ਅੰਮ੍ਰਿਤਸਰ, (ਦਲਜੀਤ)- ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮਿਲਾਵਟਖੋਰੀ ਰੋਕਣ ਲਈ ਜ਼ਿਲੇ 'ਚ ਕਮਰ ਕੱਸ ਲਈ ਹੈ। ਸਹਾਇਕ ਫੂਡ ਕਮਿਸ਼ਨਰ ਰਜਿੰਦਰਪਾਲ ਸਿੰਘ ਦੀ ਅਗਵਾਈ ਵਿਚ ਅੱਜ ਟੀਮ ਨੇ ਸ਼ਹਿਰੀ ਅਤੇ ਦਿਹਾਤੀ ਖੇਤਰ 'ਚ ਛਾਪੇਮਾਰੀ ਕਰਦਿਆਂ 25 ਤੋਂ ਵੱਧ ਖਾਧ ਪਦਾਰਥਾਂ ਦੇ ਸੈਂਪਲ ਭਰੇ। ਟੀਮ ਨੇ ਸਪੱਸ਼ਟ ਕੀਤਾ ਕਿ ਟੈਸਟ ਲੈਬਾਰਟਰੀ ਤੋਂ ਭਰੇ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਸਹਾਇਕ ਫੂਡ ਕਮਿਸ਼ਨਰ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਅਜਨਾਲਾ ਰੋਡ, ਅਟਾਰੀ ਰੋਡ, ਲੋਹਗੜ੍ਹ, ਢਾਬ ਆਦਿ ਖੇਤਰਾਂ ਵਿਚ ਛਾਪੇਮਾਰੀ ਮੁਹਿੰਮ ਚਲਾਈ ਗਈ ਹੈ। ਖੇਤਰਾਂ ਤੋਂ ਦੁੱਧ, ਘਿਓ ਅਤੇ ਦੁੱਧ ਨਾਲ ਬਣੇ ਖਾਧ ਪਦਾਰਥਾਂ ਦੇ ਸੈਂਪਲ ਭਰੇ ਗਏ ਹਨ।
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਮਿਲਾਵਟਖੋਰਾਂ ਖਿਲਾਫ ਸ਼ਿਕੰਜਾ ਕੱਸਿਆ ਜਾਵੇ। ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੂਰੇ ਜ਼ਿਲੇ 'ਚ ਛਾਪੇਮਾਰੀ ਮੁਹਿੰਮ ਤੇਜ਼ ਕੀਤੀ ਗਈ ਹੈ। ਅਧਿਕਾਰੀਆਂ ਦੀ ਵੱਖ-ਵੱਖ ਜਗ੍ਹਾ 'ਤੇ ਨਿਯੁਕਤੀ ਕਰ ਕੇ ਸੈਂਪਲਿੰਗ ਕੀਤੀ ਜਾ ਰਹੀ ਹੈ। ਜਿਸ ਦੁਕਾਨਦਾਰ ਦੇ ਸੈਂਪਲ ਫੇਲ ਆ ਰਹੇ ਹਨ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਰਜਿੰਦਰਪਾਲ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਕੂਲਾਂ, ਕਾਲਜਾਂ, ਹਸਪਤਾਲਾਂ ਆਦਿ 'ਚ ਸਥਿਤ ਕੰਟੀਨਾਂ ਵਿਚ ਵੀ ਚੈਕਿੰਗ ਕੀਤੀ ਜਾਵੇਗੀ। ਇਸ ਮੌਕੇ ਸਿਵਲ ਸਰਜਨ ਦੇ ਪੀ. ਏ. ਰਘੂ ਤਲਵਾੜ, ਸਹਾਇਕ ਨਿਰਮਲ ਸਿੰਘ, ਰਣਜੀਤ ਕੁਮਾਰ, ਰਮੇਸ਼ ਕੁਮਾਰ ਤੇ ਹੋਰ ਮੌਜੂਦ ਸਨ।
ਗਲਤ ਰੀਅਲ ਅਸਟੇਟ ਪਾਲਿਸੀ ਨਾਲ ਮਾਮਲਾ ਵਿਭਾਗ ਨੂੰ 1000 ਕਰੋੜ ਦਾ ਘਾਟਾ
NEXT STORY