ਜਲੰਧਰ (ਪ੍ਰੀਤ) : ਸ਼ੀਤਲ ਗਰੁੱਪ ਨਾਲ ਸੰਬੰਧਿਤ ਚਿਰਾਗ ਫੋਰਜਿੰਗ ਦੇ ਕਰਮਚਾਰੀਆਂ ਨੂੰ ਬੁੱਧਵਾਰ ਸ਼ਾਮ ਈ. ਡੀ. ਦੇ ਅਧਿਕਾਰੀਆਂ ਨੇ ਸਿਟੀ ਹਸਪਤਾਲ ਚੌਕ ਤੋਂ ਕਾਬੂ ਕਰ ਲਿਆ। ਪਜੈਰੋ ਗੱਡੀ ਵਿਚ ਸਵਾਰ 2 ਕਰਮਚਾਰੀਆਂ ਕੋਲੋਂ ਈ. ਡੀ. ਅਧਿਕਾਰੀਆਂ ਨੇ ਤਲਾਸ਼ੀ ਦੌਰਾਨ 3 ਲੱਖ ਰੁਪਏ ਤੇ ਵਿਦਡਰਾਲ ਦੇ ਦਸਤਾਵੇਜ਼ ਬਰਾਮਦ ਕੀਤੇ ਹਨ। ਅਜੇ ਈ. ਡੀ. ਅਧਿਕਾਰੀ ਦੋਵੇਂ ਕਰਮਚਾਰੀਆਂ ਨੂੰ ਲੈ ਕੇ ਦਫਤਰ ਪਹੁੰਚੇ ਹੀ ਸਨ ਕਿ ਕੁਝ ਦੇਰ ਬਾਅਦ ਸ਼ੀਤਲ ਵਿੱਜ ਖੁਦ ਈ. ਡੀ. ਦਫਤਰ ਪਹੁੰਚ ਗਿਆ। ਦੇਰ ਰਾਤ ਤੱਕ ਈ. ਡੀ. ਵੱਲੋਂ ਦੋਵਾਂ ਕਰਮਚਾਰੀਆਂ ਦੇ ਇਲਾਵਾ ਪੀ. ਐੱਨ. ਬੀ. ਦੇ ਮੈਨੇਜਰ ਤੇ ਅਸਿਸਟੈਂਟ ਮੈਨੇਜਰ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ।
ਜਾਣਕਾਰੀ ਮੁਤਾਬਕ ਕੂਲ ਰੋਡ 'ਤੇ ਲਾਜਵੰਤੀ ਹਸਪਤਾਲ ਦੇ ਨਾਲ ਈ. ਡੀ. ਦਾ ਦਫਤਰ ਹੈ। ਉਸੇ ਬਿਲਡਿੰਗ ਦੀ ਗਰਾਊਂਡ ਫਲੋਰ 'ਤੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਹੈ। ਸ਼ਾਮ ਲਗਭਗ 6 ਵਜੇ ਬੈਂਕ ਦੀ ਬ੍ਰਾਂਚ 'ਚੋਂ 2 ਨੌਜਵਾਨ ਨਿਕਲੇ, ਉਨ੍ਹਾਂ ਕੋਲ ਕਥਿਤ ਤੌਰ 'ਤੇ ਭਾਰੀ ਗਿਣਤੀ ਵਿਚ ਨਵੇਂ ਨੋਟ ਸਨ। ਉਕਤ ਲੋਕ ਪਜੈਰੋ ਗੱਡੀ ਪੀ. ਬੀ. 08 ਬੀ. ਐੱਚ. 9342 ਵਿਚ ਬੈਠ ਕੇ ਸਿਟੀ ਹਸਪਤਾਲ ਚੌਕ ਵੱਲ ਚਲੇ ਗਏ। ਇਸੇ ਦੌਰਾਨ ਈ. ਡੀ. ਦੇ ਈ. ਓ. ਤੇ ਪੁਲਸ ਕਰਮਚਾਰੀਆਂ ਨੇ ਉਕਤ ਗੱਡੀ ਦਾ ਪਿੱਛਾ ਕੀਤਾ ਅਤੇ ਸਿਟੀ ਹਸਪਤਾਲ ਚੌਕ ਵਿਚ ਉਕਤ ਗੱਡੀ ਨੂੰ ਘੇਰ ਲਿਆ। ਗੱਡੀ ਵਿਚ ਡਰਾਈਵਰ ਦੇ ਨਾਲ 2 ਹੋਰ ਵਿਅਕਤੀ ਸਨ। ਈ. ਡੀ. ਅਧਿਕਾਰੀ ਉਕਤ ਲੋਕਾਂ ਨੂੰ ਫੜ੍ਹ ਕੇ ਵਾਪਸ ਈ. ਡੀ. ਦਫਤਰ ਲੈ ਆਏ। ਪਜੈਰੋ ਗੱਡੀ 'ਚੋਂ ਮੌਕੇ 'ਤੇ ਨਕਦੀ ਬਰਾਮਦ ਕੀਤੀ ਗਈ। ਈ. ਡੀ. ਟੀਮ ਨੇ ਉਕਤ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਤੇ ਨਕਦੀ ਤੇ ਗੱਡੀ ਦੋਵੇਂ ਜ਼ਬਤ ਕਰ ਲਏ। ਅਜੇ ਜਾਂਚ ਸ਼ੁਰੂ ਹੀ ਹੋਈ ਸੀ ਕਿ ਅਚਾਨਕ ਸ਼ੀਤਲ ਵਿੱਜ ਖੁਦ ਈ. ਡੀ. ਦਫਤਰ ਪਹੁੰਚ ਗਿਆ। ਲਗਭਗ ਇਕ ਘੰਟੇ ਤੱਕ ਸ਼ੀਤਲ ਵਿੱਜ ਦਫਤਰ ਵਿਚ ਰਿਹਾ। ਸੂਤਰਾਂ ਮੁਤਾਬਕ ਆਰੰਭਿਕ ਜਾਂਚ ਦੌਰਾਨ ਈ. ਡੀ. ਅਧਿਕਾਰੀਆਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਬ੍ਰਾਂਚ ਮੈਨੇਜਰ ਬੀ. ਕੇ. ਸ਼ਰਮਾ ਤੇ ਅਸਿਸਟੈਂਟ ਮੈਨੇਜਰ ਗੁਰਦਿਆਲ ਸਿੰਘ ਨੂੰ ਵੀ ਦਫਤਰ ਬੁਲਾ ਲਿਆ। ਉਕਤ ਬੈਂਕ 'ਚੋਂ ਨਿਯਮਾਂ ਦੇ ਉਲਟ ਨੋਟਾਂ ਦੀ ਅਦਲਾ-ਬਦਲੀ ਹੋ ਰਹੀ ਸੀ। ਦੇਰ ਰਾਤ ਤੱਕ ਈ. ਡੀ. ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਸਨ।
ਫਰਮ ਦੇ ਹਨ 2 ਲੱਖ ਰੁਪਏ, ਪੱਖ ਦੱਸ ਦਿੱਤਾ ਈ. ਡੀ. ਨੂੰ : ਸ਼ੀਤਲ
ਲਗਭਗ ਇਕ ਘੰਟੇ ਬਾਅਦ ਈ. ਡੀ. ਦਫਤਰ ਤੋਂ ਬਾਹਰ ਆਏ ਸ਼ੀਤਲ ਵਿੱਜ ਨੇ ਕਿਹਾ ਕਿ ਦੋਵੇਂ ਕਰਮਚਾਰੀ ਉਨ੍ਹਾਂ ਦੇ ਪੁੱਤਰ ਦੀ ਫਰਮ ਚਿਰਾਗ ਫੋਰਜਿੰਗ ਦੇ ਕਰਮਚਾਰੀ ਹਨ। ਉਨ੍ਹਾਂ ਕੋਲ 2 ਲੱਖ ਰੁਪਏ ਦੇ ਨਵੇਂ ਨੋਟ ਸਨ। ਈ. ਡੀ. ਟੀਮ ਨੇ ਉਨ੍ਹਾਂ ਨੂੰ ਫੜ੍ਹਿਆ ਤਾਂ ਉਹ ਆਪਣਾ ਪੱਖ ਦੱਸਣ ਲਈ ਖੁਦ ਈ. ਡੀ. ਦਫਤਰ ਪਹੁੰਚ ਗਿਆ। ਸ਼ੀਤਲ ਵਿੱਜ ਨੇ ਕਿਹਾ ਕਿ ਉਸ ਨੇ ਆਪਣਾ ਪੱਖ ਦੱਸ ਦਿੱਤਾ ਹੈ। ਉਕਤ ਮਾਮਲਾ ਇਨਕਮ ਟੈਕਸ ਵਿਭਾਗ ਨੂੰ ਦੇ ਦਿੱਤਾ ਗਿਆ ਹੈ।
ਅਸੀਂ ਨਹੀਂ ਸੱਦਿਆ, ਸ਼ੀਤਲ ਖੁਦ ਪਹੁੰਚਿਆ ਦਫਤਰ : ਗਰੀਸ਼ ਬਾਲੀ
ਸ਼ੀਤਲ ਵਿੱਜ ਦੇ ਦਫਤਰ ਪਹੁੰਚਣ ਸੰਬੰਧੀ ਗਰੀਸ਼ ਬਾਲੀ ਨੇ ਦੱਸਿਆ ਕਿ ਈ. ਡੀ. ਨੇ ਸ਼ੀਤਲ ਵਿੱਜ ਨੂੰ ਨਹੀਂ ਬੁਲਾਇਆ ਸੀ। ਉਹ ਖੁਦ ਈ. ਡੀ. ਦਫਤਰ ਪਹੁੰਚਿਆ ਅਤੇ ਆਪਣਾ ਪੱਖ ਰੱਖਿਆ। ਸ਼ੀਤਲ ਵਿੱਜ ਵੱਲੋਂ ਕੇਸ ਇਨਕਮ ਟੈਕਸ ਨੂੰ ਦੇਣ ਸਬੰਧੀ ਸ਼੍ਰੀ ਬਾਲੀ ਨੇ ਕਿਹਾ ਕਿ ਫਿਲਹਾਲ ਈ. ਡੀ. ਅਧਿਕਾਰੀ 2 ਕਰਮਚਾਰੀਆਂ ਅਤੇ ਬੈਂਕ ਅਧਿਕਾਰੀਆਂ ਦੀਆਂ ਸਟੇਟਮੈਂਟ ਰਿਕਾਰਡ ਕਰ ਰਹੀ ਹੈ। ਜਾਂਚ ਪੂਰੀ ਹੋਣ ਉਪਰੰਤ ਹੀ ਅਗਲੀ ਕਾਰਵਾਈ ਹੋਵੇਗੀ।
ਨਕਲੀ ਦੁੱਧ ਬਣਾਉਣ ਦੇ ਦੋਸ਼ 'ਚ 2 ਔਰਤਾਂ ਸਮੇਤ 4 ਗ੍ਰਿਫਤਾਰ (ਵੀਡੀਓ)
NEXT STORY