ਚੰਡੀਗੜ੍ਹ (ਭੁੱਲਰ) - ਪੰਜਾਬ ਵਿਧਾਨ ਸਭਾ ਦੇ ਹਾਲ ਹੀ 'ਚ ਹੋਏ ਕੈਪਟਨ ਸਰਕਾਰ ਦੇ ਪਹਿਲੇ ਬਜਟ ਸੈਸ਼ਨ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂ ਵਿਚਕਾਰ ਇਤਰਾਜ਼ਯੋਗ ਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਹੁਣ ਰਾਜ ਐੱਸ. ਸੀ. ਕਮਿਸ਼ਨ ਖੁਦ ਸਬੂਤ ਜੁਟਾਉਣ ਦੇ ਯਤਨਾਂ 'ਚ ਲਗ ਗਿਆ ਹੈ। ਸੈਸ਼ਨ ਦੌਰਾਨ ਬਹਿਸਬਾਜ਼ੀ ਕਾਰਨ ਹੰਗਾਮੇ ਵਿਚਕਾਰ ਨਵਜੋਤ ਸਿੱਧੂ ਵਲੋਂ ਟੀਨੂ 'ਤੇ ਸਦਨ ਦੇ ਅੰਦਰ ਤੇ ਬਾਹਰ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਮਾਮਲਾ ਐੱਸ. ਸੀ. ਕਮਿਸ਼ਨ 'ਚ ਪਹੁੰਚਿਆ ਸੀ।
ਬੇਸ਼ੱਕ ਸੈਸ਼ਨ ਦੌਰਾਨ ਹੀ ਵਿਧਾਨ ਸਭਾ ਦੇ ਸਪੀਕਰ ਵਲੋਂ ਇਤਰਾਜ਼ਯੋਗ ਸ਼ਬਦ ਕਾਰਵਾਈ 'ਚੋਂ ਕੱਢ ਦਿੱਤੇ ਗਏ ਸਨ ਪਰ ਫਿਰ ਵੀ ਮਾਮਲਾ ਸ਼ਾਂਤ ਨਹੀਂ ਹੋਇਆ ਸੀ। ਮਰਿਆਦਾ ਦੀ ਉਲੰਘਣਾ ਦੇ ਮਾਮਲੇ 'ਚ ਟੀਨੂੰ ਦੇ ਖਿਲਾਫ ਤਾਂ ਚਲ ਰਹੇ ਸੈਸ਼ਨ ਦੌਰਾਨ ਪ੍ਰਸਤਾਵ ਪਾਸ ਹੋਣ ਦੇ ਬਾਅਦ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪ ਦਿੱਤਾ ਗਿਆ ਸੀ ਪਰ ਅਕਾਲੀ-ਭਾਜਪਾ ਵਲੋਂ ਸਿੱਧੂ ਦੇ ਖਿਲਾਫ ਵੀ ਮਰਿਆਦਾ ਮਤਾ ਲਿਆਉਣ ਦਾ ਯਤਨ ਕੀਤਾ ਗਿਆ ਸੀ। ਹਾਲਾਂਕਿ ਸਪੀਕਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਦੇ ਬਾਅਦ ਸੈਸ਼ਨ ਖਤਮ ਹੁੰਦੇ ਹੀ ਅਕਾਲੀ ਵਿਧਾਇਕ ਟੀਨੂ ਤੇ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਸਮੇਤ ਗੱਠਜੋੜ ਦੇ ਵਿਧਾਇਕਾਂ ਦਾ ਵਫਦ ਰਾਜ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਕੋਲ ਸ਼ਿਕਾਇਤ ਲੈ ਕੇ ਪਹੁੰਚ ਗਿਆ ਸੀ। ਇਸ 'ਤੇ ਕਾਰਵਾਈ ਸ਼ੁਰੂ ਕਰਦੇ ਹੋਏ ਉਨ੍ਹਾਂ ਜਾਂਚ ਲਈ ਕਮਿਸ਼ਨ ਦੇ ਸੀਨੀਅਰ ਉਪ ਪ੍ਰਧਾਨ ਚੇਅਰਮੈਨ ਰਾਜ ਸਿੰਘ ਦੀ ਅਗਵਾਈ 'ਚ ਕਮੇਟੀ ਗਠਿਤ ਕੀਤੀ।
ਕਮੇਟੀ ਨੇ ਜਾਂਚ ਸ਼ੁਰੂ ਕਰਨ ਦੇ ਬਾਅਦ ਰਾਜ ਵਿਧਾਨ ਸਭਾ ਦੀ ਸਕੱਤਰ ਨੂੰ ਪੱਤਰ ਭੇਜ ਕੇ ਟੀਨੂ ਵਲੋਂ ਕੀਤੀ ਗਈ ਸ਼ਿਕਾਇਤ ਦੇ ਮਾਮਲੇ 'ਚ 6 ਜੁਲਾਈ ਦੀ ਤਰੀਕ ਤੈਅ ਕਰ ਕੇ ਸਬੰਧਤ ਘਟਨਾਕ੍ਰਮ ਦਾ ਰਿਕਾਰਡ ਪੇਸ਼ ਕਰਨ ਲਈ ਕਿਹਾ ਸੀ ਪਰ ਵਿਧਾਨ ਸਭਾ ਸਕੱਤਰ ਵਲੋਂ ਕਮਿਸ਼ਨ ਨੂੰ ਇਸ ਦਾ ਜਵਾਬ ਭੇਜ ਕੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਸੇ ਵੀ ਤਰ੍ਹਾਂ ਦਾ ਰਿਕਾਰਡ ਜਾਂ ਵਿਧਾਨ ਸਭਾ ਦੇ ਅੰਦਰ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਅਦ ਹੁਣ ਕਮਿਸ਼ਨ ਵਲੋਂ ਆਪਣੇ ਪੱਧਰ 'ਤੇ ਕਾਰਵਾਈ ਸ਼ੁਰੂ ਕਰਦੇ ਹੋਏ ਟੀਨੂ ਤੋਂ ਵਿਧਾਨ ਸਭਾ ਦੇ ਬਾਹਰ ਸਿੱਧੂ ਵਲੋਂ ਬੋਲੇ ਗਏ ਇਤਰਾਜ਼ਯੋਗ ਸ਼ਬਦਾਂ ਤੇ ਟਿੱਪਣੀਆਂ ਦੇ ਸਬੂਤ ਲਈ ਵੀਡੀਓ ਜਾਂ ਆਡਿਓ ਰਿਕਾਰਡਿੰਗ ਮੰਗੀ ਗਈ ਹੈ।
ਸਬੂਤ ਮਿਲੇ ਤਾਂ ਤਲਬ ਹੋ ਸਕਦੇ ਹਨ ਸਿੱਧੂ
ਜਾਂਚ ਕਰ ਰਹੀ ਕਮਿਸ਼ਨ ਦੀ ਕਮੇਟੀ ਦੇ ਮੈਂਬਰ ਪ੍ਰਭਦਿਆਲ ਦਾ ਕਹਿਣਾ ਹੈ ਕਿ ਜੇਕਰ ਟੀਨੂ ਬਾਹਰ ਦਾ ਵੀ ਕੋਈ ਅਜਿਹਾ ਸਬੂਤ ਜੁਟਾ ਦਿੰਦੇ ਹਨ ਤਾਂ ਸਿੱਧੂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਅਜਿਹੇ ਸਬੂਤ ਮਿਲਣ 'ਤੇ ਕਮਿਸ਼ਨ ਨਵਜੋਤ ਸਿੱਧੂ ਨੂੰ ਤਲਬ ਕਰ ਸਕਦਾ ਹੈ। ਅਗਲੀ ਕਾਰਵਾਈ 'ਤੇ ਚਰਚਾ ਲਈ ਕਮਿਸ਼ਨ ਦੀ ਜਾਂਚ ਕਮੇਟੀ ਦੀ ਬੈਠਕ ਅਗਲੇ ਹਫਤੇ ਰੱਖੀ ਗਈ ਹੈ।
ਦੋ ਵਿਦਿਆਰਥੀ ਅਫੀਮ ਸਣੇ ਕਾਬੂ
NEXT STORY