ਸੁਲਤਾਨਪੁਰ ਲੋਧੀ (ਸੋਢੀ)-ਡਿਪਟੀ ਕਮਿਸ਼ਨਰ ਕਪੂਰਥਲਾ ਡੀ.ਪੀ.ਐੱਸ.ਖਰਬੰਦਾ ਨੇ ਕਿਹਾ ਕਿ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਅਤੇ ਨਗਰ ਕੌਂਸਲ ਦੀ ਹਦੂਦ ਅੰਦਰ 20 ਕਿਲੋਮੀਟਰ ਦੇ ਘੇਰੇ 'ਚ ਹਵਾਈ ਅਤੇ ਉੱਚੀ ਅਵਾਜ਼ ਵਾਲੇ ਪਟਾਕੇ ਚਲਾਉਣ 'ਤੇ ਪਾਬੰਦੀ ਲਗਾਈ ਗਈ ਹੈ।
ਡਿਪਟੀ ਕਮਿਸ਼ਨਰ ਜਿਨ੍ਹਾਂ ਦੇ ਨਾਲ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਮੌਜੂਦ ਸਨ ਵਲੋਂ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨਾਲ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਲੱਖਾਂ ਦੀ ਗਿਣਤੀ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਲਈ ਟੈਂਟ ਸਿਟੀ ਬਣਾਏ ਗਏ ਹਨ ਇਸ ਲਈ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਰ ਤਰਾਂ ਦੇ ਹਵਾਈ ਅਤੇ ਉਚੀ ਅਵਾਜ਼ ਵਾਲੇ ਪਟਾਕੇ ਚਲਾਉਣ 'ਤੇ ਪਾਬੰਦੀ ਲਗਾਈ ਗਈ ਹੈ। ਉਨਾਂ ਕਿਹਾ ਕਿ ਇਹ ਪਾਬੰਦੀ ਇਨਾਂ ਦਿਨਾਂ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਲਗਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੋ ਨਿਯਮਾਂ ਦੀ ਉਲੰਘਣ ਕਰਨਗੇ ਉਨਾਂ ਨੂੰ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ।ਖਰਬੰਦਾ ਨੇ ਕਿਹਾ ਕਿ ਸਾਨੂੰ ਸਭ ਨੂੰ ਪਟਾਕਿਆਂ ਨੂੰ ਚਲਾਉਣ ਦੀ ਬਜਾਏ ਪੂਰੇ ਸ਼ਹਿਰ 'ਚ ਰੌਸ਼ਨੀ ਕਰਕੇ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਸ ਪਵਿੱਤਰ ਸ਼ਹਿਰ 'ਚ ਸਿਗਰੇਟ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਵਰਤੋਂ ਕਰਨ 'ਤੇ ਵੀ ਪੂਰਨ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਇਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਉਪ ਮੰਡਲ ਮੈਜਿਸਟਰੇਟ ਚਾਰੂਮਿਤਾ ਅਤੇ ਰਣਦੀਪ ਸਿੰਘ ਹੀਰ, ਮੇਲਾ ਅਫ਼ਸਰ ਨਵਨੀਤ ਕੌਰ ਬੱਲ ਅਤੇ ਹੋਰ ਵੀ ਹਾਜ਼ਰ ਸਨ।
ਪਾਕਿਸਤਾਨ ਸਰਕਾਰ ਸ਼ਰਧਾਲੂਆਂ ਦੀ ਸ਼ਰਧਾ ਨੂੰ ਵਪਾਰ ਨਾ ਬਣਾਵੇ : ਪ੍ਰੋ. ਬਡੂੰਗਰ
NEXT STORY