ਗੁਰਦਾਸਪੁਰ, (ਦੀਪਕ)- ਕਾਲਜ ਰੋਡ 'ਤੇ ਹਰ ਐਤਵਾਰ ਨੂੰ ਲੱਗਣ ਵਾਲੀ ਸਬਜ਼ੀ ਮੰਡੀ ਕਾਰਨ ਆਸ-ਪਾਸ ਦੇ ਦੁਕਾਨਦਾਰ ਡਾਢੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ। ਉਨ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਕਿ ਸਬਜ਼ੀ ਮੰਡੀ ਨੂੰ ਉਕਤ ਜਗ੍ਹਾ 'ਤੇ ਲਾਉਣ ਦੀ ਬਜਾਏ ਕਿਸੇ ਖੁੱਲ੍ਹੀ ਜਗ੍ਹਾ 'ਤੇ ਲਾਇਆ ਜਾਵੇ।
ਜ਼ਿਕਰਯੋਗ ਹੈ ਕਿ ਕਾਲਜ ਰੋਡ 'ਤੇ ਹਰ ਐਤਵਾਰ ਨੂੰ ਸਬਜ਼ੀ ਮੰਡੀ ਲਾਈ ਜਾਂਦੀ ਹੈ। ਇਥੇ ਸ਼ਹਿਰ ਦੇ ਨਾਲ-ਨਾਲ ਨੇੜਲੇ ਇਲਾਕਿਆਂ ਤੋਂ ਲੋਕ ਸਬਜ਼ੀ ਖਰੀਦਣ ਆਉਂਦੇ ਹਨ ਪਰ ਜਿਸ ਸਥਾਨ 'ਤੇ ਸਬਜ਼ੀ ਮੰਡੀ ਲਾਈ ਜਾਂਦੀ ਹੈ, ਉਥੇ ਰੋਜ਼ਾਨਾ ਰੇਹੜੀਆਂ-ਫੜ੍ਹੀਆਂ ਵਾਲੇ ਆਪਣਾ ਕਾਰੋਬਾਰ ਕਰਦੇ ਹਨ। ਸਬਜ਼ੀ ਵਿਕਰੇਤਾਵਾਂ ਵੱਲੋਂ ਕੋਈ ਸਮਾਂ ਸੀਮਾ ਨਿਰਧਾਰਿਤ ਨਾ ਹੋਣ ਕਾਰਨ ਇਥੇ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ।
ਦੁਕਾਨਦਾਰਾਂ ਅਨੁਸਾਰ ਉਹ ਇਸ ਸੰਬੰਧੀ ਜ਼ਿਲਾ ਪ੍ਰਸ਼ਾਸਨ ਤੋਂ ਵੀ ਕਈ ਵਾਰ ਮੰਗ ਕਰ ਚੁੱਕੇ ਹਨ। ਉਹ ਸਬਜ਼ੀ ਮੰਡੀ ਨੂੰ ਇਥੋਂ ਚੁਕਵਾਉਣ ਲਈ ਡੀ. ਸੀ. ਗੁਰਦਾਸਪੁਰ ਨੂੰ ਮੰਗ-ਪੱਤਰ ਵੀ ਦੇਣਗੇ। ਉਨ੍ਹਾਂ ਕਿਹਾ ਕਿ ਸਬਜ਼ੀ ਖਰੀਦਣ ਆਉਂਦੇ ਲੋਕ ਵੀ ਆਪਣੇ ਵਾਹਨ ਸੜਕਾਂ 'ਤੇ ਹੀ ਖੜ੍ਹੇ ਕਰ ਕੇ ਚਲੇ ਜਾਂਦੇ ਹਨ, ਜਿਸ ਕਾਰਨ ਪ੍ਰੇਸ਼ਾਨੀ ਵਧ ਜਾਂਦੀ ਹੈ। ਦੁਕਾਨਦਾਰਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਇਸ ਮੰਗ ਨੂੰ ਜ਼ਿਲਾ ਪ੍ਰਸ਼ਾਸਨ ਨੇ ਨਾ ਮੰਨਿਆ ਤਾਂ ਉਹ ਸੰਘਰਸ਼ ਦਾ ਰਸਤਾ ਅਪਣਾਉਣਗੇ।
ਗਲੀਆਂ-ਸੜੀਆਂ ਸਬਜ਼ੀਆਂ ਨੂੰ ਸੁੱਟ ਕੇ ਚਲੇ ਜਾਂਦੇ ਹਨ ਸਬਜ਼ੀ ਵਿਕਰੇਤਾ
ਸਬਜ਼ੀ ਮੰਡੀ 'ਚ ਸਬਜ਼ੀ ਵਿਕਰੇਤਾਵਾਂ ਵੱਲੋਂ ਚੰਗੀਆਂ ਸਬਜ਼ੀਆਂ ਨੂੰ ਵੇਚ ਕੇ ਮੁਨਾਫਾ ਕਮਾ ਲਿਆ ਜਾਂਦਾ ਹੈ ਪਰ ਜਿਹੜੀਆਂ ਸਬਜ਼ੀਆਂ ਬੇਕਾਰ ਹੋ ਜਾਂਦੀਆਂ ਹਨ, ਉਨ੍ਹਾਂ ਨੂੰ ਕਿਸੇ ਡੰਪ 'ਚ ਸੁੱਟਣ ਦੀ ਬਜਾਏ ਰਸਤੇ 'ਚ ਹੀ ਸੁੱਟ ਦਿੰਦੇ ਹਨ, ਜਿਸ ਨਾਲ ਦੋਪਹੀਆ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਗਲੀਆਂ-ਸੜੀਆਂ ਸਬਜ਼ੀਆਂ ਤੋਂ ਆਉਣ ਵਾਲੀ ਬਦਬੂ ਕਾਰਨ ਲੋਕ ਮੂੰਹ ਢੱਕ ਕੇ ਲੰਘਣ ਲਈ ਮਜਬੂਰ ਹਨ।
ਟ੍ਰੈਫਿਕ ਜਾਮ ਦੀ ਸਮੱਸਿਆ ਹੈ ਬਰਕਰਾਰ
ਸਬਜ਼ੀ ਮੰਡੀ 'ਚ ਆਉਣ ਵਾਲੇ ਲੋਕ ਅਕਸਰ ਹੀ ਦੋਪਹੀਆ ਵਾਹਨਾਂ 'ਤੇ ਆਉਂਦੇ ਹਨ ਪਰ ਆਪਣੇ ਵਾਹਨਾਂ ਨੂੰ ਸੜਕ 'ਤੇ ਖੜ੍ਹੇ ਕਰ ਕੇ ਸਬਜ਼ੀ ਖਰੀਦਣ ਲਈ ਚਲੇ ਜਾਂਦੇ ਹਨ, ਜਿਸ ਤੋਂ ਬਾਅਦ ਜਾਮ ਲੱਗ ਜਾਂਦਾ ਹੈ।
ਚਲਾਨ ਕੱਟਣ 'ਚ ਮਸਰੂਫ ਰਹਿੰਦੀ ਹੈ ਟ੍ਰੈਫਿਕ ਪੁਲਸ
ਉਕਤ ਸਥਾਨ ਕੋਲ ਹੀ ਟ੍ਰੈਫਿਕ ਪੁਲਸ ਵੱਲੋਂ ਇਕ ਪੱਕਾ ਨਾਕਾ ਲਾ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਤਾਂ ਕੱਟੇ ਜਾਂਦੇ ਹਨ ਪਰ ਐਤਵਾਰ ਨੂੰ ਲੱਗਣ ਵਾਲੀ ਸਬਜ਼ੀ ਮੰਡੀ ਕਾਰਨ ਲੱਗਣ ਵਾਲੇ ਜਾਮ ਨਾਲ ਨਿਪਟਣ 'ਚ ਅਸਫਲ ਸਾਬਿਤ ਹੁੰਦੀ ਹੈ। ਚਲਾਨ ਕੱਟਣ ਨਾਲ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ, ਜਦਕਿ ਜਿਥੇ ਨਾਕਾ ਲੱਗਾ ਹੁੰਦਾ ਹੈ, ਉਥੇ ਵੀ ਮੰਡੀ ਲੱਗਦੀ ਹੈ।
ਆਖਿਰ ਕਦ ਰੁਕੇਗਾ ਖੁਸ਼ੀਆਂ ਮੌਕੇ ਫਾਇਰਿੰਗ ਦਾ ਸਿਲਸਿਲਾ
NEXT STORY