ਬਾਘਾਪੁਰਾਣਾ, (ਚਟਾਨੀ, ਰਾਕੇਸ਼)- ਅੱਜ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਬਾਘਾਪੁਰਾਣਾ ਦੇ ਐਕਸੀਅਨ ਦਫਤਰ ਮੂਹਰੇ ਰੋਸ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸਿੰਘਾਂਵਾਲਾ, ਜ਼ਿਲਾ ਸਕੱਤਰ ਮੰਗਾ ਸਿੰਘ ਵੈਰੋਕੇ ਤੇ ਬਲਕਾਰ ਸਿੰਘ ਸਮਾਲਸਰ ਨੇ ਕਿਹਾ ਕਿ ਇਹ ਧਰਨਾ ਬਿਜਲੀ ਦਰਾਂ 'ਚ ਵਾਧਾ ਤੇ ਯੂਨਿਟ ਮੁਆਫੀ ਖਤਮ ਕਰਨ ਸਮੇਤ ਪੰਜਾਬ ਦੀ ਕੈਪਟਨ ਸਰਕਾਰ ਦੀ ਵਾਅਦਾ ਖਿਲਾਫੀ ਖਿਲਾਫ ਲਾਇਆ ਗਿਆ ਹੈ। ਪੰਜਾਬ ਦੀ ਕੈਪਟਨ ਸਰਕਾਰ ਮਜ਼ਦੂਰ ਵਿਰੋਧੀ ਸਾਬਿਤ ਹੋ ਰਹੀ ਹੈ।
ਲਗਾਤਾਰ ਮਜ਼ਦੂਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ। ਇਕ ਪਾਸੇ ਕੈਪਟਨ ਸਰਕਾਰ ਕਾਰਪੋਰੇਟ ਸੈਕਟਰਾਂ ਨੂੰ 374 ਕਰੋੜ ਰੁਪਏ ਬਿਜਲੀ ਸਬਸਿਡੀ ਦੇ ਰਹੀ ਹੈ, ਦੂਸਰੇ ਪਾਸੇ ਮਿਹਨਤ ਕਰਦੇ ਮਜ਼ਦੂਰਾਂ ਤੇ ਕਰਮਚਾਰੀਆਂ ਦੇ ਘਰਾਂ 'ਚ ਹਨੇਰਾ ਕਰ ਰਹੀ ਹੈ। ਮਜ਼ਦੂਰਾਂ ਨੇ ਸੰਘਰਸ਼ ਕਰ ਕੇ ਪ੍ਰਾਪਤ ਕੀਤੀ 400 ਯੂਨਿਟ ਵੀ ਪੰਜਾਬ ਸਰਕਾਰ ਖਤਮ ਕਰ ਰਹੀ ਹੈ। ਇਹ ਸਰਕਾਰ ਵੀ ਅਕਾਲੀਆਂ ਦੀ ਤਰ੍ਹਾਂ ਹੀ ਹੈ ਕਿਉਂਕਿ ਗ੍ਰਾਮੀਣ ਮਜ਼ਦੂਰ ਯੂਨੀਅਨ ਸਮਝਦੀ ਹੈ ਕਿ ਅਕਾਲੀਆਂ ਅਤੇ ਕਾਂਗਰਸੀਆਂ ਦੇ ਸਿਰਫ ਦਸਤਾਰ ਦੇ ਰੰਗ ਹੀ ਬਦਲੇ ਹਨ, ਸੋਚ ਦੋਵਾਂ ਪਾਰਟੀਆਂ ਦੀ ਇਕੋ ਹੀ ਹੈ।
ਮੰਗਾ ਸਿੰਘ ਵੈਰੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਕਰਜ਼ਾ ਮੁਆਫੀ, ਘਰ-ਘਰ ਨੌਕਰੀ, ਸਸਤੀਆਂ ਸਿਹਤ ਸਹੂਲਤਾਂ, 2500 ਰੁਪਏ ਬੁਢਾਪਾ ਪੈਨਸ਼ਨ, ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਆਦਿ ਵਾਅਦੇ ਕੀਤੇ ਸਨ ਪਰ ਇਨ੍ਹਾਂ ਵਾਅਦਿਆਂ 'ਚੋਂ ਸਰਕਾਰ ਨੇ ਇਕ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੋ ਮੌਜੂਦਾ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵੱਲ ਧਿਆਨ ਦੇ ਕੇ ਉਨ੍ਹਾਂ ਨੂੰ ਲਾਗੂ ਕੀਤਾ ਜਾਵੇ ਤੇ ਨਹੀਂ ਤਾਂ ਉਹ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਹਰਬੰਸ ਸਿੰਘ, ਮੇਜਰ ਸਿੰਘ, ਅਮਰਜੀਤ ਸਿੰਘ, ਰਾਜ ਸਿੰਘ ਮੌੜ, ਕੁਲਦੀਪ ਸਿੰਘ, ਬਲਕਾਰ ਸਿੰਘ ਸਮਾਲਸਰ ਆਦਿ ਹਾਜ਼ਰ ਸਨ।
ਇਹ ਹਨ ਯੂਨੀਅਨ ਦੀਆਂ ਮੰਗਾਂ
* ਮਜ਼ਦੂਰਾਂ ਦੇ ਬਿਜਲੀ ਕੁਨੈਕਸ਼ਨ ਕੱਟਣੇ ਬੰਦ ਕੀਤੇ ਜਾਣ ਅਤੇ ਕੱਟੇ ਕੁਨੈਕਸ਼ਨ ਤੁਰੰਤ ਜੋੜੇ ਜਾਣ।
* ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ 'ਚ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ।
* 400 ਯੂਨਿਟ ਦੀ ਬਿਜਲੀ ਮੁਆਫੀ ਨੂੰ ਬਰਕਰਾਰ ਰੱਖਿਆ ਜਾਵੇ।
ਕੁੱਲ ਹਿੰਦ ਕਿਸਾਨ ਸਭਾ ਨੇ ਫੂਕਿਆ ਮੋਦੀ ਦਾ ਪੁਤਲਾ
NEXT STORY