ਅੰਮ੍ਰਿਤਸਰ (ਬਿਊਰੋ)- ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਗੁਰਧਾਮਾਂ 'ਚ ਲੰਗਰ ਅਤੇ ਹੋਰ ਵਸਤਾਂ ਨੂੰ ਜੀ. ਐੱਸ. ਟੀ. ਤੋਂ ਛੋਟ ਦੀ ਮੰਗ ਉਪਰੰਤ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਿੱਖੀ ਕੱਕਾਰਾਂ 'ਤੇ ਭਾਰੀ ਟੈਕਸ ਲਾਉਣ ਦਾ ਸਖ਼ਤ ਵਿਰੋਧ ਕਰਦਿਆਂ ਇਸ ਪ੍ਰਤੀ ਮੁੜ ਨਜ਼ਰਸਾਨੀ ਕਰ ਕੇ ਕੱਕਾਰਾਂ ਨੂੰ ਵੀ ਟੈਕਸ ਮੁਕਤ ਕਰਨ ਦੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਜੋ ਕਿ ਜੀ. ਐੱਸ. ਟੀ. ਕੌਂਸਲ ਦੇ ਮੁਖੀ ਤੇ ਚੇਅਰਮੈਨ ਹਨ, ਨੂੰ ਪੱਤਰ ਭੇਜਿਆ ਹੈ, ਜਿਸ ਵਿਚ ਉਨ੍ਹਾਂ ਲਿਖਿਆ ਕਿ ਪਿਛਲੇ 20 ਸਾਲਾਂ ਤੋਂ ਕੱਕਾਰਾਂ 'ਤੇ ਕੋਈ ਟੈਕਸ ਨਹੀਂ ਸੀ ਪਰ ਹੁਣ ਜੀ. ਐੱਸ. ਟੀ. ਲਾਗੂ ਹੋਣ ਨਾਲ ਕੱਕਾਰਾਂ ਨੂੰ ਵੀ ਟੈਕਸ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਅੱਜ ਕੱਚ ਅਤੇ ਪਲਾਸਟਿਕ ਦੀਆਂ ਚੂੜੀਆਂ ਨੂੰ ਤਾਂ ਟੈਕਸ ਤੋਂ ਛੋਟ ਹੈ ਪਰ ਸਿੱਖੀ ਕੱਕਾਰ ਕੜੇ 'ਤੇ 18 ਫੀਸਦੀ, ਕਿਰਪਾਨ 'ਤੇ 12, ਗਾਤਰੇ 'ਤੇ 5 ਅਤੇ ਕੰਘੇ 'ਤੇ 12 ਫੀਸਦੀ ਦਾ ਭਾਰੀ ਟੈਕਸ ਲਾ ਦਿੱਤਾ ਗਿਆ, ਜਦ ਕਿ ਇਨ੍ਹਾਂ 'ਤੇ ਪਹਿਲਾਂ ਜ਼ੀਰੋ ਫੀਸਦੀ ਟੈਕਸ ਸੀ।
ਉਨ੍ਹਾਂ ਕਿਹਾ ਕਿ ਸਿੱਖੀ ਕੱਕਾਰਾਂ ਨੂੰ ਟੈਕਸ ਮੁਕਤ ਕਰਨ ਨਾਲ ਰੈਵੀਨਿਊ ਜਾਂ ਸਰਕਾਰੀ ਖਜ਼ਾਨੇ 'ਤੇ ਕੋਈ ਖਾਸ ਅਸਰ ਨਹੀਂ ਪਵੇਗਾ। ਸਿੱਖ ਕੌਮ ਨੇ ਆਜ਼ਾਦੀ ਸੰਘਰਸ਼ ਅਤੇ ਦੇਸ਼ ਦੇ ਨਵ-ਨਿਰਮਾਣ ਵਿਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਸਿੱਖੀ ਕੱਕਾਰਾਂ ਅਤੇ ਗੁਰਧਾਮਾਂ ਦੇ ਲੰਗਰ ਰਸਦ ਨੂੰ ਜੀ. ਐੱਸ. ਟੀ. ਤੋਂ ਮੁਕਤ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਦਮਦਮੀ ਟਕਸਾਲ ਮੁਖੀ ਨੇ ਸੇਵਾਮੁਕਤ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਵੱਲੋਂ ਦੇਸ਼ 'ਚ ਘੱਟ ਗਿਣਤੀ ਵੱਲੋਂ ਅਸੁਰੱਖਿਅਤ ਮਹਿਸੂਸ ਕਰਨ ਪ੍ਰਤੀ ਉਠਾਏ ਗਏ ਮੁੱਦੇ ਦੀ ਗੰਭੀਰਤਾ ਅਤੇ ਗਹਿਰਾਈ ਨੂੰ ਸਮਝਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਦੇਸ਼ ਨੂੰ ਸਹੀ ਅਰਥਾਂ ਵਿਚ ਵਿਕਾਸ ਅਤੇ ਸੁਰੱਖਿਆ ਦੇ ਰਸਤੇ 'ਤੇ ਤੇਜ਼ੀ ਨਾਲ ਅਗਾਂਹ ਲੈ ਕੇ ਜਾਣਾ ਹੈ ਤਾਂ ਉਸ ਨੂੰ ਸੰਵਿਧਾਨ ਦੀ ਰੂਹ ਧਰਮ ਨਿਰਪੱਖ ਅਤੇ ਸਮਾਨਤਾ ਦੀਆਂ ਮਦਾਂ 'ਤੇ ਪਹਿਰਾ ਦੇਣਾ ਪਵੇਗਾ ਅਤੇ ਦੇਸ਼ ਵਿਚ ਅਜਿਹਾ ਮਾਹੌਲ ਸਿਰਜਣਾ ਹੋਵੇਗਾ ਜਿਥੇ ਘੱਟ ਗਿਣਤੀਆਂ ਦੇ ਹੱਕ ਸੁਰੱਖਿਅਤ ਹੋਣ, ਉਨ੍ਹਾਂ ਨੂੰ ਇਨਸਾਫ਼ ਤੇ ਸਮਾਨਤਾ ਮਿਲੇ ਤੇ ਤਮਾਮ ਫਿਰਕਿਆਂ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਹੋਣ ਦਾ ਮੌਕਾ ਮਿਲ ਸਕੇ।
ਪਤਨੀ ਨਾਲ ਅਫੇਅਰ ਦੇ ਸ਼ੱਕ 'ਚ ਕੀਤੀ ਸੀ ਬਿਜ਼ਨੈੱਸਮੈਨ ਦੀ ਹੱਤਿਆ, 3 ਗ੍ਰਿਫਤਾਰ
NEXT STORY