ਸੁਲਤਾਨਪੁਰ ਲੋਧੀ (ਧੀਰ, ਸੋਢੀ, ਜੋਸ਼ੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦੀ ਜੀਵਨੀ, ਸਿੱਖਿਆ ਅਤੇ ਉਦਾਸੀਆਂ ਬਾਰੇ ਭਰਪੂਰ ਜਾਣਕਾਰੀ ਦੇਣ ਵਾਲੀ ਡਿਜੀਟਲ ਪ੍ਰਦਰਸ਼ਨੀ ਨੂੰ ਸ਼ਰਧਾਲੂਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਬਿਓਰੋ ਆਊਟਰੀਚ ਅਤੇ ਕਮਿਊਨਿਕੇਸ਼ਨ ਵੱਲੋਂ ਇਥੇ ਗੁਰੂ ਨਾਨਕ ਸਟੇਡੀਅਮ 'ਚ ਲਾਈ ਗਈ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਜਨ ਸਮੂਹ ਉਮੜ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਥੇ ਪੁੱਜ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਿਆਂ ਦੀਆਂ ਤਸਵੀਰਾਂ ਅਤੇ ਗੁਰੂ ਜੀ ਦੀਆਂ ਵੱਡੀਆਂ- ਵੱਡੀਆਂ ਪੇਂਟਿੰਗਾਂ ਨਾਲ ਫੋਟੋ ਖਿੱਚ ਕੇ ਨਿਹਾਲ ਹੋ ਰਹੇ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਨੂੰ ਨਕਸ਼ਿਆਂ ਦੀ ਮਦਦ ਨਾਲ ਦਿਖਾਉਣ ਵਾਲਾ ਖੇਤਰ ਪ੍ਰਦਰਸ਼ਨੀ ਦਾ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਗੋਲ ਘੁੰਮਣ ਵਾਲੀ ਇਕ ਸਟੇਜ 'ਤੇ ਬੈਠ ਕੇ ਸ਼ਰਧਾਲੂ ਗੁਰੂ ਜੀ ਵੱਲੋਂ ਕੀਤੀਆਂ ਗਈਆਂ ਉਦਾਸੀਆਂ ਨੂੰ ਨਕਸ਼ੇ 'ਤੇ ਦੇਖਦੇ ਹਨ ਅਤੇ ਵਾਹਿਗੁਰੂ-ਵਾਹਿਗੁਰੂ ਕਹਿ ਕੇ ਨਮਨ ਕਰਦੇ ਹਨ। ਪ੍ਰਦਰਸ਼ਨੀ ਅੰਦਰ ਹੀ ਚਲਦੇ ਕੀਰਤਨ ਦਾ ਵੀ ਪੂਰਾ ਅਨੰਦ ਮਾਣਦੇ ਹਨ।
ਸ਼ਰਧਾਲੂ ਆਪਣੇ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵਧੇਰੀ ਜਾਣਕਾਰੀ ਦੇਣ ਵਾਲੇ ਕੁਇਜ਼ ਮੁਕਾਬਲੇ ਵੀ ਖਿਡਾ ਰਹੇ ਹਨ ਅਤੇ ਆਪਣੇ ਸਮੇਤ ਆਪਣੇ ਬੱਚਿਆਂ ਦੀ ਜਾਣਕਾਰੀ ਵਿਚ ਵੀ ਵਾਧਾ ਕਰ ਰਹੇ ਹਨ। ਪ੍ਰਦਰਸ਼ਨੀ ਅੰਦਰ ਲਗਾਏ ਗਏ ਸੈਲਫ਼ੀ ਪੁਆਇੰਟ 'ਤੇ ਵੀ ਸ਼ਰਧਾਲੂਆਂ ਦਾ ਰੁਝਾਨ ਦੇਖਦਿਆਂ ਹੀ ਬਣਦਾ ਹੈ। ਇਹ ਡਿਜੀਟਲ ਪ੍ਰਦਰਸ਼ਨੀ 12 ਨਵੰਬਰ ਤਕ ਜਾਰੀ ਰਹੇਗੀ। ਭਾਰਤ ਸਰਕਾਰ ਦੇ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲਾ ਦੇ ਨੈਸ਼ਨਲ ਬੁੱਕ ਟਰੱਸਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਅਤੇ ਹੋਰ ਬਹੁਤ ਸਾਰੇ ਉੱਘੇ ਲਿਖਾਰੀਆਂ ਦੀਆਂ ਕਿਤਾਬਾਂ ਦਾ ਇਕ ਸਟਾਲ ਵੀ ਲਗਾਇਆ ਗਿਆ ਹੈ। ਮਨੁੱਖੀ ਸਰੋਤ ਤੇ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਸਨਅਤ ਮੰਤਰੀਆਂ ਵੱਲੋਂ ਬੀਤੇ ਦਿਨੀਂ ਸ੍ਰ੍ਰ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਰੀ ਕੀਤੀਆਂ ਤਿੰਨ ਨਵੀਆਂ ਕਿਤਾਬਾਂ ਵੀ ਇਸ ਸਟਾਲ ਤੇ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿਚ ਗੁਰੂ ਨਾਨਕ ਬਾਣੀ ਅਤੇ ਸਾਖ਼ੀਆਂ ਗੁਰੂ ਨਾਨਕ ਦੇਵ ਸ਼ਾਮਲ ਹਨ।
ਡੋਲੀ ਲੈ ਕੇ ਵਾਪਸ ਜਾ ਰਹੀ ਬਰਾਤ ਨਾਲ ਵਾਪਰਿਆ ਦਰਦਨਾਕ ਹਾਦਸਾ
NEXT STORY