ਸੁਲਤਾਨਪੁਰ ਲੋਧੀ (ਸੋਢੀ)— 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਕਰਵਾਏ ਜਾਣ ਵਾਲੇ ਸਮਾਗਮਾਂ ਮੌਕੇ 5 ਹਜ਼ਾਰ ਸੁਰੱਖਿਆ ਕਰਮਚਾਰੀ ਸੰਗਤਾਂ ਦੀ ਰੱਖਵਾਲੀ ਕਰਨਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸੁਚਾਰੂ ਢੰਗ ਨਾਲ ਨੇਪਰੇ ਲਗਾਉਣ ਲਈ ਅਤੇ ਸੁਲਤਾਨਪੁਰ ਲੋਧੀ 'ਚ ਪੁੱਜਣ ਵਾਲੀਆਂ ਲੱਖਾਂ ਸੰਗਤਾਂ ਦੀ ਸਰੁੱਖਿਆ, ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਬੀਤੇ ਦਿਨ ਸਿਵਲ ਅਤੇ ਪੁਲਸ ਅਫਸਰਾਂ ਦੀ ਸਾਂਝੀ ਮੀਟਿੰਗ ਮਾਰਕੀਟ ਕਮੇਟੀ ਦਫਤਰ ਸੁਲਤਾਨਪੁਰ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਆਈ. ਜੀ. ਜਲੰਧਰ ਨੌਨਿਹਾਲ ਸਿੰਘ, ਆਈ. ਜੀ. ਜਸਵਿੰਦਰ ਸਿੰਘ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਇੰਜ. ਦਵਿੰਦਰਪਾਲ ਸਿੰਘ ਖਰਬੰਦਾ ਨੇ ਕੀਤੀ।
ਮੀਟਿੰਗ ਦੌਰਾਨ ਸਾਰੇ ਵਿਭਾਗਾਂ ਨੂੰ 9 ਅਕਤੂਬਰ ਤੱਕ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤਾਇਨਾਤੀ ਬਾਰੇ 'ਪ੍ਰਕਾਸ਼ ਪੁਰਬ 550ਵਾਂ ਮੋਬਾਇਲ ਐਪ' ਉੱਤੇ ਸੂਚਨਾ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਗਏ ਅਤੇ ਸਾਰੇ ਬਣਾਏ 15 ਸੈਕਟਰਾਂ 'ਚ ਤਾਇਨਾਤ ਕੀਤੀਆਂ ਜਾਣ ਵਾਲੀਆਂ ਟੀਮਾਂ ਦੀ ਹਾਜ਼ਰੀ ਅਤੇ ਤਾਲਮੇਲ ਲਈ 10 ਅਕਤੂਬਰ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਆਈ. ਜੀ. ਨੌਨਿਹਾਲ ਸਿੰਘ ਨੇ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਕੋਲ ਸਮਾਰਟ ਫੋਨ ਹੋਣੇ ਲਾਜ਼ਮੀ ਚਾਹੀਦੇ ਹਨ ਅਤੇ ਬਿਹਤਰ ਤਾਲਮੇਲ ਲਈ ਉਨ੍ਹਾਂ ਦੇ ਨੰਬਰਾਂ ਨੂੰ ਜੀ. ਪੀ. ਐੱਸ. ਸਰਵ ਨਾਲ ਲਿੰਕ ਕੀਤਾ ਜਾਵੇਗਾ ਤਾਂ ਜੋ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਆਈ. ਜੀ. ਨੌਨਿਹਾਲ ਸਿੰਘ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 550 ਸਾਲਾ ਪ੍ਰਕਾਸ ਪੁਰਬ 'ਤੇ ਸੁਲਤਾਨਪੁਰ ਲੋਧੀ ਇਲਾਕੇ 'ਚ 5000 ਪੁਲਸ ਕਰਮਚਾਰੀ ਸੰਗਤਾਂ ਦੀ ਦਿਨ-ਰਾਤ ਸਰੁੱਖਿਆ ਕਰਨਗੇ ਅਤੇ 500 ਤੋਂ ਵੱਧ ਅਧਿਕਾਰੀ ਨਿਗਰਾਨੀ ਲਈ ਤਾਇਨਾਤ ਕੀਤੇ ਜਾ ਰਹੇ ਹਨ।
ਮੀਟਿੰਗ 'ਚ ਏ. ਆਈ. ਜੀ. ਇੰਦਰਬੀਰ ਸਿੰਘ, ਐੱਸ. ਐੱਸ. ਪੀ. ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਤੇਜਬੀਰ ਸਿੰਘ ਹੁੰਦਲ ਐੱਸ. ਪੀ., ਨਵਨੀਤ ਕੌਰ ਬੱਲ, ਐੱਸ. ਡੀ. ਐੱਮ. ਡਾ. ਚਾਰੂਮਿਤਾ, ਡੀ. ਐੱਸ. ਪੀ. ਸਰਵਨ ਸਿੰਘ ਬੱਲ ਤੇ ਹੋਰਨਾਂ ਸ਼ਿਰਕਤ ਕੀਤੀ।
ਸੁਲਤਾਨਪੁਰ ਲੋਧੀ ਤੇ ਆਲੇ-ਦੁਆਲੇ ਦੇ ਖੇਤਰਾਂ ਨੂੰ 15 ਸੈਕਟਰਾਂ ਅਤੇ 22 ਪੋਸਟਾਂ 'ਚ ਵੰਡਿਆ : ਡੀ. ਸੀ. ਖਰਬੰਦਾ
ਡਿਪਟੀ ਕਮਿਸਨਰ ਕਪੂਰਥਲਾ ਇੰਜ. ਖਰਬੰਦਾ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਅਤੇ ਆਲੇ-ਦੁਆਲੇ ਦੇ ਖੇਤਰਾਂ ਨੂੰ 15 ਸੈਕਟਰਾਂ ਅਤੇ 22 ਪੋਸਟਾਂ 'ਚ ਵੰਡਿਆ ਗਿਆ ਹੈ, ਜਿਨ੍ਹਾਂ 'ਚ 13 ਮੁੱਖ ਵਿਭਾਗ ਸਿਹਤ, ਪੁਲਸ, ਫਾਇਰ ਕੰਟਰੋਲ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਸਥਾਨਕ ਸਰਕਾਰਾਂ, ਮਾਲ, ਐੱਸ. ਡੀ. ਆਰ. ਐੱਫ. ਸੈਕਟਰ ਅਫਸਰ ਅਤੇ ਉਨ੍ਹਾਂ ਨਾਲ ਸਪੋਰਟਿੰਗ ਸਟਾਫ ਲਗਾਇਆ ਜਾਵੇਗਾ।
ਅਮਰੀਕਾ 'ਚ ਕਤਲ ਕੀਤੇ ਸਿੱਖ ਪੁਲਸ ਅਫਸਰ ਧਾਲੀਵਾਲ ਨੂੰ ਦਿੱਤੀ ਸ਼ਰਧਾਂਜਲੀ
NEXT STORY