ਪਟਿਆਲਾ (ਜੋਸਨ) — ਰਾਜਨੀਤੀ ਸ਼ਾਸਤਰ ਵਿਭਾਗ ਦੀ ਵਿਦਿਆਰਥਣ ਨੇ ਐੱਮ. ਫਿਲ/ਜੇ.ਆਰ.ਐੱਫ.ਹੋਣ ਦੇ ਬਾਵਜੂਦ ਪੀ. ਐੱਚ. ਡੀ. 'ਚ ਸੀਟ ਨਾ ਮਿਲਣ 'ਤੇ ਵੀ. ਸੀ. ਦਫਤਰ ਦੇ ਬਾਹਰ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਜਿਸ ਨਿਗਰਾਨ ਤੋਂ ਐੱਮ. ਫਿਲ ਕੀਤੀ ਹੈ, ਉਸ ਕੋਲ ਸੀਟ ਖਾਲੀ ਹੋਣ ਦੇ ਬਾਵਜੂਦ ਵਾਰ-ਵਾਰ ਮਿਲਣ ਤੋਂ ਬਾਅਦ ਮਨ੍ਹਾ ਕੀਤਾ ਗਿਆ ਹੈ। ਇਸ ਸਬੰਧ 'ਚ ਪਿਛਲੇ ਤਿੰਨ ਮਹੀਨਿਆਂ ਤੋਂ ਵੀ. ਸੀ. ਸਮੇਤ ਸਾਰੇ ਅਧਿਕਾਰੀਆਂ ਨੂੰ ਮਿਲਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਗਿਆ।
ਇਸ 'ਚ ਸੀਟ ਨਾ ਦੇਣ ਦਾ ਕਾਰਨ ਵਿਦਿਆਰਥੀ ਜੱਥੇਬੰਦੀ 'ਚ ਸਰਗਰਮ ਹੋਣਾ ਦੱਸਿਆ ਜਾ ਰਿਹਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਡੀ. ਐੱਸ. ਓ. ਦੇ ਕਾਰਕੁੰਨਾਂ 'ਤੇ ਪਰਚੇ ਦਰਜ ਕਰਕੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਜੇ. ਆਰ. ਐੱਫ ਦੇ ਦੁਬਾਰਾ ਸ਼ੁਰੂ ਹੋਣ ਦੀ ਆਖਰੀ ਤਰੀਕ 11 ਜੁਲਾਈ ਰਹਿ ਗਈ ਹੈ ਤਾਂ ਹੀ ਮਜਬੂਰੀ-ਵੱਸ ਇਹ ਕਦਮ ਚੁੱਕਣਾ ਪਿਆ ਹੈ।
ਅੱਜ ਵਿਦਿਆਰਥਣ ਦੇ ਨਾਲ ਇਕ ਹੋਰ ਵਿਦਿਆਰਥੀ ਜਗਜੀਤ ਸਿਲਸਿਲੇਵਾਰ ਭੁੱਖ ਹੜਤਾਲ 'ਤੇ ਬੈਠਾ ਹੈ। ਅਣਮਿਥੇ ਸਮੇਂ ਲਈ ਬੈਠੀ ਵਿਦਿਆਰਥਣ ਦਾ ਕੋਈ ਮੈਡੀਕਲ ਨਹੀਂ ਕਰਵਾਇਆ ਗਿਆ ਤੇ ਨਾ ਹੀ ਕੋਈ ਅਧਿਕਾਰੀ ਗੱਲ ਕਰਨ ਆਇਆ। ਇਸ ਤੋਂ ਪ੍ਰਸ਼ਾਸਨ ਦੀ ਵਿਦਿਆਰਥੀਆਂ ਪ੍ਰਤੀ ਗੈਰ-ਜ਼ਿੰਮੇਵਾਰੀ ਦਾ ਪਤਾ ਲਗਦਾ ਹੈ। ਇਸ ਦੇ ਨਾਲ ਹੀ ਡੀ. ਐੱਸ. ਓ. ਨੇ ਮੰਗ ਕੀਤੀ ਹੈ ਕਿ ਜਿਹੜੇ ਪ੍ਰੋਫੈਸਰ ਵਿਦਿਆਰਥੀਆਂ ਨੂੰ ਖੋਜ ਕਾਰਜ ਨਹੀਂ ਕਰਵਾ ਰਹੇ, ਉਨ੍ਹਾਂ ਨੂੰ ਤੁਰੰਤ ਸੇਵਾਮੁਕਤ ਕੀਤਾ ਜਾਵੇ। ਨਾਲ ਹੀ ਪਿਛਲੇ ਸਮੇਂ ਜਿਹੜੇ ਪ੍ਰੋਫੈਸਰ ਸੇਵਾਮੁਕਤ ਹੋਏ ਹਨ, ਉਨ੍ਹਾਂ 'ਚੋਂ ਬਹੁਤ ਸਾਰਿਆਂ ਨੇ ਨਿਰੋਲ ਵਿਦਿਆਰਥੀਆਂ ਨੂੰ ਖੋਜ ਕਾਰਜ ਕਰਵਾਉਣ ਤੋਂ ਮਨ੍ਹਾ ਕੀਤਾ ਹੈ। ਜੇਕਰ ਉਹ ਖੋਜ ਕਾਰਜ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਦੇ ਰਿਟਾਇਰਮੈਂਟ ਭੱਤੇ ਤੁਰੰਤ ਰੋਕੇ ਜਾਣ। ਡੀ. ਐੱਸ. ਓ. ਸਕੱਤਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਭੁੱਖ ਹੜਤਾਲ 'ਤੇ ਬੈਠੀ ਵਿਦਿਆਰਥਣ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਹੋਵੇਗੀ। ਅਜਿਹਾ ਵਾਪਰਨ 'ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਅਸੀਂ ਸਮੂਹ ਵਿਦਿਆਰਥੀ, ਟੀਚਰ ਤੇ ਕਮਰਚਾਰੀ ਅਮਲਾ ਜੱਥੇਬੰਦੀਆਂ ਨੂੰ ਸੰਘਰਸ਼ ਦੀ ਹਮਾਇਤ ਦਾ ਸੱਦਾ ਦਿੰਦੇ ਹਾਂ।
ਭੇਦਭਰੀ ਹਾਲਤ 'ਚ ਨੌਜਵਾਨ ਦੀ ਮੌਤ
NEXT STORY