ਕਰਤਾਰਪੁਰ, (ਸਾਹਨੀ)- ਬੀਤੀ ਰਾਤ ਜੀ. ਟੀ. ਰੋਡ ਚੰਦਨ ਨਗਰ ਨੇੜੇ ਸਥਿਤ ਭੰਵਰਾ ਪ੍ਰਦੂਸ਼ਣ ਮੋਟਰ ਚੈੱਕ ਸੈਂਟਰ ਵਿਖੇ ਚੋਰਾਂ ਨੇ ਦੁਕਾਨ ਦੀ ਛੱਤ ਜੋ ਕਿ ਸੀਮੈਂਟ ਦੀ ਚਾਦਰ ਨਾਲ ਬਣੀ ਸੀ, ਨੂੰ ਤੋੜ ਕੇ ਅੰਦਰੋਂ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਇਸ ਦੌਰਾਨ ਚੋਰ ਦੁਕਾਨ ਦੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋ ਗਏ। ਭਾਵੇਂ ਜਾਂਦੇ ਹੋਏ ਉਨ੍ਹਾਂ ਨੇ ਇਕ ਕੈਮਰਾ ਵੀ ਤੋੜ ਦਿੱਤਾ। ਵਰਣਨਯੋਗ ਹੈ ਕਿ ਕਰੀਬ ਤਿੰਨ ਕੁ ਸਾਲ ਪਹਿਲਾਂ ਇਸ ਦੁਕਾਨ 'ਚ ਇਕੋ ਮਹੀਨੇ ਵਿਚ ਚੋਰ 2 ਵਾਰ ਵੱਡੀਆਂ ਚੋਰੀਆਂ ਨੂੰ ਅੰਜਾਮ ਦੇ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਇਸ ਵਾਰ ਤਾਂ ਟਰੱਕ ਰਾਹੀਂ ਲਗਭਗ ਸਾਰੀ ਦੁਕਾਨ ਹੀ ਖਾਲੀ ਕਰ ਦਿੱਤੀ ਸੀ।
ਇਸ ਸਬੰਧੀ ਭੰਵਰਾ ਪ੍ਰਦੂਸ਼ਣ ਚੈੱਕ ਸੈਂਟਰ ਦੇ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ ਸਾਡੇ 10 ਵਜੇ ਉਹ ਦੁਕਾਨ ਬੰਦ ਕਰ ਕੇ ਘਰ ਨੂੰ ਗਏ ਸਨ। ਸਵੇਰੇ ਜਦ ਦੁਕਾਨ ਖੋਲ੍ਹੀ ਤਾਂ ਸਾਮਾਨ ਖਿੱਲਰਿਆ ਪਿਆ ਦੇਖਿਆ।
ਚੋਰ ਦੁਕਾਨ ਵਿਚ ਪਈਆਂ 3 ਐੱਲ. ਈ. ਡੀਜ਼, ਇਕ ਲੈਪਟਾਪ, ਕਰੀਬ 15 ਮੋਬਿਲਆਇਲ ਦੇ ਡੱਬੇ, 12 ਦੋਪਹੀਆ ਵਾਹਨ ਦੀਆਂ ਬੈਟਰੀਆਂ, 4 ਵੱਡੀਆਂ ਬੈਟਰੀਆਂ, ਇਕ ਮੋਬਾਇਲ ਫੋਨ ਅਤੇ ਪ੍ਰਦੂਸ਼ਣ ਚੈੱਕ ਕਰਨ ਵਾਲੀ ਮਸ਼ੀਨ ਦੇ ਲੱਖਾਂ ਦੇ ਪੁਰਜ਼ੇ, ਬੈਂਕ ਦੀਆਂ ਪੀ. ਓ. ਐੱਸ. ਮਸ਼ੀਨਾਂ, 2 ਹਜ਼ਾਰ ਦੀ ਨਕਦੀ ਤੇ 2 ਪ੍ਰਿੰਟਰ ਲੈ ਗਏ। ਮੌਕੇ 'ਤੇ ਪੁੱਜੇ ਏ. ਐੱਸ. ਆਈ. ਇੰਦਰਜੀਤ ਸਿੰਘ ਨੇ ਦੁਕਾਨਦਾਰ ਦੇ ਬਿਆਨਾਂ 'ਤੇ ਸ਼ਿਕਾਇਤ ਲੈ ਕੇ ਸੀ. ਸੀ. ਟੀ. ਵੀ. ਫੁਟੇਜ ਵੀ ਲੈ ਲਈ।
ਇਸ ਸਬੰਧੀ ਥਾਣਾ ਮੁਖੀ ਪਰਮਜੀਤ ਸਿੰਘ ਨੇ ਜਲਦ ਚੋਰ ਫੜ ਲੈਣ ਦਾ ਭਰੋਸਾ ਦਿੱਤਾ ਪਰ ਵੇਖਣ ਵਿਚ ਆਇਆ ਹੈ ਕਿ ਅਜਿਹੇ ਆਬਾਦੀ ਵਾਲੇ ਇਲਾਕਿਆਂ ਵਿਚ ਹੋ ਰਹੀਆਂ ਬੇਖੌਫ ਚੋਰੀਆਂ ਨਾਲ ਜਿਥੇ ਚੋਰਾਂ ਦੇ ਹੌਸਲੇ ਬੁਲੰਦ ਹਨ, ਉਥੇ ਜਨਤਾ ਵਿਚ ਆਪਣੇ ਜਾਨ-ਮਾਲ ਦੀ ਸੁਰੱਖਿਆ ਨਾ ਹੋਣ ਕਾਰਨ ਦਹਿਸ਼ਤ ਦਾ ਮਾਹੌਲ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਕਲਿਪ ਨੇ ਪਾਇਆ ਭੜਥੂ
NEXT STORY