ਬਾਬਾ ਬਕਾਲਾ ਸਾਹਿਬ (ਰਾਕੇਸ਼) - ਇਤਿਹਾਸਕ ਨਗਰ ਫਤਿਹਗੜ੍ਹ ਸਾਹਿਬ ਵਿਖੇ ਰਾਜਸੀ ਪਾਰਟੀਆਂ ਵੱਲੋਂ ਕਰਵਾਈਆਂ ਜਾਂਦੀਆਂ ਸਿਆਸੀ ਕਾਨਫਰੰਸਾਂ ਦੇ ਵਿਰੋਧ 'ਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗਏ ਇਤਿਹਾਸਕ ਫੈਸਲੇ ਦਾ ਜਿਥੇ ਆਮ ਸ਼ਰਧਾਲੂਆਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ, ਉਥੇ ਨਾਲ ਹੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਸ ਵਾਰ ਫਤਿਹਗੜ੍ਹ ਸਾਹਿਬ ਦੇ ਇਤਿਹਾਸਕ ਜੋੜ ਮੇਲੇ ਮੌਕੇ ਕਾਨਫਰੰਸਾਂ ਨਾ ਕਰਨ ਦਾ ਫੈਸਲੇ ਦੀ ਵੀ ਸ਼ਲਾਘਾ ਕੀਤੀ ਗਈ। ਅਜਿਹਾ ਹੋਣ ਨਾਲ ਜਿਥੇ ਇਸ ਧਾਰਮਿਕ ਅਸਥਾਨ ਦੀ ਆਸਥਾ ਅਤੇ ਪ੍ਰੰਪਰਾ ਬਰਕਰਾਰ ਰਹੇਗੀ, ਉਥੇ ਨਾਲ ਹੀ ਇਸ ਪਵਿੱਤਰ ਅਸਥਾਨ 'ਤੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਵੀ ਸਿਆਸੀ ਦੂਸ਼ਣਬਾਜ਼ੀ ਤੋਂ ਬਚ ਸਕਣਗੀਆਂ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਜੋੜ ਮੇਲੇ ਮੌਕੇ ਕਾਨਫਰੰਸਾਂ ਨਾ ਕਰਨ ਅਤੇ ਹੋਰ ਵੀ ਕਿਸੇ ਦੂਜੀ ਸਿਆਸੀ ਪਾਰਟੀ ਨੂੰ ਵੀ ਕਾਨਫਰੰਸ ਨਾ ਕਰਨ ਦੀ ਸਲਾਹ ਦਿੱਤੇ ਜਾਣ ਦੀ ਵੀ ਸਰਾਹਨਾ ਕੀਤੀ ਜਾ ਰਹੀ ਹੈ। ਇਥੇ ਇਹ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਇਸ ਪਵਿੱਤਰ ਅਸਥਾਨ 'ਤੇ ਪੌਣੇ 27 ਸਾਲ ਘੋਰ ਤਪੱਸਿਆ ਕੀਤੀ ਸੀ ਅਤੇ ਇਸ ਅਸਥਾਨ 'ਤੇ ਵੀ ਹਰ ਸਾਲ ਅਗਸਤ ਮਹੀਨੇ 'ਚ ਰੱਖੜ ਪੁੰਨਿਆ ਦਾ ਮੇਲਾ ਮਨਾਇਆ ਜਾਂਦਾ ਹੈ, ਇਸ ਮੇਲੇ ਮੌਕੇ ਵੀ ਸੂਬੇ ਦੀਆਂ ਵੱਖ-ਵੱਖ ਰਾਜਸੀ ਪਾਰਟੀਆਂ ਵੱਲੋਂ ਕਾਨਫਰੰਸਾਂ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਜਿਥੇ ਸ਼ਰਧਾਲੂਆਂ ਦੀ ਆਸਥਾ 'ਚ ਕਮੀ ਆਉਂਦੀ ਹੈ, ਉਥੇ ਨਾਲ ਹੀ ਇਸ ਅਸਥਾਨ 'ਤੇ ਪੁੱਜਣ ਵਾਲੀਆਂ ਸੰਗਤਾਂ ਨੂੰ ਟ੍ਰੈਫਿਕ ਸਮੱਸਿਆ ਵੀ ਆਉਂਦੀ ਹੈ ਕਿਉਂਕਿ ਪੁਲਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਵੀ. ਆਈ. ਪੀ. ਕਲਚਰ ਨੂੰ ਲੈ ਕੇ ਕਈ ਰਸਤੇ ਬੰਦ ਕਰਨੇ ਪੈਂਦੇ ਹਨ ਅਤੇ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਹਾਲ ਰੱਖਣ ਲਈ ਕਈ ਕਿਸਮ ਦੇ ਕਾਇਦੇ-ਕਾਨੂੰਨ ਅਪਨਾਉਣੇ ਪੈਂਦੇ ਹਨ।
ਇਸ ਨਗਰ ਦੀ ਗ੍ਰਾਮ ਪੰਚਾਇਤ ਅਤੇ ਇਲਾਕੇ ਦੀਆਂ ਸੰਗਤਾਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਫਤਿਹਗੜ੍ਹ ਸਾਹਿਬ ਵਾਂਗ ਇਸ ਨਗਰ ਦੀ ਵੀ ਮਹੱਤਤਾ ਨੂੰ ਦੇਖਦੇ ਹੋਏ ਇਥੇ ਵੀ ਸਿਆਸੀ ਕਾਨਫਰੰਸਾਂ ਕਰਨ ਤੇ ਕਰਵਾਉਣ 'ਤੇ ਰੋਕ ਲਾਈ ਜਾਵੇ, ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਪਾਰਟੀਆਂ ਦੇ ਮੁਖੀਆਂ ਨੂੰ ਵੀ ਬੇਨਤੀ ਕੀਤੀ ਕਿ ਉਹ ਬਾਬਾ ਬਕਾਲਾ ਸਾਹਿਬ ਦੀਆਂ ਕਾਨਫਰੰਸਾਂ ਸਬੰਧੀ ਵੀ ਅਜਿਹਾ ਹੀ ਫੈਸਲਾ ਲੈ ਕੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਸਬੂਤ ਦੇਣ।
ਅਣਪਛਾਤੇ ਵਾਹਨ ਨੇ ਇਕ ਵਿਅਕਤੀ ਨੂੰ ਕੁਚਲਿਆ, ਮੌਤ
NEXT STORY