ਚੰਡੀਗੜ੍ਹ (ਸੰਘੀ) - ਇਨੈਲੋ ਦੇ ਵਰਕਰਾਂ ਵਲੋਂ ਐੱਸ. ਵਾਈ. ਐੱਲ. ਦਾ ਨਿਰਮਾਣ ਕਾਰਜ ਛੇਤੀ ਪੂਰਾ ਕਰਨ ਦੀ ਮੰਗ ਨੂੰ ਲੈ ਕੇ 10 ਜੁਲਾਈ ਨੂੰ ਪੰਜਾਬ ਤੋਂ ਹਰਿਆਣਾ 'ਚ ਆਉਣ ਵਾਲੇ ਸਾਰੇ ਵਾਹਨਾਂ ਨੂੰ ਦੋਵੇਂ ਰਾਜਾਂ ਦੇ ਬਾਰਡਰ 'ਤੇ ਰੋਕਣ ਦੀ ਮੁਹਿੰਮ ਪੂਰੀ ਮੁਸਤੈਦੀ ਤੇ ਦ੍ਰਿੜ ਸੰਕਲਪ ਦੇ ਨਾਲ ਚਲਾਈ ਜਾਏਗੀ। ਹਰਿਆਣਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਰਾਜ ਸਰਕਾਰ ਤੇ ਉਸਦੇ ਮੰਤਰੀਆਂ 'ਤੇ ਦੋਸ਼ ਲਾਇਆ ਕਿ ਉਹ ਆਪਣੇ ਭਾਸ਼ਣਾਂ ਰਾਹੀਂ ਸੂਬੇ ਦੀ ਜਨਤਾ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਉਹ ਇਹ ਭਰਮ ਫੈਲਾ ਰਹੇ ਹਨ ਕਿ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਨਾਲ ਗੱਲਬਾਤ ਕਰ ਕੇ ਆਪਣੇ ਇਸ ਅੰਦੋਲਨ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਸਪਸ਼ਟ ਸ਼ਬਦਾਂ 'ਚ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਦੇ ਉਸ ਬਿਆਨ ਦਾ ਖੰਡਨ ਕੀਤਾ ਕਿ ਉਨ੍ਹਾਂ ਦੀ ਮੌਜੂਦਗੀ 'ਚ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਨਾਲ ਗੱਲਬਾਤ ਕੀਤੀ ਸੀ।
ਸਿਰਫ ਪ੍ਰਧਾਨ ਮੰਤਰੀ ਦੀ ਅਪੀਲ 'ਤੇ ਹੀ ਸੰਘਰਸ਼ 'ਤੇ ਲਾਈ ਜਾਏਗੀ ਰੋਕ- ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਭਾਵੇਂ ਲਾਠੀਆਂ ਚਲਾਈਆਂ ਜਾਣ ਜਾਂ ਗੋਲੀਆਂ ਵਰ੍ਹਾਈਆਂ ਜਾਣ, ਪਾਰਟੀ ਆਪਣੇ 10 ਜੁਲਾਈ ਦੇ ਫੈਸਲੇ ਨੂੰ ਸਿਰਫ ਉਸੇ ਸਥਿਤੀ 'ਚ ਵਾਪਸ ਲਏਗੀ, ਜੇਕਰ ਪ੍ਰਧਾਨ ਮੰਤਰੀ ਮੋਦੀ ਇਹ ਭਰੋਸਾ ਦਿਵਾਉਣ ਕਿ ਐੱਸ. ਵਾਈ. ਐੱਲ. ਨਹਿਰ ਦਾ ਨਿਰਮਾਣ ਕਾਰਜ ਛੇਤੀ ਸ਼ੁਰੂ ਕੀਤਾ ਜਾਏਗਾ। ਨਹੀਂ ਤਾਂ ਪਾਰਟੀ ਵਲੋਂ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਏਗਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਹਰਿਆਣਾ ਦੇ ਬਾਰਡਰ 'ਤੇ 5 ਥਾਵਾਂ 'ਤੇ ਪੰਜਾਬ ਵੱਲ ਜਾਣ ਵਾਲੇ ਵਾਹਨਾਂ ਨੂੰ ਨਹੀਂ ਰੋਕਿਆ ਜਾਏਗਾ, ਸਿਰਫ ਪੰਜਾਬ ਤੋਂ ਆਉਣ ਵਾਲੇ ਵਾਹਨਾਂ ਨੂੰ ਹੀ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤਕ ਰੋਕਿਆ ਜਾਏਗਾ ਪਰ ਐਂਬੂਲੈਂਸ ਸਮੇਤ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਕਿਸੇ ਵੀ ਵਾਹਨ ਨੂੰ ਨਹੀਂ ਰੋਕਿਆ ਜਾਏਗਾ। ਨਾ ਹੀ ਰੇਲ ਸੇਵਾ 'ਚ ਕਿਸੇ ਤਰ੍ਹਾਂ ਦਾ ਵਿਘਨ ਪਾਇਆ ਜਾਏਗਾ। ਪੰਜਾਬ ਤੋਂ ਆਉਣ ਵਾਲੇ ਯਾਤਰੀਆਂ ਨੂੰ ਫੁੱਲ ਭੇਟ ਕਰ ਕੇ ਉਨ੍ਹਾਂ ਨੂੰ ਇਹ ਅਪੀਲ ਕੀਤੀ ਜਾਏਗੀ ਕਿ ਉਹ ਆਪਣੀ ਸਰਕਾਰ ਤੋਂ ਹਰਿਆਣਾ ਨੂੰ ਉਸਦੇ ਹਿੱਸੇ ਦਾ ਪਾਣੀ ਦੇਣ 'ਚ ਕੋਈ ਅੜਚਨ ਨਾ ਪਾਉਣ।
5 ਥਾਵਾਂ 'ਤੇ ਰੋਕੇ ਜਾਣਗੇ ਵਾਹਨ-ਉਨ੍ਹਾਂ ਦੱਸਿਆ ਕਿ ਇਨੈਲੋ ਵਲੋਂ ਹਰਿਆਣਾ-ਪੰਜਾਬ ਬਾਰਡਰ ਦੇ 5 ਅਜਿਹੇ ਸਥਾਨਾਂ ਨੂੰ ਚੁਣਿਆ ਗਿਆ ਹੈ, ਜਿੱਥੇ ਪਾਰਟੀ ਵਰਕਰ ਆਪਣਾ ਮੋਰਚਾ ਆਪਣੇ ਸੀਨੀਅਰ ਨੇਤਾਵਾਂ ਦੀ ਅਗਵਾਈ 'ਚ ਲਾਉਣਗੇ। ਉਹ ਪਾਰਟੀ ਸੂਬਾ ਪ੍ਰਧਾਨ ਅਸ਼ੋਕ ਅਰੋੜਾ ਦੇ ਨਾਲ ਲਾਲੜੂ-ਚੰਡੀਗੜ੍ਹ ਮਾਰਗ 'ਤੇ ਅੰਬਾਲਾ ਦੇ ਬਲਦੇਵ ਨਗਰ ਚੌਕ ਨੇੜੇ ਆਪਣੇ ਵਰਕਰਾਂ ਦੀ ਅਗਵਾਈ ਕਰਨਗੇ। ਸੰਸਦ ਮੈਂਬਰ ਦੁਸ਼ਯੰਤ ਚੌਟਾਲਾ, ਵਿਧਾਇਕ ਜਸਵਿੰਦਰ ਸਿੰਘ ਸੰਧੂ ਤੇ ਸਾਬਕਾ ਮੰਤਰੀ ਰਾਮਪਾਲ ਮਾਜਰਾ ਅੰਬਾਲਾ-ਸ਼ੰਭੂ ਬਾਰਡਰ 'ਤੇ ਤਾਇਨਾਤ ਹੋਣਗੇ। ਜੀਂਦ ਜ਼ਿਲੇ ਦੇ ਸਾਰੇ ਵਿਧਾਇਕਾਂ ਸਮੇਤ ਪਾਰਟੀ ਦੇ ਜ਼ਿਲਾ ਪ੍ਰਧਾਨ ਕ੍ਰਿਸ਼ਨ ਰਾਠੀ ਨਰਵਾਣਾ-ਧਨੌਰੀ ਮਾਰਗ ਨੇੜੇ ਦਾਤਾ ਸਿੰਘ ਵਾਲਾ 'ਤੇ ਵਾਹਨਾਂ ਨੂੰ ਰੋਕਣਗੇ। ਪਾਰਟੀ ਦੇ ਕਿਸਾਨ ਸੈੱਲ ਦੇ ਪ੍ਰਧਾਨ ਨਿਸ਼ਾਨ ਸਿੰਘ, ਵਿਧਾਇਕ ਬਲਵਾਨ ਸਿੰਘ ਤੇ ਪ੍ਰੋ. ਰਵਿੰਦਰ ਬਲਿਆਲਾ ਅਤੇ ਪਾਰਟੀ ਦੇ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਰਤੀਆ-ਬੁਢਲਾਡਾ ਮਾਰਗ (ਜਾਖਲ ਪੁਆਇੰਟ ਬ੍ਰਾਹਮਣਵਾਲਾ ਬੈਰੀਅਰ) ਫਤਿਹਾਬਾਦ ਜ਼ਿਲੇ 'ਚ ਮੁਹਿੰਮ ਦੀ ਅਗਵਾਈ ਕਰਨਗੇ। ਜਦੋਂਕਿ ਸੰਸਦ ਮੈਂਬਰ ਚਰਨਜੀਤ ਸਿੰਘ, ਦਿਗਵਿਜੇ ਚੌਟਾਲਾ ਤੇ ਸਿਰਸਾ ਜ਼ਿਲੇ ਦੇ ਸਾਰੇ ਵਿਧਾਇਕ ਡੱਬਵਾਲੀ 'ਚ ਪੰਜਾਬ-ਹਰਿਆਣਾ ਬਾਰਡਰ 'ਤੇ ਬਠਿੰਡਾ-ਮਲੋਟ ਮਾਰਗ 'ਤੇ ਤਾਇਨਾਤ ਹੋਣਗੇ।
ਆਪਣੇ ਹੱਕ ਲਈ ਲੜਾਈ ਲੜਨ ਸੂਬੇ ਦੇ ਕਿਸਾਨ : ਅਭੈ ਚੌਟਾਲਾ
ਪੱਤਰਕਾਰ ਸੰਮੇਲਨ ਦੌਰਾਨ ਅਭੈ ਚੌਟਾਲਾ ਨੇ ਲੜੀਵਾਰ ਉਨ੍ਹਾਂ ਸਾਰੇ ਕਦਮਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਰਾਹੀਂ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਵੀ ਕੀਤੀ ਤੇ ਦਬਾਅ ਪਾਉਣ ਦਾ ਵੀ ਯਤਨ ਕੀਤਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਵਾਉਣ। ਮੌਜੂਦਾ ਸਥਿਤੀ ਇਸ ਕਾਰਨ ਆਈ ਹੈ ਕਿ ਨਾ ਤਾਂ ਰਾਜ ਸਰਕਾਰ ਤੇ ਨਾ ਹੀ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਵਾਉਣ 'ਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਹੈ। ਇਨ੍ਹਾਂ ਦੋਵਾਂ ਸਰਕਾਰਾਂ ਨੇ ਇਸ ਮੁੱਦੇ ਨੂੰ ਕਿਸੇ ਨਾ ਕਿਸੇ ਬਹਾਨੇ ਟਾਲਣ ਦਾ ਯਤਨ ਕੀਤਾ ਜਾਂ ਉਸਨੂੰ ਨਜ਼ਰਅੰਦਾਜ਼ ਕਰਨ ਦਾ ਯਤਨ ਕੀਤਾ ਪਰ ਹਰਿਆਣਾ 'ਚ ਖੇਤੀ ਖੇਤਰ ਦੀ ਚਿੰਤਾਜਨਕ ਸਥਿਤੀ ਨੂੰ ਵੇਖਦੇ ਹੋਏ ਰਾਜ ਦੇ ਕਿਸਾਨਾਂ ਦੇ ਸਾਹਮਣੇ ਦੋ ਹੀ ਬਦਲ ਹਨ ਜਾਂ ਤਾਂ ਉਹ ਰਾਜ ਤੋਂ ਪਲਾਇਨ ਕਰ ਜਾਣ ਜਾਂ ਉਹ ਆਪਣੇ ਹੱਕ ਲਈ ਲੜਾਈ ਲੜਨ। ਹਰਿਆਣਾ ਦੇ ਕਿਸਾਨਾਂ ਨੇ ਆਪਣੇ ਹੱਕ ਲਈ ਸੰਘਰਸ਼ ਕਰਨਾ ਪ੍ਰਵਾਨ ਕੀਤਾ ਹੈ।
ਚੋਰਾਂ ਨੇ 3 ਘਰਾਂ ਨੂੰ ਬਣਾਇਆ ਨਿਸ਼ਾਨਾ
NEXT STORY