ਜਲੰਧਰ — ਜਲੰਧਰ ਜ਼ਿਲ੍ਹੇ ਵਿਚ ਅੱਜ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਨੂੰ ਗੁਰੂਆਂ-ਪੀਰਾਂ ਦੀ ਧਰਤੀ ਅਤੇ ਮੇਲਿਆਂ ਦਾ ਸੂਬਾ ਕਿਹਾ ਜਾਂਦਾ ਹੈ, ਜਿਨ੍ਹਾਂ 'ਚ ਜਲੰਧਰ 'ਚ ਲੱਗਣ ਵਾਲਾ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ। ਭਾਦੋਂ ਮਹੀਨੇ ਦੀ ਅਨੰਤ ਚੌਦਸ ਨੂੰ ਹਰ ਸਾਲ ਇਸ ਮੇਲੇ ਦਾ ਆਯੋਜਨ ਸੋਢਲ ਮੰਦਿਰ ਦੇ ਨੇੜੇ-ਤੇੜੇ ਹੁੰਦਾ ਹੈ।
ਇਥੇ ਦੱਸਣਯੋਗ ਹੈ ਕਿ ਮੇਲਾ ਤਿੰਨ-ਚਾਰ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਦੋ-ਤਿੰਨ ਦਿਨ ਬਾਅਦ ਵੀ ਜਾਰੀ ਰਹਿੰਦਾ ਹੈ। ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲੱਖਾਂ ਦੀ ਗਿਣਤੀ 'ਚ ਭਗਤ ਲੋਕ ਮੇਲੇ ਦੌਰਾਨ ਬਾਬਾ ਸੋਢਲ ਦੇ ਦਰ 'ਤੇ ਮੱਥਾ ਟੇਕਦੇ ਹਨ ਅਤੇ ਮੁਰਾਦਾਂ ਮੰਗਦੇ ਹਨ। ਜਿਨ੍ਹਾਂ ਭਗਤਾਂ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ਉਹ ਵਾਜਿਆਂ ਨਾਲ ਸੋਢਲ ਬਾਬਾ ਦੇ ਦਰ 'ਤੇ ਮੱਥਾ ਟੇਕਣ ਪਰਿਵਾਰ ਨਾਲ ਨੱਚਦੇ-ਗਾਉਂਦੇ ਜਾਂਦੇ ਹਨ। ਇਹ ਮੰਦਿਰ ਸਿੱਧ ਸਥਾਨ ਵਜੋਂ ਕਾਫ਼ੀ ਮਸ਼ਹੂਰ ਹੈ ਅਤੇ ਇਸ ਦਾ ਇਤਿਹਾਸ ਲਗਭਗ 200 ਸਾਲ ਪੁਰਾਣਾ ਹੈ। ਚੱਢਾ ਬਰਾਦਰੀ ਦੇ ਲੋਕ ਇਸ ਨੂੰ ਆਪਣੇ ਜਠੇਰਿਆਂ ਦਾ ਸਥਾਨ ਮੰਨਦੇ ਹਨ।
ਇਹ ਵੀ ਪੜ੍ਹੋ: ਜਲੰਧਰ ਪੁਲਸ ਦੀ ਵੱਡੀ ਸਫ਼ਲਤਾ, ਗੁੱਜਰ ਗੈਂਗ ਦੇ ਤਿੰਨ ਸ਼ੂਟਰ ਹਥਿਆਰਾਂ ਸਣੇ ਕੀਤੇ ਗ੍ਰਿਫ਼ਤਾਰ
ਜਾਣੋ ਕੀ ਹੈ ਬਾਬਾ ਸੋਢਲ ਜੀ ਦਾ ਇਤਿਹਾਸ
ਮੰਨਿਆ ਜਾਂਦਾ ਹੈ ਕਿ ਅੱਜ ਜਿਸ ਸਥਾਨ 'ਤੇ ਬਾਬਾ ਸੋਢਲ ਜੀ ਦਾ ਮੰਦਿਰ ਅਤੇ ਸਰੋਵਰ ਬਣਿਆ ਹੋਇਆ ਹੈ ਪਹਿਲਾਂ ਇਥੇ ਇਕ ਤਲਾਬ ਅਤੇ ਸੰਤ ਦੀ ਕੁਟੀਆ ਹੀ ਹੁੰਦੀ ਸੀ। ਸੰਤ ਸ਼ਿਵ ਜੀ ਦੇ ਭਗਤ ਸਨ ਅਤੇ ਲੋਕ ਉਨ੍ਹਾਂ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਸਨ। ਚੱਢਾ ਪਰਿਵਾਰ ਦੀ ਇਕ ਨੂੰਹ ਜੋ ਅਕਸਰ ਉਦਾਸ ਜਿਹੀ ਰਹਿੰਦੀ ਸੀ, ਇਕ ਵਾਰ ਸੰਤ ਜੀ ਕੋਲ ਆਈ। ਸੰਤ ਨੇ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਕੋਈ ਸੰਤਾਨ ਨਾ ਹੋਣ ਕਾਰਨ ਉਹ ਦੁਖ਼ੀ ਜੀਵਨ ਬਤੀਤ ਕਰ ਰਹੀ ਹੈ।
ਇਹ ਵੀ ਪੜ੍ਹੋ: ਅਟੁੱਟ ਸ਼ਰਧਾ ਤੇ ਅਥਾਹ ਆਸਥਾ ਦਾ ਪ੍ਰਤੀਕ ਹਨ 'ਬਾਬਾ ਸੋਢਲ' ਜੀ
ਮਾਂ ਦੀਆਂ ਝਿੜਕਾਂ ਤੋਂ ਬਾਅਦ ਤਲਾਬ 'ਚ ਸਮਾ ਗਏ ਸਨ ਬਾਬਾ ਸੋਢਲ
ਸੰਤ ਜੀ ਨੇ ਉਸ ਸਮੇਂ ਤਾਂ ਉਸ ਨੂੰ ਦਿਲਾਸਾ ਦੇ ਦਿੱਤਾ ਅਤੇ ਬਾਅਦ 'ਚ ਭੋਲੇ ਭੰਡਾਰੀ ਅੱਗੇ ਉਸ ਨੂੰ ਸੰਤਾਨ ਦੇਣ ਲਈ ਪ੍ਰਾਰਥਨਾ ਕੀਤੀ। ਮੰਨਿਆ ਜਾਂਦਾ ਹੈ ਕਿ ਭੋਲੇ ਭੰਡਾਰੀ ਦੀ ਕਿਰਪਾ ਨਾਲ ਨਾਗ ਦੇਵਤਾ ਨੇ ਉਸ ਔਰਤ ਦੀ ਕੁੱਖੋਂ ਬੱਚੇ ਦੇ ਰੂਪ 'ਚ ਜਨਮ ਲਿਆ। ਜਦੋਂ ਬੱਚਾ ਲਗਭਗ ਚਾਰ ਸਾਲ ਦਾ ਸੀ ਤਾਂ ਉਸ ਦੀ ਮਾਤਾ ਉਸ ਨੂੰ ਨਾਲ ਲੈ ਕੇ ਉਸੇ ਤਲਾਬ 'ਤੇ ਕੱਪੜੇ ਧੌਣ ਆਈ। ਬੱਚਾ ਸ਼ਰਾਰਤੀ ਸੀ ਅਤੇ ਖੇਡਦੇ ਹੋਏ ਭੁੱਖ ਦਾ ਬਹਾਨਾ ਕਰਕੇ ਮਾਤਾ ਨੂੰ ਘਰ ਪਰਤਣ ਦੀ ਜ਼ਿੱਦ ਕਰ ਰਿਹਾ ਸੀ। ਮਾਂ ਕਿਉਂਕਿ ਕੰਮ ਛੱਡਣ ਨੂੰ ਤਿਆਰ ਨਹੀਂ ਸੀ ਇਸ ਲਈ ਉਸ ਨੇ ਬੱਚੇ ਨੂੰ ਖੂਬ ਝਿੜਕਿਆ। ਅਜਿਹੇ ਵਿਚ ਮਾਤਾ ਨੇ ਆਪਣੇ ਪੁੱਤਰ ਨੂੰ ਗੁੱਸੇ ਵਿਚ ਕਿਹਾ, ‘ਜਾ ਗਰਕ ਜਾ।’ ਮਾਂ ਦੀਆਂ ਝਿੜਕਾਂ ਤੋਂ ਬਾਅਦ ਗੁੱਸੇ 'ਚ ਆਇਆ ਬੱਚਾ ਤਲਾਬ 'ਚ ਸਮਾ ਗਿਆ ਅਤੇ ਅੱਖਾਂ ਤੋਂ ਪਰ੍ਹੇ ਹੋ ਗਿਆ। ਇਕੋ-ਇਕ ਪੁੱਤਰ ਦਾ ਇਹ ਹਸ਼ਰ ਦੇਖ ਕੇ ਮਾਤਾ ਰੋਣ-ਕੁਰਲਾਉਣ ਲੱਗ ਗਈ, ਜਿਸ ਤੋਂ ਬਾਅਦ ਬਾਬਾ ਸੋਢਲ ਨਾਗ ਰੂਪ 'ਚ ਉਸੇ ਸਥਾਨ ਤੋਂ ਤਲਾਬ ਤੋਂ ਬਾਹਰ ਆਏ ਅਤੇ ਕਿਹਾ ਕਿ ਜੋ ਕੋਈ ਵੀ ਸੱਚੇ ਮਨ ਨਾਲ ਮਨੋਕਾਮਨਾ ਮੰਗੇਗਾ ਉਸ ਦੀ ਇੱਛਾ ਜ਼ਰੂਰ ਪੂਰੀ ਹੋਵੇਗੀ। ਅਜਿਹਾ ਕਹਿ ਕੇ ਨਾਗ ਦੇਵਤਾ ਦੇ ਰੂਪ 'ਚ ਬਾਬਾ ਸੋਢਲ ਜੀ ਮੁੜ ਤਲਾਬ 'ਚ ਸਮਾ ਗਏ।
ਇਹ ਬਾਬਾ ਸੋਢਲ ਜੀ ਦੇ ਪ੍ਰਤੀ ਲੋਕਾਂ ਦੀ ਅਥਾਹ ਸ਼ਰਧਾ ਅਤੇ ਵਿਸ਼ਵਾਸ ਹੈ ਕਿ ਹਰ ਸਾਲ ਬਾਬਾ ਸੋਢਲ ਮੇਲੇ ਦਾ ਸਰੂਪ ਵਧਦਾ ਹੀ ਜਾ ਰਿਹਾ ਹੈ। ਮੇਲਾ ਖੇਤਰ ਕਈ ਕਿਲੋਮੀਟਰ 'ਚ ਫੈਲ ਚੁੱਕਾ ਹੈ ਅਤੇ ਹਰ ਸਾਲ ਸ਼ਰਧਾਲੂਆਂ ਦੀ ਗਿਣਤੀ ਪਹਿਲਾਂ ਦੀ ਬਜਾਏ ਵਧਦੀ ਜਾ ਰਹੀ ਹੈ। ਭਗਤ ਲੋਕ ਭੇਟਾ ਵਜੋਂ ਬਾਬਾ ਸੋਢਲ ਨੂੰ ਮੱਠੀ ਅਤੇ ਰੋਟ ਦਾ ਪ੍ਰਸ਼ਾਦ ਚੜ੍ਹਾਉਂਦੇ ਹਨ ਅਤੇ ਸਰੋਵਰ 'ਤੇ ਜਾ ਕੇ ਪਵਿੱਤਰ ਜਲ ਦਾ ਛੱਟਾ ਲੈਂਦੇ ਹਨ ਅਤੇ ਉਸ ਨੂੰ ਚਰਣ ਅੰਮ੍ਰਿਤ ਵਾਂਗ ਪੀਂਦੇ ਹਨ।
ਇਹ ਵੀ ਪੜ੍ਹੋ: ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦਾ ਆਗਾਜ਼, ਦੋਆਬਾ ਚੌਂਕ ਸਣੇ ਇਹ 11 ਰਸਤੇ ਕੀਤੇ ਗਏ ਡਾਇਵਰਟ
ਇਹ ਜਾਰੀ ਕੀਤਾ ਗਿਆ ਰੂਟ ਪਲਾਨ
ਏ. ਡੀ. ਸੀ. ਪੀ. ਟਰੈਫਿਕ ਕੰਵਰਜੀਤ ਸਿੰਘ ਚਾਹਲ ਨੇ ਦੱਸਿਆ ਕਿ 8 ਤੋਂ 10 ਸਤੰਬਰ ਤੱਕ ਦੋਆਬਾ ਚੌਂਕ ਤੋਂ ਕਿਸੇ ਵੀ ਵਾਹਨ ਨੂੰ ਮੰਦਿਰ ਵੱਲ ਨਹੀਂ ਆਉਣ ਦਿੱਤਾ ਜਾਵੇਗਾ, ਜਦਕਿ ਕਿਸ਼ਨਪੁਰਾ ਚੌਂਕ ਤੋਂ ਹੈਵੀ ਵ੍ਹੀਕਲਾਂ ਅਤੇ ਹੋਰ ਗੱਡੀਆਂ ਨੂੰ ਲੰਮਾ ਪਿੰਡ ਚੌਂਕ ਵੱਲ ਮੂਵ ਕਰਵਾਇਆ ਜਾਵੇਗਾ। ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਦੋਆਬਾ ਚੌਂਕ ਤੋਂ ਲੈ ਕੇ ਪਠਾਨਕੋਟ ਚੌਂਕ ਤੱਕ, ਛੋਟਾ ਸਈਪੁਰ, ਵੱਡਾ ਸਈਪੁਰ, ਸ਼੍ਰੀ ਦੇਵੀ ਤਲਾਬ ਦੇ ਬਾਹਰ ਰਾਮ ਨਗਰ, ਵਰਕਸ਼ਾਪ ਚੌਂਕ ਵਿਚ ਪਾਰਕ ਕੀਤੇ ਜਾ ਸਕਦੇ ਹਨ। ਟਾਂਡਾ ਚੌਂਕ, ਅੱਡਾ ਹੁਸ਼ਿਆਰਪੁਰ ਚੌਂਕ, ਚੰਦਨ ਨਗਰ ਰੇਲਵੇ ਕਰਾਸਿੰਗ, ਨਿਊ ਸਬਜ਼ੀ ਮੰਡੀ ਇੰਡਸਟਰੀਅਲ ਏਰੀਆ, ਪਟੇਲ ਚੌਂਕ, ਰਾਮ ਨਗਰ ਫਾਟਕ, ਰੇਲਵੇ ਕਰਾਸਿੰਗ ਟਾਂਡਾ ਫਾਟਕ, ਗਾਜ਼ੀਗੁੱਲਾ ਚੌਂਕ ਅਤੇ ਪਠਾਨਕੋਟ ਚੌਂਕ ਤੋਂ ਮੰਦਿਰ ਵੱਲ ਕਿਸੇ ਵੀ ਵਾਹਨ ਨੂੰ ਨਹੀਂ ਆਉਣ ਦਿੱਤਾ ਜਾਵੇਗਾ। ਡਾਇਵਰਟ ਕੀਤੇ ਰਸਤਿਆਂ ’ਤੇ ਲੋਕਾਂ ਦੀ ਸਹੂਲਤ ਲਈ ਟਰੈਫਿਕ ਮੁਲਾਜ਼ਮ ਮੌਜੂਦ ਰਹਿਣਗੇ। ਸੋਢਲ ਫਾਟਕ ਵੀ ਦੋ ਦਿਨਾਂ ਲਈ ਬੰਦ ਰਹੇਗਾ। ਏ. ਡੀ. ਸੀ. ਪੀ. ਚਾਹਲ ਨੇ ਕਿਹਾ ਕਿ ਲੋਕ ਡਾਇਵਰਟ ਕੀਤੇ ਰੂਟ ਦੀ ਹੀ ਵਰਤੋਂ ਕਰਨ। ਇਸ ਤੋਂ ਇਲਾਵਾ ਲੋਕ ਟਰੈਫਿਕ ਪੁਲਸ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ 0181-2227296 ’ਤੇ ਵੀ ਸੰਪਰਕ ਕਰ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੀਤ ਹੇਅਰ ਤੇ ਡਾ.ਨਿੱਜਰ ਨੇ ਨਗਰ ਨਿਗਮ ਦੇ ਸੇਵਾ ਕੇਂਦਰ ਦੀ ਕੀਤੀ ਅਚਨਚੇਤੀ ਚੈਕਿੰਗ, ਦਿੱਤੇ ਜਾਂਚ ਦੇ ਆਦੇਸ਼
NEXT STORY