ਤਲਵੰਡੀ ਸਾਬੋ(ਮੁਨੀਸ਼)-ਨੇੜਲੇ ਪਿੰਡ ਸ਼ੇਖਪੁਰਾ ਵਿਖੇ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਨੌਜਵਾਨ ਲੜਕੇ ਤੇ ਲੜਕੀ ਦੀਆਂ ਲਾਸ਼ਾਂ ਪਿੰਡ ਦੇ ਸ਼ਮਸ਼ਾਨਘਾਟ 'ਚ ਇਕ ਦਰੱਖਤ ਨਾਲ ਲਟਕਦੀਆਂ ਮਿਲੀਆਂ। ਸੂਚਨਾ ਮਿਲਣ 'ਤੇ ਪੁੱਜੀ ਤਲਵੰਡੀ ਸਾਬੋ ਪੁਲਸ ਨੇ ਦੋਵੇਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ । ਇਕੱਤਰ ਜਾਣਕਾਰੀ ਅਨੁਸਾਰ ਇਕ ਡੇਰਾ ਪ੍ਰੇਮੀ ਹਰ ਰੋਜ਼ ਸਵੇਰੇ ਸ਼ਮਸ਼ਾਨਘਾਟ ਪੁੱਜ ਕੇ ਪੌਦਿਆਂ ਨੂੰ ਪਾਣੀ ਦਿੰਦਾ ਸੀ ਅੱਜ ਜਦੋਂ ਉਕਤ ਡੇਰਾ ਪ੍ਰੇਮੀ ਸ਼ਮਸ਼ਾਨਘਾਟ ਪੁੱਜਾ ਤਾਂ ਉਸ ਨੇ ਇਕ ਦਰੱਖਤ ਨਾਲ ਨੌਜਵਾਨ ਲੜਕੇ ਤੇ ਲੜਕੀ ਦੀਆਂ ਲਾਸ਼ਾਂ ਲਟਕਦੀਆਂ ਦੇਖੀਆਂ। ਪਿੰਡ ਵਾਸੀਆਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਤਲਵੰਡੀ ਸਾਬੋ ਨੂੰ ਦਿੱਤੀ, ਜਿਸ 'ਤੇ ਏ.ਐੱਸ.ਆਈ. ਗੋਰਾ ਸਿੰਘ ਤੁਰੰਤ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ ਤੇ ਉਨ੍ਹਾਂ ਦਰੱਖਤ ਨਾਲ ਲਟਕਦੀਆਂ ਦੋਵੇਂ ਲਾਸ਼ਾਂ ਨੂੰ ਹੇਠਾਂ ਲਾਹਿਆ। ਏ.ਐੱਸ.ਆਈ. ਗੋਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕਾ ਤੇ ਲੜਕੀ ਪਿੰਡ ਸ਼ੇਖਪੁਰਾ ਦੇ ਦਲਿਤ ਪਰਿਵਾਰਾਂ ਨਾਲ ਸੰਬੰਧਿਤ ਸਨ। ਲੜਕੇ ਦੀ ਪਛਾਣ ਬਲਵੰਤ ਸਿੰਘ ਪੁੱਤਰ ਜਲੌਰ ਸਿੰਘ ਅਤੇ ਲੜਕੀ ਦੀ ਪਛਾਣ ਕੁਲਵੀਰ ਕੌਰ ਪੁੱਤਰੀ ਮੰਦਰ ਸਿੰਘ ਵਜੋਂ ਹੋਈ ਹੈ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋਵਾਂ 'ਚ ਪ੍ਰੇਮ ਪ੍ਰਸੰਗ ਹੋਣ ਦੀ ਗੱਲ ਸਾਹਮਣੇ ਆਈ ਹੈ। ਬੀਤੀ ਦੇਰ ਰਾਤ ਦੋਵੇਂ ਸ਼ਮਸ਼ਾਨਘਾਟ ਪੁੱਜੇ ਤੇ ਉਨ੍ਹਾਂ ਨੇ ਦਰੱਖਤ ਨਾਲ ਫਾਹਾ ਲੈ ਲਿਆ । ਪੁਲਸ ਨੇ ਲਾਸ਼ਾਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਪੋਸਟਮਾਰਟਮ ਉਪਰੰਤ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਦੋਵਾਂ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਦਾ ਸ਼ਾਮ ਸਮੇਂ ਅੰਤਿਮ ਸੰਸਕਾਰ ਕਰ ਦਿੱਤੇ ਜਾਣ ਦੀ ਸੂਚਨਾ ਹੈ।
ਆਂਗਣਵਾੜੀ ਮੁਲਾਜ਼ਮਾਂ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਰੋਸ ਪ੍ਰਦਰਸ਼ਨ
NEXT STORY