ਜਲੰਧਰ (ਰਵਿੰਦਰ)— ਸ਼ਾਹਕੋਟ ਉੱਪ ਚੋਣ ਤੋਂ ਪਹਿਲਾਂ ਕਾਂਗਰਸ ਦੇ ਸ਼ਾਹਕੋਟ ਹਲਕਾ ਇੰਚਾਰਜ ਹਰਦੇਵ ਲਾਡੀ ਸ਼ੇਰੋਵਾਲੀਆ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ 'ਚ ਘਿਰ ਗਏ ਹਨ। ਅਜੇ ਕੁਝ ਦਿਨ ਪਹਿਲਾਂ ਹੀ ਇਲਾਕੇ ਦੇ ਕੁਝ ਲੋਕਾਂ ਨੇ ਨਾਜਾਇਜ਼ ਮਾਈਨਿੰਗ ਦੀ ਖੇਡ 'ਚ ਲਾਡੀ ਸ਼ੇਰੋਵਾਲੀਆ ਦਾ ਨਾਂ ਚੁੱਕਿਆ ਸੀ, ਹੁਣ ਸ਼ੇਰੋਵਾਲੀਆ ਦੀ ਰੇਤ ਠੇਕੇਦਾਰਾਂ ਨਾਲ ਹਿੱਸੇਦਾਰੀ ਪਾਉਣ ਦੀ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਵਾਇਰਲ ਹੁੰਦੇ ਹੀ ਕਾਂਗਰਸ ਪਾਰਟੀ 'ਚ ਹੁੜਦੰਗ ਮਚ ਗਿਆ ਹੈ। ਇਹ ਮਾਮਲਾ ਰਾਹੁਲ ਦਰਬਾਰ 'ਚ ਵੀ ਪਹੁੰਚ ਗਿਆ ਹੈ।
ਜ਼ਿਕਰਯੋਗ ਹੈ ਕਿ 2017 ਵਿਧਾਨ ਸਭਾ ਚੋਣਾਂ 'ਚ ਲਾਡੀ ਸ਼ੇਰੋਵਾਲੀਆ ਬਤੌਰ ਕਾਂਗਰਸੀ ਉਮੀਦਵਾਰ ਚੋਣ ਮੈਦਾਨ 'ਚ ਉਤਰੇ ਸਨ ਪਰ ਅਕਾਲੀ ਦਲ ਦੇ ਸੀਨੀਅਰ ਨੇਤਾ ਦੇ ਸਾਹਮਣੇ ਉਹ ਕਾਂਗਰਸ ਲਹਿਰ ਹੋਣ ਦੇ ਬਾਵਜੂਦ ਹਾਰ ਗਏ ਸਨ। ਲਾਡੀ ਸ਼ੇਰੋਵਾਲੀਆ ਨੂੰ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਸੀ। ਰਾਣਾ ਗੁਰਜੀਤ ਸਿੰਘ ਪਹਿਲਾਂ ਹੀ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ 'ਚ ਘਿਰਨ ਤੋਂ ਬਾਅਦ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ।
ਰਾਣਾ ਦੀ ਕੁਰਸੀ ਜਾਣ ਦੇ ਬਾਅਦ ਤੋਂ ਹੀ ਲਾਡੀ ਸ਼ੇਰੋਵਾਲੀਆ ਦੇ ਸਿਤਾਰੇ ਵੀ ਡਿੱਗਣੇ ਸ਼ੁਰੂ ਹੋ ਗਏ ਹਨ। ਕੁਝ ਦਿਨ ਪਹਿਲਾਂ ਹੀ ਪ੍ਰੈੱਸ ਕਾਨਫਰੰਸ 'ਚ ਇਲਾਕੇ ਦੇ ਲੋਕਾਂ ਨੇ ਲਾਡੀ ਸ਼ੇਰੋਵਾਲੀਆ 'ਤੇ ਨਾਜਾਇਜ਼ ਮਾਈਨਿੰਗ ਦੀ ਖੇਡ 'ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਹੁਣ ਉੱਪ ਚੋਣ ਤੋਂ ਪਹਿਲਾਂ ਲਾਡੀ ਸ਼ੇਰੋਵਾਲੀਆ ਦਾ ਵੀਡੀਓ ਵਾਇਰਲ ਹੋਣ ਨਾਲ ਪਾਰਟੀ ਅੰਦਰ ਹੁੜਦੰਗ ਮਚ ਗਿਆ ਹੈ। ਮਾਮਲਾ ਰਾਹੁਲ ਦਰਬਾਰ 'ਚ ਪਹੁੰਚਣ ਤੋਂ ਬਾਅਦ ਪੂਰੇ ਮਾਮਲੇ ਨੂੰ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਵੀ ਹੁਣ ਗੰਭੀਰਤਾ ਨਾਲ ਲੈ ਰਹੇ ਹਨ।
ਟਿਕਟ 'ਤੇ ਲੱਗ ਸਕਦਾ ਹੈ ਗ੍ਰਹਿਣ
ਲਾਡੀ ਸ਼ੇਰੋਵਾਲੀਆ ਨੂੰ ਉੱਪ ਚੋਣ 'ਚ ਵੀ ਪਾਰਟੀ ਉਮੀਦਵਾਰ ਅਹੁਦੇ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਅਜੇ ਕਾਂਗਰਸ ਨੇ ਇਸ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਪਰ ਜਿਸ ਤਰ੍ਹਾਂ ਨਾਲ ਲਾਡੀ ਸ਼ੇਰੋਵਾਲੀਆ ਲਗਾਤਾਰ ਦੋਸ਼ਾਂ 'ਚ ਘਿਰਦੇ ਜਾ ਰਹੇ ਹਨ, ਹੁਣ ਉਨ੍ਹਾਂ ਦੀ ਟਿਕਟ ਨੂੰ ਗ੍ਰਹਿਣ ਲੱਗ ਸਕਦਾ ਹੈ।
ਪਾਰਟੀ ਦੀ ਸਾਖ ਨੂੰ ਲੱਗਾ ਧੱਕਾ
ਸ਼ਾਹਕੋਟ ਹਲਕੇ 'ਚ ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ਦਾ ਰਾਜ ਰਿਹਾ ਹੈ। ਇਥੋਂ ਅਕਾਲੀ ਦਲ ਦੇ ਉਮੀਦਵਾਰ ਅਜੀਤ ਸਿੰਘ ਕੋਹਾੜ ਲਗਾਤਾਰ ਜਿੱਤਦੇ ਆ ਰਹੇ ਸਨ ਪਰ ਅਚਾਨਕ ਹੁਣ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇਥੇ ਚੋਣਾਂ ਹੋਣ ਜਾ ਰਹੀਆਂ ਹਨ। ਪਹਿਲੀ ਵਾਰ ਕਾਂਗਰਸ ਨੂੰ ਸੱਤਾ 'ਚ ਹੋਣ ਦਾ ਲਾਭ ਮਿਲ ਸਕਦਾ ਹੈ ਅਤੇ ਇਥੋਂ ਕਾਂਗਰਸ ਜਿੱਤ ਦਾ ਝੰਡਾ ਲਹਿਰਾਉਣ ਦੀ ਯੋਜਨਾ ਬਣਾ ਰਹੀ ਸੀ ਪਰ ਅਚਾਨਕ ਲਾਡੀ ਸ਼ੇਰੋਵਾਲੀਆ ਦੇ ਇਸ ਤਰ੍ਹਾਂ ਦੇ ਦੋਸ਼ਾਂ 'ਚ ਘਿਰਨ ਤੋਂ ਬਾਅਦ ਪਾਰਟੀ ਦੀ ਸਾਖ ਨੂੰ ਧੱਕਾ ਲੱਗਾ ਹੈ।
ਵਿਰੋਧੀਆਂ ਦੀ ਸਾਜ਼ਿਸ਼ : ਸ਼ੇਰੋਵਾਲੀਆ
ਕਾਂਗਰਸੀ ਹਲਕਾ ਇੰਚਾਰਜ ਲਾਡੀ ਸ਼ੇਰੋਵਾਲੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾਜਾਇਜ਼ ਮਾਈਨਿੰਗ ਦੀ ਖੇਡ 'ਚ ਜਾਣਬੁੱਝ ਫਸਾਇਆ ਜਾ ਰਿਹਾ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਸਿਆਸੀ ਸਾਖ ਖਰਾਬ ਕਰਨ ਲਈ ਇਹ ਉਨ੍ਹਾਂ ਦੇ ਵਿਰੋਧੀਆਂ ਦੀ ਸਾਜ਼ਿਸ਼ ਹੈ ਤੇ ਪਾਰਟੀ ਨੂੰ ਉਨ੍ਹਾਂ ਦੇ ਕੰਮਕਾਜ 'ਤੇ ਪੂਰਾ ਭਰੋਸਾ ਹੈ।
ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਨੇ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ
NEXT STORY