ਅੰਮ੍ਰਿਤਸਰ (ਛੀਨਾ) - ਕਾਂਗਰਸ ਪਾਰਟੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਸ਼ੁਰੂ ਹੋ ਚੁੱਕੀ ਖਿੱਚੋਤਾਣ ਤੇ ਅੰਮ੍ਰਿਤਸਰ 'ਚ ਮੇਅਰ ਦੀ ਚੋਣ ਮੌਕੇ ਸਹੁੰ ਚੁੱਕ ਸਮਾਗਮ ਦਾ ਸਿੱਧੂ ਧੜੇ ਦੇ ਕੌਂਸਲਰਾਂ ਵੱਲੋਂ ਬਾਈਕਾਟ ਕੀਤੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਨੇ ਵਿਅੰਗ ਕੱਸਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਿਸੇ ਵੀ ਪਾਰਟੀ ਦਾ ਸਕਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਿੱਧੂ ਨੂੰ ਅਕਾਲੀ-ਭਾਜਪਾ ਗਠਜੋੜ ਨੇ ਪਲਕਾਂ 'ਤੇ ਬਿਠਾਉਂਦਿਆਂ ਹੱਦੋਂ ਵੱਧ ਮਾਣ-ਸਨਮਾਨ ਦਿੱਤਾ ਸੀ ਤੇ ਲੋਕ ਨਾਇਕ ਪ੍ਰਕਾਸ਼ ਸਿਘ ਬਾਦਲ ਉਸ ਨੂੰ ਆਪਣੇ ਪੁੱਤਰ ਸਮਾਨ ਸਮਝਦੇ ਸਨ ਪਰ ਸਿੱਧੂ ਜਦੋਂ ਉਨ੍ਹਾਂ ਦਾ ਨਹੀਂ ਹੋਇਆ ਤਾਂ ਕਾਂਗਰਸ ਪਾਰਟੀ ਦੀ ਕਿਥੋਂ ਹੋਵੇਗਾ। ਰਾਣਾ ਪਲਵਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਹਰ ਜਗ੍ਹਾ ਸਿਰਫ ਆਪਣੀ ਹੀ ਚੌਧਰ ਚਲਾਉਣੀ ਚਾਹੁੰਦਾ ਹੈ, ਜਿਸ ਦੇ ਪਿੱਛੇ ਲੱਗ ਕੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਨ ਵਾਲੇ ਕੌਂਸਲਰਾਂ ਨੂੰ ਜ਼ਰਾ ਆਪਣੇ ਇਲਾਕੇ ਦੇ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ, ਜਿਨ੍ਹਾਂ ਨੇ ਉਨ੍ਹਾਂ 'ਤੇ ਕਈ ਤਰ੍ਹਾਂ ਦੀਆਂ ਆਸਾਂ ਲਾ ਕੇ ਉਨ੍ਹਾਂ ਨੂੰ ਨਿਗਮ ਹਾਊਸ 'ਚ ਭੇਜਿਆ ਹੈ।
ਰਾਣਾ ਨੇ ਕਿਹਾ ਕਿ ਭਾਵੇਂ ਸਾਡਾ ਕਾਂਗਰਸ ਦੇ ਅੰਦਰੂਨੀ ਕਲੇਸ਼ ਨਾਲ ਕੋਈ ਸਬੰਧ ਨਹੀਂ ਹੈ ਪਰ ਅਸੀਂ ਸਿੱਧੂ ਦੇ ਅਸਲ ਚਿਹਰੇ ਨੂੰ ਸਭ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਾਂ ਕਿ ਸਿੱਧੂ 'ਪਾੜੋ ਤੇ ਰਾਜ ਕਰੋ' ਦੀ ਰਾਜਨੀਤੀ ਕਰਦਾ ਹੈ ਤੇ ਇਹੋ ਰੰਗ ਹੁਣ ਉਹ ਕਾਂਗਰਸ 'ਚ ਵੀ ਦਿਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਜਿਹੇ ਮੌਕਾਪ੍ਰਸਤ ਲੀਡਰ ਬਹੁਤੀ ਦੇਰ ਤੱਕ ਕਿਸੇ ਵੀ ਪਾਰਟੀ 'ਚ ਟਿਕ ਨਹੀਂ ਸਕਦੇ, ਜਿਸ ਸਦਕਾ ਅਜਿਹੇ ਵਿਅਕਤੀ ਪਿੱਛੇ ਲੱਗ ਕੇ ਕਾਂਗਰਸੀ ਕੌਂਸਲਰ ਜਾਂ ਹੋਰ ਆਗੂਆਂ, ਵਰਕਰਾਂ ਨੂੰ ਆਪਣਾ ਭਵਿੱਖ ਖਰਾਬ ਨਹੀਂ ਕਰਨਾ ਚਾਹੀਦਾ।
ਰਿਟੇਲ 'ਚ ਸਾਮਾਨ ਖਰੀਦਣ 'ਤੇ ਬਿੱਲ ਨਾ ਦੇਣ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ
NEXT STORY