ਹੁਸ਼ਿਆਰਪੁਰ (ਘੁੰਮਣ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ 'ਚ ਜੋ ਯੋਗਦਾਨ ਪਾਇਆ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਦ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਕਾਂਗਰਸ ਸੰਘਰਸ਼ ਕਰ ਰਹੀ ਸੀ ਤਾਂ ਉਸ ਸਮੇਂ ਭਾਜਪਾ ਦਾ ਕਿੱਤੇ ਵੀ ਨਾਮੋ ਨਿਸ਼ਾਨ ਨਹੀਂ ਸੀ। ਆਰ. ਐੱਸ. ਐੱਸ. ਦੀ ਵਿਚਾਰਧਾਰਾ ਨਾਲ ਜੁੜੇ ਲੋਕ ਸੁਤੰਤਰਤਾ ਸੰਗਰਾਮ ਦੌਰਾਨ ਮਾਫੀਆਂ ਮੰਗ ਕੇ ਜੇਲਾਂ ਤੋਂ ਬਾਹਰ ਆਏ ਸਨ। ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਅੰਗਰੇਜ਼ਾਂ ਦੇ ਸ਼ਾਸਨ 'ਚ ਭਾਰਤ ਨੂੰ ਈਸਟ ਇੰਡੀਆ ਕੰਪਨੀ ਨੇ ਲੁੱਟਿਆ ਸੀ ਉਸੇ ਤਰ੍ਹਾਂ ਅੱਜ ਮੋਦੀ-ਸ਼ਾਹ ਕੰਪਨੀ ਦੇਸ਼ ਦੇ ਲੋਕਾਂ ਨੂੰ ਲੁੱਟ ਰਹੀ ਹੈ। ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਤਿਆਗ, ਦੇਸ਼ ਭਗਤੀ ਕਿਸੇ ਤੋਂ ਗੁੱਝੀ ਨਹੀਂ ਹੈ। ਸ਼੍ਰੀਮਤੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਏ ਰੱਖਣ ਲਈ ਬਲੀਦਾਨ ਦਿੱਤੇ ਸੀ, ਉੱਥੇ ਹੀ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਅਹੁਦੇ ਨੂੰ ਠੋਕਰ ਮਾਰ ਕੇ ਜੋ ਤਿਆਗ ਕੀਤਾ, ਉਸ ਦੀ ਕਿਤੇ ਵੀ ਮਿਸਾਲ ਨਹੀਂ ਮਿਲਦੀ।
ਇਸ ਮੌਕੇ ਜਾਖੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕ ਵਪਾਰੀ ਹੈ, ਜਿਸ ਨੂੰ ਰਾਜਨੀਤੀ ਦੀ ਏ. ਬੀ. ਸੀ. ਵੀ ਨਹੀਂ ਆਉਂਦੀ। ਉਹ ਆਪਣੇ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਰਾਜਨੀਤੀ 'ਚ ਆਇਆ ਹੈ ਤੇ ਕੇਂਦਰ 'ਚ ਆਪਣੀ ਘਰ ਵਾਲੀ ਲਈ ਮੰਤਰੀ ਪੱਦ 'ਤੇ ਬਣੇ ਰਹਿਣ ਲਈ ਭਾਜਪਾ ਦੀ ਚਾਪਲੂਸੀ ਕਰ ਰਿਹਾ ਹੈ। ਜਦ ਉਨ੍ਹਾਂ ਤੋਂ ਕਾਂਗਰਸ ਦੇ ਐੱਮ. ਐੱਲ. ਏਜ਼ ਅਤੇ ਵਰਕਰਾਂ ਵੱਲੋਂ ਸਰਕਾਰ ਪ੍ਰਤੀ ਨਾਰਾਜ਼ਗੀ ਸਬੰਧੀ ਪੁੱਛਿਆ ਗਿਆ ਤਾਂ ਇਸ ਦਾ ਟਾਲਮਟੋਲ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਪੂਰੇ ਯਤਨ ਕਰ ਰਹੇ ਹਾਂ ਕਿ ਅਫਸਰ ਵਰਕਰਾਂ ਅਤੇ ਐੱਮ. ਐੈੱਲ. ਏਜ਼ ਦਾ ਮਾਣ-ਸਨਮਾਨ ਕਰਨ ਅਤੇ ਇਸੇ 'ਤੇ ਉਨ੍ਹਾਂ ਜ਼ਿਆਦਾਤਰ ਖਾਮੋਸ਼ ਰਹਿਣਾ ਹੀ ਵਾਜਬ ਸਮਝਿਆ। ਜਦ ਉਨ੍ਹਾਂ ਤੋਂ ਬਿਕਰਮ ਸਿੰਘ ਮਜੀਠੀਆ ਬਾਰੇ ਪੁੱਛਿਆ ਗਿਆ ਕਿ ਉਹ ਤੁਹਾਡੇ ਮੰਤਰੀਆਂ ਖਿਲਾਫ਼ ਹਰ ਰੋਜ਼ ਦੋਸ਼ ਲਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਹੁਣ ਰੱਸੀ ਸੜ ਚੁੱਕੀ ਹੈ ਪਰ ਵੱਟ ਨਹੀਂ ਗੁਆ ਰਹੀ। ਜਦ ਇਸ ਸਬੰਧੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਹਰ ਰੋਜ਼ ਬਿਕਰਮ ਮਜੀਠੀਆ ਨੂੰ ਜਵਾਬ ਮਿਲ ਰਹੇ ਹਨ।
ਇਸ ਮੌਕੇ ਜਾਖੜ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਲਾਏ ਗਏ ਥਰਮਲ ਪਲਾਂਟ ਚਿੱਟੇ ਹਾਥੀ ਬਣ ਚੁੱਕੇ ਹਨ, ਇਨ੍ਹਾਂ 'ਤੇ 2300 ਕਰੋੜ ਰੁਪਏ ਦੀ ਜੋ ਰਾਸ਼ੀ ਖਰਚ ਕੀਤੀ ਗਈ ਸੀ ਉਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਉਹ ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਤੋਂ ਕਰਨਗੇ। ਇਸ ਮੌਕੇ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ, ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ, ਸੰਗਤ ਸਿੰਘ ਗਿਲਜੀਆਂ ਸਲਾਹਕਾਰ ਮੁੱਖ ਮੰਤਰੀ ਪੰਜਾਬ, ਪਵਨ ਕੁਮਾਰ ਆਦੀਆ ਵਿਧਾਇਕ ਸ਼ਾਮਚੁਰਾਸੀ, ਡਾ. ਕੁਲਦੀਪ ਨੰਦਾ ਜ਼ਿਲਾ ਪ੍ਰਧਾਨ ਕਾਂਗਰਸ, ਅਰੁਣ ਮਿੱਕੀ ਡੋਗਰਾ ਵਿਧਾਇਕ ਦਸੂਹਾ, ਦਲਜੀਤ ਸਿੰਘ ਸੇਠੀ ਗਿਲਜੀਆਂ, ਮਨਮੋਹਨ ਸਿੰਘ ਕਪੂਰ, ਅਸ਼ਵਨੀ ਭੱਲਾ ਯੂਥ ਕਾਂਗਰਸ ਆਗੂ, ਦਮਨਦੀਪ ਸਿੰਘ ਬਿੱਲਾ ਜ਼ਿਲਾ ਪ੍ਰਧਾਨ ਯੂਥ ਕਾਂਗਰਸ, ਅਮਰਪ੍ਰੀਤ ਸਿੰਘ ਮਿੰਟੂ ਲਾਲੀ ਸਾਬਕਾ ਪ੍ਰਧਾਨ ਪੰਜਾਬ ਯੂਥ ਕਾਂਗਰਸ, ਸੁਮੇਸ਼ ਸੋਨੀ ਮੀਡੀਆ ਇੰਚਾਰਜ ਆਦਿ ਹਾਜ਼ਰ ਸਨ।
ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦਾ ਦਰਦ ਛਲਕਿਆ, 2022 ਦਾ ਡਰ ਸਤਾਉਣ ਲੱਗਾ
ਕਾਂਗਰਸ ਵੱਲੋਂ ਆਪਣੇ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ 'ਚ 2022 ਦੀ ਯਾਦ ਸਤਾਉਣ ਲੱਗੀ, ਜਿਸ 'ਤੇ ਆਪਣੀ ਸਰਕਾਰ ਨੂੰ ਕਚਹਿਰੇ 'ਚ ਖੜ੍ਹਾ ਕਰਦਿਆਂ ਵਰਕਰਾਂ ਦਾ ਦਰਦ ਛਲਕਿਆ ਜਿਸ ਦੀ ਪਹਿਲ ਕਰਦੇ ਕਾਂਗਰਸ ਦੇ ਹਲਕਾ ਟਾਂਡਾ ਤੋਂ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਵੱਲੋਂ ਕਾਂਗਰਸ ਪ੍ਰਧਾਨ ਦੀ ਹਾਜ਼ਰੀ 'ਚ ਸਟੇਜ ਤੋਂ ਖੁੱਲ੍ਹੇਆਮ ਇਹ ਐਲਾਨ ਕਰ ਦਿੱਤਾ ਕਿ ਜੇਕਰ ਅਸੀਂ ਵਰਕਰਾਂ ਦੀ ਬਾਂਹ ਨਹੀਂ ਫੜੀ ਤਾਂ ਅਸੀਂ 2022 'ਚ ਨਹੀਂ ਆਵਾਂਗੇ। ਇਸ ਉਪਰੰਤ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਵੀ ਵਰਕਰਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਅਸੀਂ ਇਨ੍ਹਾਂ ਦੀ ਬਦੌਲਤ ਹੀ ਇੱਥੇ ਹਾਂ।
ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਵੱਲੋਂ ਵੀ ਇਹੀ ਗੱਲਾਂ ਨੂੰ ਵਾਰ-ਵਾਰ ਕਿਹਾ ਗਿਆ ਕਿ ਜੇਕਰ ਅਸੀਂ ਵਰਕਰਾਂ 'ਚ ਆਪਣਾ ਵਿਸ਼ਵਾਸ ਨਹੀਂ ਬਣਾ ਕੇ ਰੱਖਾਂਗੇ ਤਾਂ ਉਹ ਵੀ ਸਾਡੇ 'ਤੇ ਜ਼ਿਆਦਾ ਦੇਰ ਤੱਕ ਵਿਸ਼ਵਾਸ ਨਹੀਂ ਕਰਨਗੇ ਜਿਸ ਤੋਂ ਇਹ ਗੱਲ ਸਾਫ ਨਜ਼ਰ ਆ ਰਹੀ ਸੀ ਕਿ ਤਿੰਨ ਸਾਲ ਦੇ ਕਾਂਗਰਸ ਦੇ ਰਾਜ 'ਚ ਵਰਕਰਜ਼ ਨਜ਼ਰਅੰਦਾਜ਼ ਹੋ ਰਹੇ ਹਨ। ਵਰਕਰਾਂ ਨੂੰ ਇਸ ਮੌਕੇ ਲੱਗ ਰਿਹਾ ਸੀ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਸੁਣਨਗੇ ਪਰ ਵਰਕਰ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਜਿਸ ਕਾਰਨ ਮਾਯੂਸੀ 'ਚ ਹੀ ਵਾਪਸ ਜਾਣਾ ਪਿਆ। ਹੁਣ ਆਉਣ ਵਾਲੇ ਸਮੇਂ 'ਚ ਹੀ ਇਹ ਪਤਾ ਲੱਗੇਗਾ ਕਿ ਆਪਣੇ ਬਣਾਏ ਵਿਧਾਇਕਾਂ ਅਤੇ ਮੰਤਰੀਆਂ ਦਾ ਕਿੰਨਾ ਕੁ ਸਾਥ ਦਿੰਦੇ ਹਨ।
ਫੌਜ ਦੀਆਂ ਇਨ੍ਹਾਂ ਮਹਿਲਾ ਜਵਾਨਾਂ ਸਦਕਾ ਬਚੀ ਗਰਭਵਤੀ ਦੀ ਜਾਨ, ਸੁਣ ਤੁਸੀਂ ਵੀ ਕਰੋਗੇ ਸਿਫਤਾਂ
NEXT STORY