ਲੁਧਿਆਣਾ (ਰਾਜ): ਵਿਆਹ ਦਾ ਝਾਂਸਾ ਦੇ ਕੇ ਇਕ ਮੁਟਿਆਰ ਦੀ ਜ਼ਿੰਦਗੀ ਬਰਬਾਦ ਕਰਨ ਦਾ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਗਗਨਜੋਤ ਸਿੰਘ ਨਾਮਕ ਨੌਜਵਾਨ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾਇਆ ਅਤੇ ਫਿਰ ਵਿਆਹ ਦਾ ਝੂਠਾ ਵਾਅਦਾ ਕਰਕੇ ਉਸ ਦੀ ਇੱਜ਼ਤ ਨਾਲ ਖਿਲਵਾੜ ਕੀਤਾ।
ਪੀੜਤਾ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮੁਲਜ਼ਮ ਦੇ ਵੱਡੇ ਭਰਾ ਅਤੇ ਉਸ ਦੀ ਮਾਤਾ ਦੇ ਵਿਚਕਾਰ ਵਿਆਹ ਦੀ ਗੱਲਬਾਤ ਚੱਲਣ ਕਾਰਨ ਦੋਵਾਂ ਪਰਿਵਾਰਾਂ ਦਾ ਇਕ-ਦੂਜੇ ਦੇ ਘਰ ਆਉਣਾ-ਜਾਣਾ ਸੀ, ਜਿਸ ਦਾ ਫਾਇਦਾ ਉਠਾ ਕੇ ਮੁਲਜ਼ਮ ਨੇ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤਾ ਨੇ ਦੱਸਿਆ ਕਿ ਜੂਨ 2025 ਦੀ ਇਕ ਰਾਤ ਕਰੀਬ 10.30ਵਜੇ ਮੁਲਜ਼ਮ ਗਗਨਜੋਤ ਉਸ ਦੇ ਘਰ ਆਇਆ ਅਤੇ ਉਸ ਨੂੰ ਵਿਆਹ ਦਾ ਸੁਪਨਾ ਦਿਖਾ ਕੇ ਉਸ ਨਾਲ ਜ਼ਬਰਦਸਤੀ ਕੀਤੀ। ਇਸ ਸਰੀਰਕ ਸ਼ੋਸ਼ਣ ਕਾਰਨ ਪੀੜਤਾ ਗਰਭਵਤੀ ਹੋ ਗਈ ਅਤੇ ਉਸ ਨੇ ਬੀਤੀ 4 ਮਈ 2026 ਨੂੰ ਇਕ ਮਾਸੂਮ ਬੱਚੇ ਨੂੰ ਜਨਮ ਦਿੱਤਾ ਹੈ। ਹੁਣ ਜਦੋਂ ਪੀੜਤਾ ਨੇ ਮੁਲਜ਼ਮ 'ਤੇ ਵਿਆਹ ਦਾ ਦਬਾਅ ਬਣਾਇਆ ਤਾਂ ਮੁਲਜ਼ਮ ਆਪਣੀ ਗੱਲ ਤੋਂ ਪੂਰੀ ਤਰ੍ਹਾਂ ਮੁੱਕਰ ਗਿਆ ਅਤੇ ਪੀੜਤਾ ਨੂੰ ਬੇਸਹਾਰਾ ਛੱਡ ਦਿੱਤਾ। ਬਦਨਾਮੀ ਅਤੇ ਧੋਖੇ ਦਾ ਦੁੱਖ ਝੱਲ ਰਹੀ ਪੀੜਤਾ ਨੇ ਹੁਣ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਮੁਲਜ਼ਮ ਖਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਲਜ਼ਮ ਗਗਨਜੋਤ ਸਿੰਘ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।
27 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਸੀ ਇਕਲੌਤਾ ਪੁੱਤ
NEXT STORY