ਕਾਠਗੜ੍ਹ, (ਰਾਜੇਸ਼)- ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਭਾਵੇਂ ਪੁਲਸ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਏ ਜਾਂਦੇ ਹਨ, ਜਦਕਿ ਨਾਕਿਆਂ ਦੌਰਾਨ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾਂਦੇ ਹਨ ਪਰ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਟ੍ਰੈਫਿਕ ਨਿਯਮਾਂ ਨੂੰ ਅਣਗੌਲਿਆਂ ਕਰ ਕੇ ਕੁਝ ਲੋਕਾਂ ਵੱਲੋਂ ਵਾਹਨਾਂ ਨੂੰ ਚਲਾਉਣ ਦਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਹੈ।
ਵਾਹਨ ਦੀ ਸਮਰੱਥਾ ਤੋਂ ਵੱਧ ਸਾਮਾਨ ਲੱਦਣਾ, ਰੇਤਾ/ਮਿੱਟੀ ਆਦਿ ਨੂੰ ਢੱਕ ਕੇ ਨਾ ਲਿਜਾਣਾ, ਦੋਪਹੀਆ ਵਾਹਨਾਂ 'ਤੇ ਟ੍ਰਿਪਲ ਸਵਾਰੀ, ਪ੍ਰੈਸ਼ਰ ਹਾਰਨ, ਨੰਬਰ ਪਲੇਟਾਂ 'ਤੇ ਸ਼ੇਅਰੋ-ਸ਼ਾਇਰੀ, ਬਿਨਾਂ ਹੈੱਲਮੇਟ, ਲੰਬਾ ਸਮਾਂ ਟੈਂਪਰੇਰੀ ਨੰਬਰ ਚੱਲਣਾ, ਤੇਜ਼ ਰਫ਼ਤਾਰੀ, ਨਾਬਾਲਗਾਂ ਵੱਲੋਂ ਡਰਾਈਵਿੰਗ ਕਰਨੀ ਆਦਿ ਕਈ ਨਿਯਮਾਂ ਨੂੰ ਤੋੜ ਕੇ ਵਾਹਨ ਚਲਾਉਣ ਨਾਲ ਜਿਥੇ ਆਮ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾ ਦਿੱਤਾ ਜਾਂਦਾ ਹੈ, ਉਥੇ ਹੀ ਕੁਝ ਗਲਤ ਅਨਸਰਾਂ ਵੱਲੋਂ ਸਮਾਜ ਵਿਰੋਧੀ ਵਾਰਦਾਤਾਂ ਨੂੰ ਅੰਜਾਮ ਵੀ ਦਿੱਤਾ ਜਾਂਦਾ ਹੈ।
ਇਸ ਦੇ ਨਾਲ-ਨਾਲ ਕੁਝ ਹੁੱਲੜਬਾਜ਼ ਨੌਜਵਾਨ ਮੋਟਰਸਾਈਕਲਾਂ ਦੇ ਸਾਇਲੈਂਸਰਾਂ ਦੀਆਂ ਜਾਲੀਆਂ ਕਢਵਾ ਕੇ ਸਕੂਲਾਂ-ਕਾਲਜਾਂ ਨੇੜੇ ਪਟਾਕੇ ਵਜਾਉਂਦੇ ਵੀ ਨਜ਼ਰ ਆਉਂਦੇ ਹਨ, ਜਿਸ ਨਾਲ ਜਿਥੇ ਚੰਗੇ ਬੱਚਿਆਂ 'ਤੇ ਮਾੜਾ ਅਸਰ ਪੈਂਦਾ ਹੈ, ਉਥੇ ਹੀ ਹੁੱਲੜਬਾਜ਼ ਲੜਕੀਆਂ ਨੂੰ ਫੱਬਤੀਆਂ ਕੱਸਦੇ ਹਨ, ਜੋ ਬੱਚਿਆਂ ਦੇ ਮਾਪਿਆਂ ਤੇ ਸਕੂਲਾਂ-ਕਾਲਜਾਂ ਦੇ ਸਟਾਫ਼ ਲਈ ਵੀ ਵੱਡੀ ਸਮੱਸਿਆ ਹੈ। ਲੋਕਾਂ ਦੀ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਜੋ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਹਾਦਸਿਆਂ ਦੇ ਨਾਲ-ਨਾਲ ਮਾੜੀਆਂ ਵਾਰਦਾਤਾਂ ਵੀ ਨਾ ਵਾਪਰ ਸਕਣ।
'ਆਉਂਦੀ ਠੰਡ ਨੇ ਕੀਤਾ ਤੰਗ'
NEXT STORY