨੂੰ ਬਘੌਰ ਤੋਂ ਵਾਪਸ ਅੰਮ੍ਰਿਤਸਰ ਭੇਜ ਦਿੱਤਾ ਤੇ ਮਾਝੇ ਵਿਚ ਸਿੱਖੀ ਪ੍ਰਚਾਰ ਦੀ ਸੇਵਾ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਭਾਈ ਮਨੀ ਸਿੰਘ ਹੁਣੀ ਵਾਪਸ ਦਰਬਾਰ ਸਾਹਿਬ ਆ ਗਏ।
ਮੀਣਿਆਂ ਤੇ ਚੌਧਰੀ ਪੱਟੀ ਨਾਲ ਜੰਗ
1709 ਵਿੱਚ ਜਦ ਮੀਣੇ ਚੂਹੜ ਮੱਲ ਦੇ ਛੋਕਰਿਆਂ ਦੇ ਕਬੋਲਾਂ ਕਰਕੇ ਉਹਨਾਂ ਦੀ ਲਿੱਤਰਾਂ ਨਾਲ ਸੇਵਾ ਹੋਈ ਤਾਂ ਉਹ ਪੱਟੀ ਦੇ ਚੌਧਰੀ ਹਰ ਸਹਾਇ ਨੂੰ ਅੰਮ੍ਰਿਤਸਰ 'ਤੇ ਹਮਲਾ ਕਰਨ ਲਈ ਚੜਾ ਲਿਆਇਆ। ਇੱਧਰ ਭਾਈ ਮਨੀ ਸਿੰਘ ਨੇ ਵੀ ਭਾਈ ਤਾਰਾ ਸਿੰਘ ਵਾਂ ਵਰਗੇ ਸਿਰਲੱਥ ਧਰਮੀ ਜੋਧੇ 'ਕੱਠੇ ਕਰ ਲਏ। ਗੁਰੂ ਕੇ ਚੱਕ ਤੋਂ ਤਿੰਨ ਕੋਹ ਦੀ ਵਿੱਥ 'ਤੇ ਹੋਈ ਇਸ ਜੰਗ ਵਿਚ ਮੀਣਿਆਂ ਤੇ ਚੌਧਰੀ ਪੱਟੀ ਨੂੰ ਮੂੰਹ ਦੀ ਖਾਣੀ ਪਈ। ਭਾਈ ਮਨੀ ਸਿੰਘ ਦੀ ਅਗਵਾਈ ਹੇਠ ਜੂਝੇ ਖਾਲਸੇ ਦੀ ਫ਼ਤਿਹ ਹੋਈ।
ਅਬਦੁਸ ਸਮਦ ਖਾਂ ਤੇ ਜ਼ਕਰੀਆ ਖ਼ਾਂ ਦੀਆਂ ਚਾਲਾਂ
ਅਬਦੁਸ ਸਮਦ ਖਾਂ ਤੇ ਜ਼ਕਰੀਆ ਖ਼ਾਂ ਨੇ ਕ੍ਰਮਵਾਰ ਪੰਜਾਬ ਦੇ ਸੂਬੇਦਾਰ ਬਣਦਿਆਂ ਸਾਰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਕਈ ਵਾਰ ਯਤਨ ਕੀਤਾ। ਇਹਨਾਂ ਦੇ ਵਕਤ ਸਿੱਖਾਂ ਉਪਰ ਹਰ ਪਾਸਿਓਂ ਮੁਸੀਬਤ ਦੇ ਪਹਾੜ ਟੁੱਟ ਪਏ। ਸਿੰਘ ਇੱਧਰ ਉਧਰ ਪਹਾੜਾਂ ਵੱਲ ਨੂੰ ਚਲੇ ਗਏ। ਭਾਈ ਮਨੀ ਸਿੰਘ ਦੀ ਉਮਰ ਇਸ ਸਮੇਂ 90 ਸਾਲ ਸੀ। ਉਹ ਅੰਮ੍ਰਿਤਸਰ ਹੀ ਰਹੇ। ਇਸ ਸਮੇਂ ਅੰਮ੍ਰਿਤਸਰ ਵਿੱਚ ਦੀਵਾਲੀ/ਵਿਸਾਖੀ ਦਾ ਸਰਬਤ ਖਾਲਸਾ ਸੱਦਣ 'ਤੇ ਲਾਹੌਰ ਦੇ ਸੂਬੇ ਨੇ ਕੁਝ ਸਾਲਾਂ ਤੋਂ ਰੋਕ ਲਾਈ ਹੋਈ ਸੀ। 1733 ਈਸਵੀ ਦੇ ਦੀਵਾਲੀ ਦੇ ਸਰਬਤ ਖਾਲਸੇ ਨੂੰ ਇਕੱਠਾ ਕਰ ਤੇ ਅਗਲੀ ਰਣਨੀਤੀ ਘੜ੍ਹਨ ਲਈ ਭਾਈ ਮਨੀ ਸਿੰਘ ਜੀ ਲਾਹੌਰ ਸੂਬੇਦਾਰ ਨਾਲ ਗੱਲ ਕਰਨ ਲਈ ਗਏ। ਭਾਈ ਸਾਹਿਬ ਨੇ ਸ. ਸੁਬੇਗ ਸਿੰਘ, ਸ. ਸੂਰਤ ਸਿੰਘ ਆਦਿ ਲਾਹੌਰ ਦੇ ਨਿਵਾਸੀ ਨਾਮੀਂ ਸਿੰਘਾਂ ਰਾਹੀਂ ਦੀਵਾਲੀ ਦਾ ਪੁਰਬ ਮਨਾਉਣ ਲਈ ਸੂਬੇਦਾਰ ਜ਼ਕਰੀਆ ਖ਼ਾਨ ਨਾਲ ਗੱਲ ਤੋਰੀ। ਸੂਬੇ ਨੇ ਮੇਲੇ ਦੀ ਇਜਾਜ਼ਤ ਦੇਣ ਲਈ ਟੈਕਸ ਮੰਗਿਆ। ਭਾਈ ਸਾਹਿਬ ਪੁਰਬ ਦੇ ਬਾਅਦ ਇਹ ਕਰ ਦੇਣਾ ਮੰਨ ਗਏ ਪਰ ਸੂਬਾ ਇਸ ਪਿਛੇ ਬਦਨੀਤੀ ਧਾਰੀ ਬੈਠਾ ਸੀ , ਉਸਦੀ ਕੋਸ਼ਿਸ਼ ਸੀ ਇਸ ਇਕੱਠ ਵਿਚ ਆਏ ਹਰ ਸਿੱਖ ਨੂੰ ਖ਼ਤਮ ਕਰਨਾ। ਸਮੇਂ ਸਿਰ ਇਸ ਸਾਜ਼ਿਸ਼ ਦਾ ਪਤਾ ਲੱਗਣ 'ਤੇ ਲਾਹੌਰ ਨਿਵਾਸੀਆਂ ਨੇ ਭਾਈ ਮਨੀ ਸਿੰਘ ਨੂੰ ਸੂਚਿਤ ਕੀਤਾ। ਜਿਸ ਕਰਕੇ ਭਾਈ ਮਨੀ ਸਿੰਘ ਨੇ ਸਿੰਘਾਂ ਨੂੰ ਆਉਣ ਤੋਂ ਰੋਕ ਦਿੱਤਾ । ਫਲਸਰੂਪ ਨਾ ਚੜ੍ਹਤ ਹੋਈ , ਨਾ ਟੈਕਸ ਦਿੱਤਾ ਗਿਆ ਤੇ ਨਾ ਹੀ ਸੂਬੇਦਾਰ ਜ਼ਕਰੀਏ ਦੇ ਮਨ ਦੀ ਇੱਛਾ ਪੂਰੀ ਹੋਈ। ਸੂਬੇ ਨੇ ਕਰ ਨਾ ਮਿਲਣ ‘ਤੇ ਭਾਈ ਮਨੀ ਸਿੰਘ ਦੀ ਜਵਾਬ ਤਲਬੀ ਕੀਤੀ। ਭਾਈ ਸਾਹਿਬ ਨੇ ਭਾਈ ਭੂਪਤਿ ਸਿੰਘ ਅਤੇ ਭਾਈ ਗੁਲਜਾਰ ਸਿੰਘ ਰਾਹੀਂ ਲਾਹੌਰ ਦੇ ਸੂਬੇਦਾਰ ਨੂੰ ਸੂਚਿਤ ਕੀਤਾ ਕਿ ਚੜ੍ਹਤ ਘਟ ਚੜ੍ਹੀ ਹੈ, ਇਸ ਲਈ ਰਕਮ ਅਦਾ ਕਰਨੀ ਸੰਭਵ ਨਹੀਂ। ਹਾਂ, ਵਿਸਾਖੀ ਪੁਰਬ ਤੋਂ ਬਾਅਦ ਇਹ ਰਕਮ ਭੇਜੀ ਜਾ ਸਕੇਗੀ।
ਲਾਹੌਰ ਦੀ ਫੌਜ ਵੱਲੋਂ ਅੰਮ੍ਰਿਤਸਰ ਨੂੰ ਘੇਰਾ
ਸਿੰਘਾਂ ਨੇ ਦਸ ਦਿਨਾਂ ਲਈ ਵਿਸਾਖੀ ਦਾ ਪੁਰਬ ਮਨਾਉਣ ਲਈ ਦਸ ਹਜ਼ਾਰ ਰੁਪਏ ਦੇਣ ਕਰਕੇ ਪ੍ਰਵਾਨਗੀ ਲਿਖਤੀ ਰੂਪ ਵਿੱਚ ਪ੍ਰਾਪਤ ਕਰ ਲਈ ਗਈ। ਇਸ ਵਾਰ ਸੂਬਾ ਫੇਰ ਪੰਜ ਮਹੀਨੇ ਪੁਰਾਣੀ ਚਾਲ ਚੱਲਣ ਦੀ ਫਿਤਰਤ ਵਿਚ ਸੀ , ਪਰ ਸਮੇਂ ਸਿਰ ਫਿਰ ਭਾਈ ਮਨੀ ਸਿੰਘ ਨੇ ਸਰਬਤ ਸੰਗਤ ਨੂੰ ਆਉਣ ਤੋਂ ਰੋਕ ਦਿੱਤਾ। ਸਿੱਖਾਂ ਨੂੰ ਖ਼ਤਮ ਕਰਨ ਲਈ ਲਖਪਤ ਰਾਇ ਵਜ਼ੀਰ ਨੂੰ ਲਾਹੌਰ ਦੇ ਸੂਬੇਦਾਰ ਨੇ ਫੌਜ ਸਮੇਤ ਰਾਮ ਤੀਰਥ ਠਹਿਰਾ ਰੱਖਿਆ ਸੀ। ਸਿੱਟੇ ਵਜੋਂ ਲਾਹੌਰ ਦੀ ਫੌਜ ਨੇ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ ਅਤੇ ਭਾਈ ਮਨੀ ਸਿੰਘ ਆਦਿ ਨਾਮੀ ਸਿੱਖਾਂ ਨੂੰ ਫੜ੍ਹ ਕੇ ਲਾਹੌਰ ਲੈ ਗਏ। ਇਸ ਤੋਂ ਇਲਾਵਾ ਹੋਰ ਨੇੜੇ ਤੇੜੇ ਦੇ ਸਿੱਖ ਵੀ ਫੜ੍ਹ ਲਏ ਗਏ ਅਤੇ ਸਭ ਸਿੱਖਾਂ ਦੇ ਘਰ ਬਾਰ ਲੁਟ ਲਏ ਗਏ।
ਸ਼ਹਾਦਤ ਤੋਂ ਪਹਿਲਾਂ ਚੜ੍ਹਦੀ ਕਲਾ
ਲਾਹੌਰ ਦੇ ਕੈਦ ਖ਼ਾਨੇ ਵਿੱਚ ਭਾਈ ਮਨੀ ਸਿੰਘ ਹੋਰ ਸਿੰਘਾਂ ਸਮੇਤ ਪੂਰੀ ਚੜ੍ਹਦੀ ਕਲਾ ਵਿਚ ਸਨ। ਇਸ ਵਕਤ ਉਹਨਾਂ ਦੀ ਉਮਰ 90 ਸਾਲ ਨੂੰ ਪਹੁੰਚ ਚੁਕੀ ਸੀ । ਭਾਈ ਸਾਹਿਬ ਦੁਆਰਾ ਕੈਦ ਖ਼ਾਨੇ ਵਿਚ ਨਿਤਪ੍ਰਤਿ ਆਪਣੇ ਨਿੱਜੀ ਨੇਮ ਤੋਂ ਬਿਨਾਂ ਗੁਰਬਾਣੀ ਦੀ ਕਥਾ ਸੁਣਾਈ ਜਾਂਦੀ ਸੀ , ਪੁਰਾਤਨ ਇਤਿਹਾਸ ਦੀਆਂ ਵੀਰ ਗਥਾਵਾਂ ਦੁਆਰਾ ਸ਼ਹਾਦਤ ਲਈ ਸਭ ਤਿਆਰੀ ਕਰਵਾਈ ਜਾ ਰਹੀ ਸੀ , ਸੁਰਤ ਬਲਵਾਨ ਕੀਤੀ ਜਾ ਰਹੀ ਸੀ । ਸੂਬੇ ਨੇ ਭਾਈ ਗੁਲਜ਼ਾਰ ਸਿੰਘ, ਭਾਈ ਭੂਪਤਿ ਸਿੰਘ, ਭਾਈ ਮੁਹਕਮ ਸਿੰਘ, ਭਾਈ ਚੈਨ ਸਿੰਘ, ਭਾਈ ਕੀਰਤ ਸਿੰਘ, ਭਾਈ ਆਲਮ ਸਿੰਘ, ਭਾਈ ਅਉਲੀਆ ਸਿੰਘ, ਭਾਈ ਸੰਗਤ ਸਿੰਘ, ਭਾਈ ਕਾਨ੍ਹ ਸਿੰਘ ਆਦਿ ਮੁਖੀ ਸਿੰਘਾਂ ਨੂੰ ਭਾਈ ਮਨੀ ਸਿੰਘ ਨਾਲ ਬਹੁਤ ਕਸ਼ਟ ਅਤੇ ਦੁੱਖ ਦਿੱਤੇ। ਆਖਿਰ ਨੂੰ 1734 ਈਸਵੀ ਹਾੜ ਸੁਦੀ ਪੰਜਵੀਂ ਨੂੰ ਭਾਈ ਮਨੀ ਸਿੰਘ ਨੂੰ ਹੋਰ ਸਿੰਘਾਂ ਸਮੇਤ ਨਖ਼ਾਸ ਚੌਂਕ ਵਿੱਚ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਭਾਈ ਭੂਪਤ ਸਿੰਘ ਦੀਆ ਅੱਖਾਂ ਕੱਢ ਕੇ ਉਨ੍ਹਾਂ ਨੂੰ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਭਾਈ ਗੁਲਜ਼ਾਰ ਸਿੰਘ ਜੀ ਨੂੰ ਪੁੱਠਾ ਲਟਕਾ ਕੇ ਉਨ੍ਹਾਂ ਦੀ ਖੱਲ ਉਤਾਰੀ ਗਈ। ਆਓ ਇਹਨਾਂ ਮਹਾਨ ਸ਼ਹੀਦਾਂ ਨੂੰ ਸਿਜਦਾ ਕਰੀਏ।
ਬਲਦੀਪ ਸਿੰਘ ਰਾਮੂੰਵਾਲੀਆ
ਕਹਾਣੀਨਾਮਾ ’ਚ ਪੜ੍ਹੋ ਅੱਜ ਦੀ ਕਹਾਣੀ- ਭੁਲੇਖਾ
NEXT STORY