ਲੁਧਿਆਣਾ (ਤਰੁਣ): ਲਾਜਪਤ ਨਗਰ ਦੇ ਇਲਾਕੇ ਵਿਚ ਬੀਤੀ ਰਾਤ ਇਕ ਘਰ ਦੀ ਕੰਧ ਟੱਪ ਰਹੇ ਨੌਜਵਾਨ ਨੂੰ ਗੁਆਂਢੀਆਂ ਨੇ ਵੇਖਲਿਆ। ਲੋਕਾਂ ਨੇ ਨੌਜਵਾਨ ਨੂੰ ਫੜ ਲਿਆ ਤੇ ਉਸ ਤੋਂ ਕੰਧ ਟੱਪਣ ਦੀ ਵਜ੍ਹਾ ਪੁੱਛੀ। ਜਦੋਂ ਉਹ ਜਵਾਬ ਨਹੀਂ ਦੇ ਸਕਿਆ ਤਾਂ ਲੋਕਾਂ ਨੇ ਉਸ ਨੂੰ ਚੋਰ ਸਮਝ ਕੇ ਖੰਭੇ ਨਾਲ ਬੰਨ੍ਹ ਦਿੱਤਾ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਨੌਜਵਾਨ ਦੀ ਹਾਲਤ ਵਿਗੜਣ 'ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਸ਼ੁੱਕਰਵਾਰ ਸਵੇਰੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 5 ਤੇ ਚੌਕੀ ਕੋਚਰ ਮਾਰਕੀਟ ਦੀ ਪੁਲਸ ਸਿਵਲ ਹਸਪਤਾਲ ਪਹੁੰਚੀ।
ਇਹ ਖ਼ਬਰ ਵੀ ਪੜ੍ਹੋ - ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਨੈਸ਼ਨਲ ਹਾਈਵੇਅ ਨੇੜੇ ਵਪਾਰੀ ਤੇ ਕਿਸਾਨ ਦਾ ਕਤਲ
ਪ੍ਰਾਪਤ ਜਾਣਕਾਰੀ ਮੁਤਾਬਕ ਵੀਰਵਾਰ ਰਾਤ ਨੂੰ ਤਕਰੀਬਨ ਡੇਢ ਵਜੇ ਲਾਜਪਤ ਨਗਰ, ਬੱਸ ਸਟੈਂਡ ਦੇ ਇਲਾਕੇ ਵਿਚ ਪੈਂਦੇ ਇਕ ਘਰ ਵਿਚ ਨੌਜਵਾਨ ਕੰਧ ਟੱਪ ਕੇ ਜਾ ਰਿਹਾ ਸੀ। ਉਸ ਨੂੰ ਇਲਾਕੇ ਦੇ ਲੋਕਾਂ ਨੇ ਵੇਖ ਲਿਆ। ਲੋਕਾਂ ਨੇ ਉਸ ਨੂੰ ਕਾਬੂ ਕਰ ਕੇ ਕੰਧ ਟੱਪਣ ਦੀ ਵਜ੍ਹਾ ਪੁੱਛੀ ਤਾਂ ਉਹ ਸਪਸ਼ਟ ਜਵਾਬ ਨਹੀਂ ਦੇ ਸਕਿਆ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਉਸ 'ਤੇ ਸ਼ੱਕ ਹੋਇਆ ਤੇ ਉਨ੍ਹਾਂ ਨੇ ਉਸ ਨੂੰ ਚੋਰ ਸਮਝ ਲਿਆ। ਇਲਾਕੇ ਵਿਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਕਾਰਨ ਭੜਕੇ ਲੋਕਾਂ ਨੇ ਉਸ ਨੂੰ ਖੰਭੇ ਨਾਲ ਬੰਨ੍ਹ ਦਿੱਤਾ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ! 2027 ਲਈ ਕਾਂਗਰਸ ਦਾ ਵੱਡਾ ਦਾਅ
ਲੋਕਾਂ ਨੇ ਉਸ 'ਤੇ ਰੱਜ ਕੇ ਲੱਤਾਂ-ਮੁੱਕੇ ਵਰ੍ਹਾਏ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਹਫੜਾ-ਦਫੜੀ ਵਿਚ ਲੋਕਾਂ ਨੇ ਉਸ ਨੂੰ ਸ਼ੁੱਕਰਵਾਰ ਤੜਕਸਾਰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਮੁਤਾਬਕ, ਜ਼ਿਆਦਾ ਕੁੱਟਮਾਰ ਕਾਰਨ ਨੌਜਵਾਨ ਦਾ ਸਰੀਰ ਨੀਲਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਚੌਕੀ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਕੰਧ ਟੱਪ ਰਿਹਾ ਸੀ ਤੇ ਇਲਾਕੇ ਦੇ ਲੋਕਾਂ ਨੇ ਚੋਰ ਸਮਝ ਕੇ ਉਸ ਦੀ ਕੁੱਟਮਾਰ ਕੀਤੀ ਹੈ। ਇਸੇ ਕੁੱਟਮਾਰ ਕਾਰਨ ਵਿਅਕਤੀ ਦਮ ਤੋੜ ਗਿਆ। ਫ਼ਿਲਹਾਲ ਪੁਲਸ ਮ੍ਰਿਤਕ ਦੀ ਪਛਾਣ ਕਰ ਰਹੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੌਸਮ ਦੀ ਤਬਦੀਲੀ ਹੋ ਸਕਦੀ ਹੈ ਹਾਨੀਕਾਰਕ, ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ
NEXT STORY