ਲੁਧਿਆਣਾ(ਪਾਲੀ)-ਨਗਰ ਨਿਗਮ ਲੁਧਿਆਣਾ ਦੇ ਆਏ ਨਤੀਜਿਆਂ ਤੋਂ ਬਾਅਦ ਕਾਂਗਰਸ ਵੱਲੋਂ ਜਿਥੇ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ ਉਥੇ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਾਂਗਰਸ ਦੀ ਜਿੱਤ ਨੂੰ ਧੱਕੇਸ਼ਾਹੀ ਦੀ ਜਿੱਤ ਦੱਸਿਆ। ਬੈਂਸ ਨੇ ਕਿਹਾ ਕਿ ਚੋਣਾਂ ਵਾਲੇ ਦਿਨ ਕਾਂਗਰਸ ਪਾਰਟੀ ਦੇ ਆਗੂਆਂ ਦੀ ਸ਼ਹਿ 'ਤੇ ਕਾਂਗਰਸੀ ਵਰਕਰਾਂ ਨੇ ਜਿਥੇ ਹਰ ਵਾਰਡ ਵਿਚ ਧੱਕੇਸ਼ਾਹੀ ਕੀਤੀ, ਉਥੇ ਸ਼ਰੇਆਮ ਵੱਖ-ਵੱਖ ਵਾਰਡਾਂ ਵਿਚ ਬੂਥਾਂ 'ਤੇ ਕਬਜ਼ੇ ਕਰ ਕੇ ਬੋਗਸ ਪੋਲਿੰਗ ਕਰਵਾਈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਹਰ ਵਾਰਡ 'ਚ ਕੀਤੀ ਗਈ ਧੱਕੇਸ਼ਾਹੀ ਕਾਰਨ ਅਤੇ ਸ਼ਰੇਆਮ ਗੋਲੀਆਂ ਚਲਾਉਣ ਤੋਂ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਆਮ ਵੋਟਰ ਡਰ ਕਾਰਨ ਆਪਣੇ ਘਰਾਂ ਵਿਚ ਹੀ ਰਹੇ ਅਤੇ ਬੂਥਾਂ ਤੱਕ ਨਾ ਪੱਜੇ, ਜਿਸ ਨਾਲ ਜਿਥੇ ਲੋਕਤੰਤਰ ਦਾ ਘਾਣ ਹੋਇਆ ਉਥੇ ਵੋਟਿੰਗ ਫੀਸਦੀ ਵੀ ਕਾਫੀ ਘੱਟ ਗਈ। ਉਨ੍ਹਾਂ ਕਿਹਾ ਕਿ ਪਿਛਲੀਆਂ ਵੋਟਾਂ ਦੇ ਨਿਗ੍ਹਾ ਮਾਰੀ ਜਾਵੇ ਤਾਂ ਹਰ ਵਾਰਡ 'ਚ 77 ਫੀਸਦੀ ਤੋਂ ਉੱਪਰ 80-82 ਫੀਸਦੀ ਵੋਟਿੰਗ ਹੁੰਦੀ ਹੈ ਪਰ ਨਗਰ ਨਿਗਮ ਲੁਧਿਆਣਾ ਵਿਚ ਸਿਰਫ 59.05 ਫੀਸਦੀ ਵੋਟਿੰਗ ਦੱਸ ਰਹੀ ਹੈ ਕਿ 15 ਤੋਂ 20 ਫੀਸਦੀ ਲੋਕ ਵੋਟਾਂ ਪਾਉਣ ਹੀ ਨਹੀਂ ਆ ਸਕੇ, ਕਿਉਂਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਡਰ ਸੀ ਕਿ ਕਿਧਰੇ ਹਾਲਾਤ ਖਰਾਬ ਨਾ ਹੋ ਜਾਣ ਅਤੇ ਇਸੇ ਕਾਰਨ ਉਹ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਸੀ. ਆਰ. ਪੀ. ਐੱਫ. ਲਾਉਣ ਲਈ ਕਿਹਾ ਗਿਆ ਸੀ ਪਰ ਕਾਂਗਰਸ ਸਰਕਾਰ ਦੇ ਇਸ਼ਾਰੇ 'ਤੇ ਅਜਿਹਾ ਨਹੀਂ ਕੀਤਾ ਗਿਆ, ਜਿਸ ਕਾਰਨ ਵੋਟਿੰਗ ਘੱਟ ਹੋਣ ਕਰ ਕੇ ਜਿਥੇ ਕਾਂਗਰਸ ਨੂੰ ਜਿੱਤ ਹਾਸਲ ਹੋਈ, ਉਥੇ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਨੂੰ ਘੱਟ ਸੀਟਾਂ ਮਿਲੀਆਂ। ਅੰਤ ਉਨ੍ਹਾਂ ਫਿਰ ਵੀ ਲੁਧਿਆਣਾ ਵਾਸੀਆਂ ਦਾ ਲੋਕ ਇਨਸਾਫ ਪਾਰਟੀ ਨੂੰ ਦਿੱਤੇ ਗਏ ਸਹਿਯੋਗ ਅਤੇ ਪਿਆਰ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਲੁਧਿਆਣਾ ਵਾਸੀਆਂ ਦੇ ਰਿਣੀ ਰਹਿਣਗੇ।
62 ਵਾਰਡਾਂ 'ਤੇ ਕਾਂਗਰਸ ਦੀ ਜਿੱਤ ਨੇ ਸੱਟਾ ਬਾਜ਼ਾਰ ਨੂੰ ਫਿਰ ਝੂਠਾ ਕੀਤਾ ਸਾਬਿਤ
NEXT STORY