ਜਲੰਧਰ,(ਲਾਭ ਸਿੰਘ ਸਿੱਧੂ)– ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਦੁਆਬਾ ਖੇਤਰ ਦੇ ਜਲੰਧਰ, ਕਪੂਰਥਲਾ ਅਤੇ ਨਵਾਂਸ਼ਹਿਰ ਵਿਚ ਕੋਵਿਡ ਯੋਧਿਆਂ ਡਾਕਟਰਾਂ, ਮੈਡੀਕਲ ਸਟਾਫ, ਸਿਵਲ ਅਤੇ ਪੁਲਸ ਪ੍ਰਸ਼ਾਸਨ ਨੂੰ 500 ਦੇ ਕਰੀਬ ਪੀ.ਪੀ.ਈ. ਕਿੱਟਾਂ ਵੰਡੀਆਂ। ਇਸ ਮੌਕੇ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਯੂਥ ਅਕਾਲੀ ਦਲ ਦੁਆਬਾ ਇਕਾਈ ਦੇ ਪ੍ਰਧਾਨ ਸੁਖਦੀਪ ਸਿੰਘ ਸੁਕਰ ਵੀ ਮੌਜੂਦ ਸਨ।
ਜਲੰਧਰ ਵਿਖੇ ਕੋਵਿਡ ਯੋਧਿਆਂ ਨੂੰ ਸੁਰੱਖਿਆ ਕਿੱਟਾਂ ਵੰਡਣ ਮਗਰੋਂ ਮਜੀਠੀਆ ਨੇ ਕਿਹਾ ਕਿ ਸੂਬੇ ਅੰਦਰ ਵਧ ਰਹੇ ਕੋਵਿਡ ਕੇਸਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਕੋਰੋਨਾ ਮਹਾਮਾਰੀ ਨੂੰ ਨੱਥ ਪਾਉਣ ਵਿਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਬਿਨਾਂ ਟੈਸਟ ਰਿਪੋਰਟ ਦੇਖੇ ਮਰੀਜ਼ ਨੂੰ ਘਰ ਭੇਜ ਦੇਣਾ ਅਤੇ ਰਿਪੋਰਟ ਪਾਜ਼ੇਟਿਵ ਆਉਣ 'ਤੇ ਦੁਬਾਰਾ ਬੁਲਾਉਣਾ ਸਾਬਿਤ ਕਰਦਾ ਹੈ ਕਿ ਪੰਜਾਬ ਵਿਚ ਕੋਵਿਡ ਸਬੰਧੀ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ। ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਜਦੋਂ ਪੂਰਾ ਦੇਸ਼ ਕੋਵਿਡ ਮਹਾਮਾਰੀ ਕਰਕੇ ਇੱਕ ਵੱਡੇ ਸਿਹਤ ਸੰਕਟ ਵਿਚੋਂ ਲੰਘ ਰਿਹਾ ਹੈ ਤਾਂ ਪੰਜਾਬ ਸਰਕਾਰ ਇਸ ਔਖੀ ਘੜੀ ਵਿਚ ਲੋਕਾਂ ਦੀ ਜਾਨ ਬਚਾਉਣ ਦੀ ਆਪਣੀ ਮੁੱਢਲੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।
ਪੰਜਾਬ ਅੰਦਰ ਕੋਵਿਡ ਮੌਤਾਂ ਦੀ ਸਭ ਤੋਂ ਉੱਚੀ ਦਰ 'ਤੇ ਦੁੱਖ ਪ੍ਰਗਟ ਕਰਦਿਆਂ ਮਜੀਠੀਆ ਨੇ ਕਿਹਾ ਕਿ ਸਾਡੇ ਡਾਕਟਰ ਅਤੇ ਬਾਕੀ ਮੈਡੀਕਲ ਸਟਾਫ ਅਜੇ ਤੱਕ ਸੁਰੱਖਿਆ ਉਪਕਰਣਾਂ ਦੀ ਉਡੀਕ ਕਰ ਰਹੇ ਹਨ ਅਤੇ ਬਿਨਾਂ ਪੀ.ਪੀ.ਈ. ਕਿੱਟਾਂ ਤੋਂ ਕੋਵਿਡ ਮਰੀਜ਼ਾਂ ਦਾ ਇਲਾਜ ਕਰਦਿਆਂ ਇਸ ਬੀਮਾਰੀ ਦੀ ਲਪੇਟ ਵਿਚ ਆਉਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਸਰਕਾਰੀ ਹਸਪਤਾਲਾਂ ਨੂੰ ਵੈਂਟੀਲੇਟਰਾਂ, ਦਸਤਾਨਿਆਂ, ਮਾਸਕਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਟਿੱਪਣੀ ਕਰਦਿਆਂ ਕਿ ਸ਼ੱਕੀ ਕੇਸਾਂ ਦੇ ਵੱਧ ਤੋਂ ਵੱਧ ਟੈਸਟ ਕਰਨ ਨਾਲ ਪੰਜਾਬ ਵਿਚ ਕੋਵਿਡ ਬੀਮਾਰੀ ਨੂੰ ਠੱਲ੍ਹ ਪਾਉਣ ਵਿਚ ਮਦਦ ਮਿਲੇਗੀ, ਅਕਾਲੀ ਆਗੂ ਨੇ ਕਿਹਾ ਕਿ ਕੋਰੋਨਾ ਕੇਸਾਂ ਦੀ ਗਿਣਤੀ ਵਿਚ ਹੋਇਆ ਤਾਜ਼ਾ ਵਾਧਾ ਸੂਬਾ ਸਰਕਾਰ ਦੁਆਰਾ ਕੋਵਿਡ ਪ੍ਰੋਟੋਕੋਲ ਲਾਗੂ ਕਰਨ ਵਿਚ ਉਸ ਸਮੇਂ ਵਰਤੀ ਲਾਪ੍ਰਵਾਹੀ ਦਾ ਸਿੱਟਾ ਹੈ, ਜਦੋਂ ਬਾਹਰਲੇ ਸੂਬਿਆਂ ਤੋਂ ਸ਼ਰਧਾਲੂ ਅਤੇ ਵਿਦਿਆਰਥੀ ਪੰਜਾਬ ਅੰਦਰ ਆ ਰਹੇ ਸਨ।
ਯੂਥ ਅਕਾਲੀ ਦਲ ਦੀ ਦੁਆਬਾ ਇਕਾਈ ਵੱਲੋਂ ਨਿਭਾਈ ਸੇਵਾ ਦੀ ਸ਼ਲਾਘਾ ਕਰਦਿਆਂ ਮਜੀਠੀਆ ਨੇ ਕਿਹਾ ਕਿ ਯੂਥ ਅਕਾਲੀ ਦਲ ਨੇ ਇੱਕ ਮਹੀਨੇ ਤੋਂ ਜ਼ਮੀਨੀ ਪੱਧਰ 'ਤੇ ਕੰਮ ਕਰਕੇ ਮਨੁੱਖਤਾ ਦੀ ਵੱਡੀ ਸੇਵਾ ਕੀਤੀ ਹੈ ਅਤੇ ਹੁਣ ਇਕਾਈ ਦੇ ਵਰਕਰਾਂ ਨੇ ਪਹਿਲੀ ਕਤਾਰ ਦੇ ਕੋਵਿਡ ਯੋਧਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੈਸੇ ਇਕੱਠੇ ਕਰਕੇ ਪੀ.ਪੀ.ਈ. ਕਿੱਟਾਂ ਖਰੀਦੀਆਂ ਹਨ।
ਰਾਜਾਸਾਂਸੀ 'ਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਵਿਅਕਤੀ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY