ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਨਾਲ ਸੂਬਾ ਸਰਕਾਰ ਨੇ ਨਸ਼ਿਆਂ ਖਿਲਾਫ ਇਕ ਖਾਸ ਮੁਹਿੰਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 23 ਮਾਰਚ ਤੋਂ ਚਲਾਉਣ ਦਾ ਐਲਾਨ ਕੀਤਾ ਹੈ। 23 ਮਾਰਚ ਦਾ ਦਿਨ ਸਰਕਾਰ ਵਲੋਂ ਯੂਥ ਇੰਮਪਾਵਰਮੈਂਟ ਡੇ ਦੇ ਤੌਰ 'ਤੇ ਮਨਾਇਆ ਜਾਵੇਗਾ। ਇਸ ਅਧੀਨ ਸਰਕਾਰ ਨੇ ਡਰੱਗ ਅਬਿਊਸ ਪ੍ਰੀਵੈਂਸ਼ਨ ਆਫਿਸਰਜ਼ ਪ੍ਰੋਗਰਾਮ (ਡੀ. ਏ. ਪੀ. ਓ.) ਚਲਾਉਣ ਦਾ ਅੱਜ ਐਲਾਨ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਇਸ ਪ੍ਰੋਗਰਾਮ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖ ਪਹਿਲ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨਾ ਹੈ ਤੇ ਉਹ ਉਮੀਦ ਕਰਦੇ ਹਨ ਕਿ ਇਸ ਕੰਮ ਵਿਚ ਸਾਰੇ ਡਿਪਟੀ ਕਮਿਸ਼ਨਰ ਤੇ ਐੱਸ.ਐੱਸ. ਪੀਜ਼ ਸੱਚੇ ਦਿਲੋਂ ਤੇ ਸਖ਼ਤ ਮਿਹਨਤ ਨਾਲ ਕੰਮ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਐੱਸ. ਟੀ. ਐੱਫ. ਅਤੇ ਸੂਬਾ ਤੇ ਜ਼ਿਲਾ ਪੱਧਰ 'ਤੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਪ੍ਰੋਗਰਾਮ ਨੂੰ ਸਿਰੇ ਚੜ੍ਹਾਉਣ ਵਿਚ ਸਹਿਯੋਗ ਦੇਣ। ਮੁੱਖ ਮੰਤਰੀ ਦਫਤਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੀ.ਐੱਮ.ਓ. ਨੂੰ ਇਸ ਪ੍ਰੋਗਰਾਮ 'ਤੇ ਪੂਰੀ ਨਜ਼ਰ ਰੱਖਣ ਲਈ ਕਿਹਾ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਸ਼ਿਆਂ ਖਿਲਾਫ ਵਾਲੰਟੀਅਰਾਂ ਦੀ ਭਰਤੀ ਤੇ ਉਨ੍ਹਾਂ ਦੇ ਕੰਮਾਂ ਨੂੰ ਲੈ ਕੇ ਜਨਤਾ ਵਿਚ ਜਾਗਰੂਕਤਾ ਮੁਹਿੰਮ ਚਲਾਉਣ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਘਰ-ਘਰ ਇਸ ਪ੍ਰੋਗਰਾਮ ਨੂੰ ਲੈ ਕੇ ਜਾਣ ਦੇ ਨਿਰਦੇਸ਼ ਦਿੱਤੇ ਹਨ ਤੇ ਇਸ ਨੂੰ ਜਨ ਅੰਦੋਲਨ ਦਾ ਰੂਪ ਦੇਣ ਲਈ ਕਿਹਾ ਹੈ। ਨਸ਼ਾ ਮੁਕਤ ਮੁਹੱਲੇ ਬਣਾਉਣ ਵਿਚ ਸਹਿਯੋਗ ਦੇਣ ਲਈ ਕਿਹਾ ਗਿਆ ਹੈ। ਇਸ ਪ੍ਰੋਗਰਾਮ ਦੇ ਤਹਿਤ ਸਰਕਾਰ ਦੇ ਸਾਰੇ ਕਰਮਚਾਰੀ (ਅੰਦਾਜ਼ਨ 3 ਲੱਖ) ਅਤੇ ਪੰਚਾਇਤੀ ਰਾਜ ਸੰਸਥਾ ਦੇ ਚੁਣੇ ਨੁਮਾਇੰਦੇ (1 ਲੱਖ) ਡੀ. ਏ. ਪੀ. ਓ. ਪ੍ਰੋਗਰਾਮ ਲਈ ਆਨਰੇਰੀ ਮੈਂਬਰ ਹੋਣਗੇ। ਮੁੱਖ ਮੰਤਰੀ ਨੇ ਜਦੋਂ ਨਿਰਦੇਸ਼ ਜਾਰੀ ਕੀਤੇ ਤਾਂ ਉਸ ਸਮੇਂ ਡੀ. ਜੀ. ਪੀ. ਅਰੋੜਾ ਅਤੇ ਐੱਸ. ਟੀ. ਐੱਫ. ਪ੍ਰਮੁੱਖ ਹਰਪ੍ਰੀਤ ਸਿੰਘ ਸਿੱਧੂ ਖਾਸ ਤੌਰ 'ਤੇ ਮੌਜੂਦ ਸਨ।
ਕੈਪਟਨ ਨੇ ਮੁਕਤਸਰ ਮੈਰਾਥਨ ਲਈ ਪੋਸਟਰ ਜਾਰੀ ਕੀਤਾ
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਕਤਸਰ ਮੈਰਾਥਨ 2018 ਦੇ ਪਹਿਲੀ ਸੀਰੀਜ਼ ਲਈ ਪੋਸਟਰ ਤੇ ਟੀ-ਸ਼ਰਟ ਨੂੰ ਜਾਰੀ ਕੀਤਾ। ਮੈਰਾਥਨ 18 ਮਾਰਚ ਨੂੰ ਸਵੇਰੇ 7 ਵਜੇ ਨਵੀਂ ਦਾਣਾ ਮੰਡੀ ਗਿੱਦੜਬਾਹਾ ਤੋਂ ਸ਼ੁਰੂ ਹੋਵੇਗੀ ਤੇ ਵਾਪਸ ਗਿੱਦੜਬਾਹਾ ਵਿਚ ਹੀ ਆ ਕੇ ਖਤਮ ਹੋਵੇਗੀ। ਇਸ ਵਿਚ ਕੌਮੀ ਤੇ ਕੌਮਾਂਤਰੀ ਖਿਡਾਰੀ ਹਿੱਸਾ ਲੈਣਗੇ। ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਪ੍ਰਸ਼ਾਸਨ ਨੂੰ ਸਮੁੱਚੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਵਿਚ ਇਨਾਮਾਂ ਦੀ ਕੁਲ ਰਕਮ 13 ਲੱਖ ਰੱਖੀ ਗਈ ਹੈ।
ਨਾਬਾਲਗਾ ਨੂੰ ਭਜਾ ਕੇ ਲਿਜਾਣ 'ਤੇ 1 ਖਿਲਾਫ ਮਾਮਲਾ ਦਰਜ
NEXT STORY