ਜਲੰਧਰ/ਸ਼ਾਹਕੋਟ : ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਭਾਵੇਂ ਅਜੇ ਥੋੜ੍ਹਾ ਸਮਾਂ ਬਾਕੀ ਪਿਆ ਹੈ ਪਰ ਇਸ ਦੇ ਬਾਵਜੂਦ ਅਕਾਲੀ ਦਲ ਨੇ ਬਾਕੀ ਪਾਰਟੀਆਂ ਤੋਂ ਪਹਿਲਾਂ ਬਾਜ਼ੀ ਮਾਰਦਿਆਂ 117 ਵਿਧਾਨ ਸਭਾ ਹਲਕਿਆਂ ’ਚੋਂ 70 ਉਮੀਦਵਾਰ ਐਲਾਨ ਵੀ ਦਿੱਤੇ ਹਨ। ਇਸ ਦਰਮਿਆਨ ਚਰਚਾ ਇਹ ਵੀ ਚੱਲ ਰਹੀ ਹੈ ਕਿ ਪੰਥਕ ਹਲਕਾ ਮੰਨੇ ਜਾਂਦੇ ਲੋਹੀਆਂ (ਹੁਣ ਸ਼ਾਹਕੋਟ) ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੈਦਾਨ ਵਿਚ ਉਤਰ ਸਕਦੇ ਹਨ। ਆਮ ਤੌਰ ’ਤੇ ਅਕਾਲੀ ਦਲ ਦਾ ਵਧੇਰੇ ਪ੍ਰਭਾਵ ਰੱਖਣ ਵਾਲੇ ਹਲਕੇ ਨੂੰ ਪੰਥਕ ਸਮਝਣ ਦੀ ਧਾਰਨਾ ਬਣੀ ਹੋਈ ਹੈ। 1997 ਤੋਂ 2017 ਤੱਕ ਮਰਹੂਮ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਲਗਾਤਾਰ ਜਿੱਤ ਇਸੇ ਧਾਰਨਾ ਨੂੰ ਪ੍ਰਗਟਾਉਂਦੀ ਰਹੀ ਹੈ। ਜਥੇਦਾਰ ਕੋਹਾੜ ਦੇ ਅਕਾਲ ਚਲਾਣੇ ਤੋਂ ਬਾਅਦ 2018 ਵਿਚ ਹੋਈ ਜ਼ਿਮਨੀ ਚੋਣ ਵਿਚ ਉਨ੍ਹਾਂ ਦੇ ਪੁੱਤਰ ਨਾਇਬ ਸਿੰਘ ਕੋਹਾੜ ਦੇ ਬੁਰੀ ਤਰ੍ਹਾਂ ਹਾਰ ਜਾਣ ਤੋਂ ਬਾਅਦ ‘ਪੰਥਕ’ ਸਮਝੇ ਜਾਣ ਵਾਲੇ ਹਲਕੇ ਦਾ ਪੂਰੀ ਤਰ੍ਹਾਂ ਕਾਂਗਰਸੀਕਰਨ ਹੁੰਦਾ ਨਜ਼ਰ ਆਇਆ। ਉਂਝ ਅਕਾਲੀ ਦਲ ਦਾਅਵਾ ਕਰ ਰਿਹਾ ਹੈ ਕਿ ਹਲਕੇ ਦੀ 30 ਤੋਂ 34 ਫੀਸਦੀ ਵੋਟ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਨਿਹੰਗਾਂ ਵਲੋਂ ਕਤਲ ਕੀਤੇ ਲਖਬੀਰ ਦੇ ਮਾਮਲੇ ’ਚ ਨਵਾਂ ਮੋੜ, ਭੈਣ ਨੇ ਕੀਤਾ ਸਨਸਨੀਖੇਜ਼ ਖੁਲਾਸਾ
ਦੂਜੇ ਪਾਸੇ ਸਿਆਸੀ ਫਿਜ਼ਾਵਾਂ ਵਿਚ ਚੋਣਾਂ ਦਾ ਰੰਗ ਘੁਲਣਾ ਸ਼ੁਰੂ ਹੋ ਗਿਆ ਹੈ, ਅਜਿਹੇ ਵਿਚ ਅਕਾਲੀ ਦਲ ਦੀ ਸਥਾਨਕ ਲੀਡਰਸ਼ਿਪ ਪਾਟੋਧਾੜ ਹੁੰਦੀ ਨਜ਼ਰ ਆ ਰਹੀ ਹੈ। ਹਲਕੇ ਵਿਚ ਵਿਚਰਨ ਵਾਲੇ ਅਕਾਲੀ ਆਗੂ ਸੰਭਾਵੀ ਉਮੀਦਵਾਰੀ ਦੇ ਸੰਬੰਧ ਵਿਚ ਵੱਖੋ-ਵੱਖਰੀਆਂ ਸੋਚਾਂ ਵਿਚ ਨਜ਼ਰ ਆ ਰਹੇ ਹਨ। ਕਈਆਂ ਵੱਲੋਂ ਇਸ ਸੀਟ ’ਤੇ ਕੋਹਾੜ ਪਰਿਵਾਰ ਦੇ ਚਰਚੇ ਕੀਤੇ ਜਾ ਰਹੇ ਹਨ ਜਦਕਿ ਜਲੰਧਰ ਜ਼ਿਲ੍ਹੇ ਵਿਚ ਸ਼ਾਹਕੋਟ ਹੀ ਅਜਿਹਾ ਹਲਕਾ ਹੈ ਜਿੱਥੇ ਅਕਾਲੀ ਦਲ ਵੱਲੋਂ ਅਜੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਟਿਕਟ ਦੇ ਐਲਾਨ ਦੀ ਦੇਰੀ ਦੌਰਾਨ ਸੰਭਾਵੀ ਉਮੀਦਵਾਰੀ ਸੰਬੰਧੀ ਕਿਆਸ-ਅਰਾਈਆਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ। ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇੱਥੋਂ ਚੋਣ ਲੜਨ ਦੇ ਵੀ ਚਰਚੇ ਹਨ। ਇਨ੍ਹਾਂ ਚਰਚਿਆਂ ਵਿਚ ਇਸ ਲਈ ਦਮ ਨਜ਼ਰ ਆਉਂਦਾ ਹੈ ਕਿਉਂਕਿ ਬੇਅਦਬੀ ਮਾਮਲੇ ਵਿਚ ਅਕਾਲੀ ਦਲ ਲਗਾਤਾਰ ਮਾਲਵੇ ਦੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਵਿਚ ਸੁਖਬੀਰ ਸਿੰਘ ਬਾਦਲ ਦੁਆਬੇ ਨੂੰ ਸੁਰੱਖਿਅਤ ਮਨਦਿਆਂ ਸ਼ਾਹਕੋਟ ਤੋਂ ਵਿਧਾਨ ਸਭਾ ਦੀਆਂ ਬਰੂਹਾਂ ਟੱਪਣੀਆਂ ਸੌਖਾਲੀਆਂ ਸਮਝੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : ਸਿੱਧੂ ਦੇ ਅਸਤੀਫ਼ੇ ’ਤੇ ਅੜਿਆ ਪੇਚ, ਹਾਈਕਮਾਨ ਨਾਲ ਮੁਲਾਕਾਤ ਲਈ ਦਿੱਲੀ ਰਵਾਨਾ ਹੋਏ ਮੁੱਖ ਮੰਤਰੀ ਚੰਨੀ
ਉਧਰ ਕਰਨਲ ਸੀ.ਡੀ. ਸਿੰਘ ਕੰਬੋਜ, ਡਾ. ਅਮਰਜੀਤ ਸਿੰਘ ਥਿੰਦ, ਐਡਵੋਕੇਟ ਬਚਿੱਤਰ ਸਿੰਘ ਕੋਹਾੜ ਅਤੇ ਬਲਵਿੰਦਰ ਸਿੰਘ ਚੱਠਾ ਨੂੰ ਇਸ ਸੀਟ ਤੋਂ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ। ਉਂਝ ਉਮੀਦਵਾਰਾਂ ਦੀ ਇਸ ਸੂਚੀ ਵਿਚ ਇਕ ਨਾਂਅ ਹੋਰ ਸ਼ਾਮਲ ਹੋ ਗਿਆ ਹੈ। ਇਹ ਨਾਂ ਮਰਹੂਮ ਬਲਵੰਤ ਸਿੰਘ (ਖਜ਼ਾਨਾ ਮੰਤਰੀ ਦੇ ਪੁੱਤਰ ਰਾਜਨਬੀਰ ਸਿੰਘ ਦਾ। ਉਹ ਅਕਾਲੀ ਦਲ (ਬਾਦਲ) ਦੇ ਖਜ਼ਾਨਚੀ ਵੀ ਰਹਿ ਚੁੱਕੇ ਹਨ ਤੇ ਸੁਲਤਾਨਪੁਰ ਲੋਧੀ ਤੋਂ ਚੋਣ ਵੀ ਲੜ ਚੁੱਕੇ ਹਨ। ਅਕਾਲੀ ਦਲ ਨੇ ਜਿਸ ਤਰ੍ਹਾਂ ਸ਼ਾਹਕੋਟ ਦੇ ਗੁਆਂਢੀ ਹਲਕੇ ਸੁਲਤਾਨਪੁਰ ਲੋਧੀ ਤੋਂ ਕੈਪਟਨ ਹਰਮਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ, ਇਸੇ ਤਰ੍ਹਾਂ ਦਾ ਤਜਰਬਾ ਸ਼ਾਹਕੋਟ ਵਿਚ ਵੀ ਕੀਤਾ ਜਾ ਸਕਦਾ ਹੈ। ਸੁਲਤਾਨਪੁਰ ਲੋਧੀ ਅਤੇ ਸ਼ਾਹਕੋਟ ਕੰਬੋਜ ਭਾਈਚਾਰੇ ਦੇ ਚੰਗੇ ਪ੍ਰਭਾਵ ਵਾਲੇ ਹਲਕੇ ਹਨ। ਕੈਪਟਨ ਹਰਮਿੰਦਰ ਸਿੰਘ ਕੰਬੋਜ ਹਨ ਅਤੇ ਕਾਂਗਰਸੀ ਸਨ। ਰਾਜਨਬੀਰ ਸਿੰਘ ਵੀ ਕੰਬੋਜ ਹਨ ਤੇ ਕਾਂਗਰਸੀ ਹਨ।
ਇਹ ਵੀ ਪੜ੍ਹੋ : ਪਟਿਆਲਾ ਨੇੜੇ ਵਾਪਰਿਆ ਵੱਡਾ ਹਾਦਸਾ, ਪੀ.ਯੂ. ਦੇ ਦੋ ਨੌਜਵਾਨਾਂ ਸਣੇ ਪੰਜ ਦੀ ਮੌਤ, ਵਿਆਹ ਤੋਂ ਪਰਤ ਰਹੇ ਸੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
15 ਸਾਲਾ ਨਾਬਾਲਿਗ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਦੋਧੀ ਕਾਬੂ
NEXT STORY