ਤਲਵੰਡੀ ਸਾਬੋ, (ਮੁਨੀਸ਼)- ਸਥਾਨਕ ਸ਼ਹਿਰ ਦੇ ਇਕ ਉੱਚ ਵਿੱਦਿਅਕ ਅਦਾਰੇ ’ਚ ਬੀ. ਐੱਸ. ਸੀ. ਐਗਰੀਕਲਚਰ ਦੀ ਪਡ਼੍ਹਾਈ ਕਰ ਰਹੀ ਵਿਦਿਆਰਥਣ ਨੇ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ ਜਦਕਿ ਲਡ਼ਕੀ ਦੇ ਵਾਰਿਸ ਤੇ ਸੰਸਥਾ ਪ੍ਰਬੰਧਕ ਮਾਮਲੇ ਸਬੰਧੀ ਕੁਝ ਜ਼ਿਆਦਾ ਬੋਲਣ ਨੂੰ ਤਿਆਰ ਨਹੀਂ। ਜਾਣਕਾਰੀ ਅਨੁਸਾਰ ਰਾਜਸਥਾਨ ਦੇ ਹਨੂਮਾਨਗਡ਼੍ਹ ਕਸਬੇ ਲਾਗਲੇ ਇਕ ਪਿੰਡ ਦੀ ਵਸਨੀਕ ਸੁਮਨਪ੍ਰੀਤ ਕੌਰ ਪੁੱਤਰੀ ਜਸਪਾਲ ਸਿੰਘ ਸਥਾਨਕ ਨਗਰ ਦੀ ਇਕ ਉੱਚ ਵਿੱਦਿਅਕ ਸੰਸਥਾ ’ਚ ਖੇਤੀਬਾਡ਼ੀ ਦੀ ਪਡ਼੍ਹਾਈ ਕਰ ਰਹੀ ਸੀ ਤੇ ਉਸ ਦਾ ਆਖਰੀ ਸਮੈਸਟਰ ਸੀ। ਵਿੱਦਿਅਕ ਸੰਸਥਾ ’ਚ ਹੀ ਬਣੇ ਹੋਸਟਲ ’ਚ ਰਹਿ ਰਹੀ ਉਕਤ ਵਿਦਿਆਰਥਣ ਨੇ ਅੱਜ ਬਾਦ ਦੁਪਹਿਰ ਉਸ ਸਮੇਂ ਆਪਣੇ ਕਮਰੇ ’ਚ ਲੱਗੇ ਪੱਖੇ ਨਾਲ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ ਜਦੋਂ ਉਸ ਦੇ ਕਮਰੇ ’ਚ ਰਹਿੰਦੀ ਉਸਦੀ ਸਹਿਪਾਠੀ ਵਿਦਿਆਰਥਣ ਆਪਣੀ ਕਲਾਸ ਲਾਉਣ ਗਈ ਸੀ। ਜਦੋਂ ਉਹ ਵਾਪਸ ਆਈ ਤਾਂ ਕਮਰੇ ਦੀ ਅੰਦਰੋਂ ਕੁੰਡੀ ਲੱਗੀ ਹੋਈ ਸੀ ਉਸਨੇ ਵਾਰ-ਵਾਰ ਦਰਵਾਜ਼ਾ ਖਡ਼ਕਾਇਆ ਤਾਂ ਕਮਰੇ ਦਾ ਦਰਵਾਜ਼ਾ ਨਾ ਖੁੱਲ੍ਹਣ ’ਤੇ ਵਿੱਦਿਅਕ ਸੰਸਥਾ ਦੇ ਮੁਲਾਜ਼ਮਾਂ ਨੇ ਦਰਵਾਜ਼ਾ ਤੋਡ਼ ਕੇ ਦੇਖਿਆ ਤਾਂ ਲਡ਼ਕੀ ਪੱਖੇ ਨਾਲ ਲਟਕ ਰਹੀ ਸੀ, ਜਿਸ ਨੂੰ ਤੁਰੰਤ ਪੱਖੇ ਤੋਂ ਲਾਹ ਕੇ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ’ਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੰਸਥਾ ਦੇ ਅਧਿਕਾਰੀਆਂ ਨੇ ਲਡ਼ਕੀ ਦੀ ਮੌਤ ਦੀ ਪੁਸ਼ਟੀ ਤਾਂ ਕਰ ਦਿੱਤੀ ਹੈ ਪਰ ਖੁਦਕੁਸ਼ੀ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ।
194 ਕਿਲੋ ਹੈਰੋਇਨ ਮਾਮਲਾ : ਨਸ਼ਾ ਤਸਕਰਾਂ ਨੂੰ ਫੜਣ ਗਈ STF 'ਤੇ ਫਾਇਰਿੰਗ, 3 ਗ੍ਰਿਫਤਾਰ
NEXT STORY