ਹਰਨੇਕ ਸਿੰਘ ਸੀਚੇਵਾਲ
9417333397
ਕੇਂਦਰ ਸਰਕਾਰ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਦਿੱਤੇ ਜਾਂਦੇ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਐਵਾਰਡ ਲਈ ਇਸ ਵਾਰ ਜਲੰਧਰ ਜ਼ਿਲੇ ਦੇ ਪਿੰਡ ਸੀਚੇਵਾਲ ਨੂੰ ਵੀ ਚੁਣਿਆ ਗਿਆ ਹੈ। ਪੰਚਾਇਤ ਨੂੰ ਦਿੱਤੇ ਜਾਂਦੇ ਇਸ ਸਨਮਾਨ ਦੀ ਰਾਸ਼ੀ 5 ਤੋਂ 10 ਲੱਖ ਰੁਪਏ ਹੋਵੇਗੀ। ਇਹ ਸਨਮਾਨ ਪਿੰਡ ’ਚ ਪੰਚਾਇਤ ਵਲੋਂ ਕੀਤੇ ਕੰਮਾਂ ਦੇ ਆਧਾਰ ’ਤੇ ਦਿੱਤੇ ਜਾਂਦੇ ਹਨ। 2018-19 ਦੇ ਸਨਮਾਨ ਨੂੰ ਪ੍ਰਾਪਤ ਕਰ ਕੇ ਸੀਚੇਵਾਲ ਨਿਵਾਸੀ ਖੁਸ਼ ਹਨ। ਉਨ੍ਹਾਂ ਦੀ ਖੁਸ਼ੀ ਜਾਇਜ਼ ਵੀ ਹੈ ਕਿਉਂਕਿ ਸਨਮਾਨ ਦੇ ਅਸਲ ਹੱਕਦਾਰ ਇਹ ਲੋਕ ਹੀ ਹਨ। ਬੱਚਿਆਂ ਦੇ ਖੇਡਣ ਲਈ ਖੇਡ ਮੈਦਾਨ ਹਨ, ਬੀਬੀਆਂ ਨੇ ਆਪਣੇ ਨਿੱਜੀ ਮਸਲਿਆਂ ਲਈ ਕਮੇਟੀ ਬਣਾਈ ਹੈ, ਪਾੜ੍ਹਿਆਂ ਲਈ ਸਿੱਖਿਆ ਸੰਸਥਾਨ ਹਨ, ਮਜ਼ਦੂਰਾਂ ਨੂੰ ਮਨਰੇਗਾ ਰਾਹੀਂ ਰੁਜ਼ਗਾਰ ਮਿਲਦਾ ਹੈ, ਕਿਸਾਨਾਂ ਨੇ ਖੇਤੀ ਲਈ ਯੋਗ ਪ੍ਰਬੰਧ ਕੀਤੇ ਹੋਏ ਹਨ। ਹੋਰ ਤਾਂ ਹੋਰ ਪੰਛੀਆਂ ਲਈ ਹਰੇ ਭਰੇ ਰੁੱਖ਼ਾਂ ਦੀ ਵੀ ਭਰਮਾਰ ਹੈ।
ਪਿੰਡ ਦਾ ਸਰਪੰਚ ਨੌਜਵਾਨ ਤੇਜਿੰਦਰ ਸਿੰਘ ਹੈ। ਤੇਜਿੰਦਰ ਪੜ੍ਹਿਆ-ਲਿਖਿਆ ਸੂਝਵਾਨ ਸਿਖਿਆਰਥੀ ਹੈ। ਸੰਗੀਤ ਦੀ ਮਾਸਟਰ ਸ਼੍ਰੇਣੀ ਦਾ ਸਿੱਖਿਆਰਥੀ ਹੁਣ ਪੀ. ਐੱਚ. ਡੀ. ਕਰ ਰਿਹਾ ਹੈ। ਸੀਚੇਵਾਲ ਦੇ ਲੋਕਾਂ ਦੇ ਵਿਸ਼ਵਾਸ ਅਤੇ ਆਪਸੀ ਭਾਈਚਾਰੇ ਕਰ ਕੇ ਤੇਜਿੰਦਰ ਸਿੰਘ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਤੇਜਿੰਦਰ ਸਿੰਘ ਅਨੁਸਾਰ ਇਸ ਸਨਮਾਨ ਦਾ ਸਿਹਰਾ ਸੰਤ ਬਲਬੀਰ ਸਿੰਘ, ਸਮੂਹ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਜਾਂਦਾ ਹੈ ਕਿਉਂਕਿ ਇਨ੍ਹਾਂ ਦੀ ਮਦਦ ਦੇ ਬਿਨਾਂ ਪਿੰਡ ’ਚ ਕੀਤੇ ਜਾ ਰਹੇ ਕਾਰਜ਼ ਸੰਭਵ ਨਹੀਂ ਸਨ। ਤੇਜਿੰਦਰ ਦੱਸਦਾ ਹੈ ਕਿ ਉਸ ਤੋਂ ਪਹਿਲਾਂ ਰਜਵੰਤ ਕੌਰ ਨੂੰ ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਸੀ ਅਤੇ ਰਜਵੰਤ ਦੇ ਕਾਰਜਕਾਲ ਦੌਰਾਨ ਪਿੰਡ ਦੇ ਬਹੁਤ ਸਾਰੇ ਕਾਰਜ ਹੋਏ ਸਨ, ਜਿਨ੍ਹਾਂ ਕਾਰਜ਼ਾਂ ਕਰ ਕੇ ਇਹ ਸਨਮਾਨ ਲੈਣਾ ਸੌਖਾ ਹੋਇਆ।
ਸੰਤ ਬਲਬੀਰ ਸਿੰਘ ਸੀਚੇਵਾਲ ਦੀ ਯੋਗ ਅਗਵਾਈ
ਵਾਤਾਵਰਣ ਪ੍ਰੇਮੀ ਵਜੋਂ ਜਾਣੇ ਜਾਂਦੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੇਵਾ ਦੇ ਕਾਰਜ ਪਿੰਡ ਤੋਂ ਹੀ ਆਰੰਭੇ ਸਨ। ਟਿੱਬਿਆਂ ਨੂੰ ਪੱਧਰਾ ਕਰ ਕੇ ਰਸਤਿਆਂ ਨੂੰ ਬਣਾਉਣ ਨਾਲ ਪੂਰੇ ਇਲਾਕੇ ਦਾ ਵਿਕਾਸ ਸੰਭਵ ਹੋ ਪਾਇਆ। ਅੱਜ ਸੀਚੇਵਾਲ ਪਿੰਡ ਨੂੰ 6 ਰਸਤੇ ਜਾਂਦੇ ਹਨ। ਸੀਚੇਵਾਲ ਨਿਵਾਸੀਆਂ ਨੇ ਦੋ ਵਾਰ ਲਗਾਤਾਰ ਬਾਬਾ ਜੀ ਨੂੰ ਸਰਬ ਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ। ਬਾਬਾ ਜੀ ਨੇ ਚਿਰਾਂ ਤੋਂ ਰੁਕੇ ਕਾਰਜਾਂ ਨੂੰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੂਰਾ ਕਰਵਾਇਆ। ਪਿੰਡ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੀਵਰੇਜ ਪੁਵਾਇਆ ਅਤੇ ਗਲੀਆਂ ਪੱਕੀਆਂ ਕਰਾਈਆਂ, ਪੂਰੇ ਪਿੰਡ ’ਚ ਬੂਟੇ ਲਾਏ, ਸਕੂਲ-ਕਾਲਜ ਬਣਵਾਏ, ਜਿੰਮ ਬਣਵਾਇਆ, ਖੇਡ ਮੈਦਾਨ ਤਿਆਰ ਕਰਵਾਉਣ ਜਿਹੇ ਅਨੇਕਾਂ ਕਾਰਜ਼ ਉਨ੍ਹਾਂ ਦੀ ਦੇਖ-ਰੇਖ ਹੇਠ ਹੋਏ।
ਪਿੰਡ ਦੀ ਸਾਫ਼-ਸਫ਼ਾਈ ਦੀ ਚਰਚਾ
ਪਿੰਡ ਦੀ ਸਾਫ਼-ਸਫ਼ਾਈ ਨੂੰ ਧਿਆਨ ’ਚ ਰੱਖਦਿਆਂ ਸੰਤ ਸੁਖਜੀਤ ਸਿੰਘ ਵੱਲੋਂ ਰੂੜ੍ਹੀਆ ਨੂੰ ਸਾਂਭਣ ਲਈ ਵਿਸ਼ੇਸ਼ ਕਿਸਮ ਦੀ ਦੇਸੀ ਮਸ਼ੀਨ ਤਿਆਰ ਕੀਤੀ ਗਈ ਹੈ, ਜੋ ਕਚਰੇ ਅਤੇ ਲਿਫ਼ਾਫ਼ਿਆਂ ਨੂੰ ਵੱਖ ਕਰ ਦਿੰਦੀ ਹੈ। ਬਾਅਦ ਵਿਚ ਇਹ ਰੂੜ੍ਹੀ ਨਰਸਰੀ ਜਾਂ ਖੱਤਿਆਂ ’ਚ ਦੇਸੀ ਖਾਦ ਵਜੋਂ ਕੰਮ ਆਉਂਦੀ ਹੈ। ਪਿੰਡ ਵਿਚ ਕੂੜਾ ਸਾਂਭਣ ਲਈ ਵੀ ਯੋਗ ਪ੍ਰਬੰਧ ਕੀਤਾ ਗਿਆ ਹੈ। ਪਿੰਡ ਦੀਆਂ ਸਾਰੀਆਂ ਗਲੀਆਂ ਇਸ ਵਕਤ ਪੱਕੀਆਂ ਹਨ, ਜਿਨ੍ਹਾਂ ਦੀ ਸਾਫ਼-ਸਫ਼ਾਈ ਵੀ ਲੋਕ ਖੁਦ ਕਰਦੇ ਹਨ।
ਪੀਣ ਯੋਗ ਸਾਫ਼ ਪਾਣੀ ਦੀ ਸਹੂਲਤ
ਸਰਪੰਚ ਤੇਜਿੰਦਰ ਸਿੰਘ ਦੱਸਦਾ ਹੈ ਕਿ ਜਦੋਂ ਇਸ ਸਨਮਾਨ ਦੀ ਚੋਣ ਕਰਨ ਵਾਲੀ ਟੀਮ ਆਈ ਸੀ ਤਾਂ ਉਨ੍ਹਾਂ ਨੂੰ ਪਿੰਡ ’ਚ ਚੱਲ ਰਹੇ 24 ਘੰਟੇ ਪੀਣ ਵਾਲੇ ਪਾਣੀ ਦੀ ਸਿਪਲਾਈ ਵਿਖਾਈ ਗਈ ਸੀ; ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਈ ਸੀ। ਹਰ ਘਰ ’ਚ ਪਾਣੀ ਦੇ ਪਾਇਪਾਂ ਅੱਗੇ ਮੀਟਰ ਲੱਗੇ ਹੋਏ ਹਨ; ਜਿਸਦਾ ਬਕਾਇਦਾ ਬਿੱਲ ਵੀ ਆਉਂਦਾ ਹੈ। ਪਾਣੀ ਵਾਲੀ ਮੋਟਰ ’ਤੇ ਜਨਰੇਟਰ ਦਾ ਵੀ ਪ੍ਰਬੰਧ ਹੈ ਤਾਂ ਜੋ ਬਿਜਲੀ ਕੱਟ ਦੌਰਾਨ ਵੀ ਪੀਣ ਵਾਲੇ ਪਾਣੀ ਦੀ ਘਾਟ ਨਾ ਆਵੇ। ਪਾਣੀ ਦੀ ਸਿਪਲਾਈ ਖੂਹਾਂ ’ਤੇ ਰਹਿੰਦੇ ਸੀਚੇਵਾਲ ਨਿਵਾਸੀਆਂ ਦੇ ਘਰਾਂ ਤੱਕ ਵੀ ਪਹੁੰਚਦੀ ਹੈ।
ਸੀਚੇਵਾਲ ਮਾਡਲ ਦੇ ਨਾਂ ਨਾਲ ਜਾਣਿਆ ਜਾਂਦਾ ਟਰੀਟਮੈਂਟ ਪਲਾਂਟ
ਤਕਰੀਬਨ 3 ਦਹਾਕੇ ਪਹਿਲਾਂ ਪਏ ਸੀਵਰੇਜ ਦੀ ਚਰਚਾ ਅੱਜ ਦੇਸ਼-ਵਿਦੇਸ਼ਾਂ ’ਚ ਹੋ ਰਹੀ ਹੈ। ਦੇਸੀ ਤਕਨੀਕ ਨਾਲ ਪਾਏ ਇਸ ਸੀਵਰੇਜ ਦੀ ਖਾਸੀਅਤ ਰਹੀ ਹੈ ਕਿ ਕਦੇ ਵੀ ਪਾਣੀ ਦੀ ਬਲਾਕਿੰਗ ਦੀ ਸਮੱਸਿਆ ਨਹੀਂ ਆਈ। ਹਰ ਘਰ ਦੇ ਅੱਗੇ ਛੋਟੀਆਂ ਹੋਜੀਆਂ ਬਣਾਈਆਂ ਗਈਆਂ ਹਨ; ਜਿਸਨੂੰ ਸਮੇਂ-ਸਮੇਂ ਘਰ ਵਾਲੇ ਆਸਾਨੀ ਨਾਲ ਸਾਫ਼ ਕਰ ਲੈਂਦੇ ਹਨ। ਸਾਰੇ ਪਿੰਡ ਦਾ ਪਾਣੀ ਛੱਪੜ ’ਚ ਪਾਉਣ ਤੋਂ ਪਹਿਲਾਂ ਤਿੰਨ ਖੂਹੀਆਂ ’ਚੋਂ ਦੀ ਲੰਘਾਇਆ ਜਾਂਦਾ ਹੈ ਜਿੱਥੇ ਹਰ ਤਰ੍ਹਾਂ ਦੀ ਗੰਦਗੀ ਜਾਂ ਗਾਰ ਸਾਫ਼ ਹੋ ਜਾਂਦੀ ਹੈ। ਟੇਪਰ ਦੀਵਾਰਾਂ ਨਾਲ ਪੱਕਾ ਕੀਤਾ ਛੱਪੜ ਬਦਬੋ ਰਹਿਤ ਹੀ ਨਹੀਂ ਸਗੋਂ ਕਿਨਾਰੇ ਲੱਗੇ ਫੁੱਲਾਂ ਅਤੇ ਫ਼ਲਾਂ ਦੇ ਰੁੱਖ਼ ਮਹਿਕਾਂ ਬਿਖੇਰਦੇ ਹਨ।
ਕਿਸਾਨਾਂ ਲਈ ਕੁਦਰਤੀ ਖਾਦ ਦਾ ਰੂਪ ਛੱਪੜ ਦਾ ਪਾਣੀ
ਗੌਰਤਲਬ ਹੈ ਕਿ ਛੱਪੜ ’ਚ ਇਕੱਠਾ ਕੀਤਾ ਪਾਣੀ ਮੋਟਰ ਰਾਹੀਂ ਕਿਸਾਨ ਖੇਤੀ ਨੂੰ ਲਗਾਉਂਦੇ ਹਨ। ਰਸਾਇਣ ਰਹਿਤ ਇਹ ਪਾਣੀ ਦੇਸੀ ਖਾਦ ਦਾ ਕੰਮ ਕਰਦਾ ਹੈ। ਇਸ ਪਾਣੀ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਦੀਆਂ ਫ਼ਸਲਾਂ ਖਾਦ ਜਾਂ ਰੇਆਂ-ਸਪ੍ਰੇਆਂ ਬਿਨਾਂ ਹੀ ਵਧੀਆ ਝਾੜ ਦੇ ਰਹੀਆਂ ਹਨ। ਇਸ ਤਰ੍ਹਾਂ ਜਿੱਥੇ ਇਸ ਪਾਣੀ ਨੂੰ ਟਰੀਟ ਕਰ ਕੇ ਖੇਤੀ ਨੂੰ ਲਗਾਇਆ ਜਾਂਦਾ ਹੈ ਉਥੇ ਧਰਤੀ ਹੇਠਲੇ ਪਾਣੀ ਦੀ ਬਚਤ ਲਈ ਵੀ ਇਹ ਤਕਨੀਕ ਲਾਹੇਵੰਦ ਸਾਬਿਤ ਹੋ ਰਹੀ ਹੈ।
ਖੇਡ ਮੈਦਾਨਾਂ ਦੀ ਧੂੜ ਦਾ ਕਮਾਲ
ਸੀਚੇਵਾਲ ’ਚ ਕਬੱਡੀ, ਵਾਲੀਬਾਲ, ਖੋ-ਖੋ, ਰੱਸਾ-ਕਸ਼ੀ, ਹਾਕੀ ਆਦਿ ਕਈ ਖੇਡ ਮੈਦਾਨ ਵੀ ਬਣੇ ਹੋਏ ਹਨ; ਜਿੱਥੇ ਸਵੇਰੇ-ਸ਼ਾਮ ਖਿਡਾਰੀ ਮਿਹਨਤ ਕਰਨ ਆਉਂਦੇ ਹਨ। ਹਾਕੀ ਦਾ ਖੇਡ ਮੈਦਾਨ ਅੰਤਰਰਾਸ਼ਟਰੀ ਪੱਧਰ ਦਾ ਹੈ ਜਿਸ ’ਚ ਐਸਟਰੋਟਰਫ਼ ਲੱਗੀ ਹੋਈ ਹੈ। ਖੇਡ ਮੈਦਾਨ ’ਚ ਰੋਸ਼ਨੀ ਦਾ ਵੀ ਪੂਰਾ ਪ੍ਰਬੰਧ ਹੈ ਤਾਂ ਜੋ ਦੇਰ ਰਾਤ ਤੱਕ ਵੀ ਖੇਡਿਆ ਜਾ ਸਕੇ। ਇਹ ਸੀਚੇਵਾਲ ਦੇ ਖੇਡ ਮੈਦਾਨਾਂ ਦੀ ਧੂੜ ਦਾ ਹੀ ਕਮਾਲ ਹੈ ਕਿ ਇੱਥੇ ਖੇਡੇ ਕਈ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਤੱਕ ਨਾਮ ਕਮਾਇਆ ਹੈ।
ਬੂਟਿਆਂ ਦੀਆਂ ਨਰਸਰੀਆਂ ਦੀ ਦੇਣ
ਕਿਸੇ ਸਮੇਂ ਕੱਚਿਆਂ ਰਸਤਿਆਂ ਅਤੇ ਝਾੜੀਆਂ ’ਚ ਘਿਰਿਆ ਪਿੰਡ ਸੀਚੇਵਾਲ ਅੱਜ ਬੂਟਿਆਂ ਦੀਆਂ ਨਰਸਰੀਆਂ ਪੱਖੋਂ ਵੀ ਮਸ਼ਹੂਰ ਹੈ। ਹਰ ਸਾਲ ਦੀ ਤਰ੍ਹਾਂ ਬਾਬੇ ਨਾਨਕ ਦੇ 550 ਵੇਂ ਪ੍ਰਕਾਸ਼ ਉਤਸਵ ਸਮੇਂ ਵੀ 5 ਲੱਖ ਤੋਂ ਵਧੇਰੇ ਰੁੱਖ ਵੰਡੇ ਅਤੇ ਲਾਏ ਗਏ। ਪਿੰਡ ’ਚ ਅੰਬ, ਅਮਰੂਦ, ਨਿੰਬੂ, ਜਾਮਣ, ਬੋਹੜ, ਪਿੱਪਲ, ਟਾਹਲੀ, ਨਿੰਮ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਰੁੱਖ਼ ਲੱਗੇ ਹੋਏ ਹਨ। ਇਨ੍ਹਾਂ ਰੁੱਖ਼ਾਂ ਦੀ ਸਾਂਭ-ਸੰਭਾਲ ਵੀ ਪਿੰਡ ਵਾਸੀ ਖੁਦ ਕਰਦੇ ਹਨ। ਕਿਸੇ ਸਮੇਂ ਰੁੱਖ਼ਾਂ ਦੀ ਘਾਟ ਕਾਰਨ ਪਿੰਡ ’ਚ ਮੋਰਾਂ ਦੀ ਗਿਣਤੀ ਖਤਮ ਹੋਣ ਕਿਨਾਰੇ ਪਹੁੰਚ ਗਈ ਸੀ ਪਰ ਹੁਣ ਪਿੰਡ ਦੀ ਹਰਿਆਲੀ ਨੂੰ ਵੇਖਦਿਆਂ ਮੋਰ ਮੁੜ ਪੈਲਾਂ ਪਾਉਣ ਲਈ ਬਹੁੜ ਆਏ ਹਨ।
ਮਹਿੰਗੇ ਪੈਲਸਾਂ ਦੀ ਲੋੜ ਨੂੰ ਪੂਰਾ ਕਰਦਾ ਹਾਲ
ਪੰਚਾਇਤ ਦੇ ਸਹਿਯੋਗ ਨਾਲ ਇਕ ਹਾਲ ਬਣਾਇਆ ਗਿਆ ਹੈ ਜੋ ਮਹਿੰਗੇ ਪੈਲਸਾਂ ਦੀ ਥਾਂ ਵਿਆਹਾਂ ਜਾਂ ਹੋਰ ਸਮਾਗਮਾਂ ਸਮੇਂ ਪਿੰਡ ਵਾਸੀਆਂ ਲਈ ਵਰਦਾਨ ਸਾਬਿਤ ਹੋਇਆ ਹੈ। ਹਾਲ ਦੇ ਨਾਲ ਹੀ ਰਸੋਈ ਵੀ ਬਣਾਈ ਹੈ; ਜੋ ਸਮਾਗਮਾਂ ਸਮੇਂ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਨ ’ਚ ਸਹਾਈ ਹੁੰਦੀ ਹੈ। ਪਿੰਡ ਦੇ ਸਾਂਝੇ ਸਮਾਗਮਾਂ ਤੋਂ ਇਲਾਵਾ ਕੋਈ ਵੀ ਪਿੰਡ ਵਾਸੀ ਇਸ ਹਾਲ ਨੂੰ ਆਪਣੀ ਸਹੂਲਤ ਲਈ ਵਰਤ ਸਕਦਾ ਹੈ।
ਗਿਆਨ ਦੇ ਸੋਮੇ ਸਕੂਲ ਅਤੇ ਕਾਲਜ
ਕੋਈ ਸਮਾਂ ਸੀ ਜਦੋਂ ਪਿੰਡ ਦੇ ਨੌਜਵਾਨ ਨਕੋਦਰ ਜਾਂ ਜਲੰਧਰ ਪੜ੍ਹਨ ਲਈ ਜਾਂਦੇ ਸਨ। ਪਰ ਹੁਣ ਪਿੰਡ ’ਚ ਹੀ ਕਾਲਜ ਅਤੇ ਦੋ ਸਕੂਲ ਬਣ ਚੁੱਕੇ ਹਨ। ਨਰਸਰੀ ਤੋਂ ਲੈ ਕੇ ਐੱਮ. ਏ. ਤੱਕ ਦੀ ਪੜ੍ਹਾਈ ਇੱਥੇ ਹੀ ਕੀਤੀ ਜਾ ਸਕਦੀ ਹੈ। ਸਰਕਾਰੀ ਮਿਡਲ ਸਕੂਲ, ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸਕੂਲ ਅਤੇ ਕਾਲਜ ਨੇ ਪੂਰੇ ਇਲਾਕੇ ’ਚ ਗਿਆਨ ਦਾ ਚਾਨਣ ਵੰਡਿਆ ਹੈ। ਕਾਲਜ ਦੇ ਉੱਪ-ਪ੍ਰਿੰਸੀਪਲ ਕੁਲਵਿੰਦਰ ਸਿੰਘ ਦੱਸਦੇ ਨੇ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੁਨੇਹੇ ‘ਮੁੰਡਾ ਹੋਵੇ ਜਾਂ ਕੁੜੀ ਕੋਈ ਵੀ ਗ਼ਰੀਬੀ ਕਾਰਨ ਪੜ੍ਹਾਈ ਤੋਂ ਵਾਂਝਾ ਨਾ ਰਹੇ’ ਨੇ ਕਈ ਲੋੜਵੰਦ ਸਿੱਖਿਆਰਥੀਆਂ ਨੂੰ ਅੱਖਰੀ ਗਿਆਨ ਦੇ ਕੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਪਰ ਬਖ਼ਸ਼ੇ ਹਨ। ਸਕੂਲ ਵਿਚ ਪੰਜਾਬੀ-ਅੰਗਰੇਜ਼ੀ ਦੋਨੋਂ ਮਾਧਿਅਮਾਂ ’ਚ ਪੜ੍ਹਾਈ ਕਰਵਾਈ ਜਾਂਦੀ ਹੈ। ਕਾਲਜ ’ਚ ਬੀ. ਏ., ਬੀ. ਸੀ. ਏ., ਬੀ. ਐੱਸ. ਸੀ. ਤੋਂ ਇਲਾਵਾ ਮਾਸਟਰ ਡਿਗਰੀ ਦੇ ਕੋਰਸ ਵੀ ਚੱਲ ਰਹੇ ਹਨ।
ਅਵਤਾਰ ਕਮਿਊਨਿਟੀ ਰੇਡੀਓ
ਸਾਲ 2012 ’ਚ ਅਵਤਾਰ ਕਮਿਊਨਿਟੀ ਰੇਡੀਓ ਦੀ ਸਥਾਪਨਾ ਕੀਤੀ ਗਈ ਸੀ। ਵਾਤਾਵਰਣ, ਸਿਹਤ ਅਤੇ ਸਿੱਖਿਆ ਦਾ ਸੁਨੇਹਾ ਦਿੰਦੇ ਰੇਡੀਓ ਦੇ ਬੋਲ ਇਲਾਕੇ ਦੇ ਲੋਕਾਂ ਲਈ ਰਾਹਦਸੇਰਾ ਬਣ ਚੁੱਕੇ ਹਨ। ਸ਼ੋਰ ਸ਼ਰਾਬੇ ਵਾਲੇ ਗੀਤਾਂ ਤੋਂ ਦੂਰ ਸਮਾਜਕ ਮਸਲਿਆਂ ’ਤੇ ਸੰਵਾਦ ਅਤੇ ਸਾਰਥਿਕ ਵਿਚਾਰਾਂ ਦੀ ਤਰਜਮਾਨੀ ਕਰਦਾ ਅਵਤਾਰ ਰੇਡੀਓ ਨਵੀਆਂ ਪੈੜਾਂ ਪਾ ਰਿਹਾ ਹੈ।
ਰਾਤ ਨੂੰ ਜਗਮਗਾਉਂਦਾ ਸੀਚੇਵਾਲ
ਇਸ ਸਮੇਂ ਪੂਰੇ ਪਿੰਡ ਦੀਆਂ ਗਲੀਆਂ ’ਚ ਸੂਰਜੀ ਲਾਈਟਾਂ ਲੱਗ ਚੁੱਕੀਆਂ ਹਨ। ਰਾਤ ਸਮੇਂ ਵੀ ਗਲੀਆਂ ਦੀ ਰੋਸ਼ਨੀ ਦਿਨ ਹੋਣ ਦਾ ਅਹਿਸਾਸ ਦਿਵਾਉਂਦੀ ਹੈ। ਇਨ੍ਹਾਂ ਸਾਰੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਸਰਕਾਰੀ ਗ੍ਰਾਂਟਾਂ ਤੋਂ ਇਲਾਵਾ ਪਿੰਡ ਦੀ ਪੰਚਾਇਤੀ ਜ਼ਮੀਨ ਦਾ ਠੇਕਾ ਅਤੇ ਐੱਨ. ਆਰ. ਆਈ. ਸੱਜਣਾਂ ਦਾ ਅਹਿਮ ਸਹਿਯੋਗ ਹੈ।
ਮੋਹਾਲੀ 'ਚ ਘਰੇਲੂ ਇਕਾਂਤਵਾਸ ਲਾਗੂ ਕਰਨ ਲਈ ਸਖਤ ਹੋਇਆ ਪ੍ਰਸ਼ਾਸਨ
NEXT STORY