ਚੰਡੀਗੜ੍ਹ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀ. ਏ. ਸੀ.) ਨੇ ਅੱਜ ਫੈਸਲਾ ਕੀਤਾ ਹੈ ਕਿ ਕਾਂਗਰਸੀਆਂ ਵੱਲੋਂ ਅਕਾਲੀ ਵਰਕਰਾਂ ਉਤੇ ਢਾਹੇ ਜਾ ਰਹੇ ਅੱਤਿਆਚਾਰਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਲਈ 'ਜਬਰ ਵਿਰੋਧੀ ਲਹਿਰ' ਆਰੰਭੀ ਜਾਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਐੱਸ. ਵਾਈ. ਐੱਲ. ਮੁੱਦੇ ਉਤੇ ਕਿਸੇ ਵੀ ਹਾਲਾਤ ਵਿਚ ਪੰਜਾਬ ਦੇ ਹਿੱਤਾਂ ਨਾਲ ਸੌਦੇਬਾਜ਼ੀ ਨਾ ਕਰੇ।
ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਇਹ ਮਤਾ ਪਾਸ ਕੀਤਾ ਗਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 25 ਜੁਲਾਈ ਨੂੰ ਡੇਰਾ ਬਾਬਾ ਨਾਨਕ ਤੋਂ ਜਬਰ ਵਿਰੋਧੀ ਲਹਿਰ ਦਾ ਆਗਾਜ਼ ਕਰਨਗੇ ਅਤੇ ਇਸ ਤੋਂ ਬਾਅਦ ਕਾਂਗਰਸੀ ਜ਼ਿਆਦਤੀਆਂ ਦੇ ਸ਼ਿਕਾਰ ਹੋਏ ਸਾਰੇ ਪਰਿਵਾਰਾਂ ਨੂੰ ਮਿਲਣ ਲਈ ਉਹ ਪੂਰੇ ਸੂਬੇ ਦਾ ਚੱਕਰ ਲਾਉਣਗੇ।
ਅਕਾਲੀ ਵਰਕਰਾਂ ਨਾਲ ਖੜ੍ਹਨਾ ਮੇਰਾ ਮੁੱਢਲਾ ਫਰਜ਼ : ਸੁਖਬੀਰ
ਇਸ ਮਸਲੇ 'ਤੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹਰ ਅਕਾਲੀ ਵਰਕਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ ਮੇਰਾ ਮੁੱਢਲਾ ਫਰਜ਼ ਹੈ। ਕਾਂਗਰਸ ਸਰਕਾਰ ਵੱਲੋਂ ਆਪਣੇ ਵਰਕਰਾਂ ਰਾਹੀਂ ਅਕਾਲੀਆਂ ਉਤੇ ਕਰਵਾਈਆਂ ਜਾ ਰਹੀਆਂ ਜ਼ਿਆਦਤੀਆਂ ਨੂੰ ਰੁਕਵਾਉਣ ਲਈ ਅਕਾਲੀ ਦਲ ਇਕ ਜਨ ਅੰਦੋਲਨ ਸ਼ੁਰੂ ਕਰੇਗਾ। ਅਸੀਂ ਪੀੜਤਾਂ ਦੀ ਮਦਦ ਕਰਨ ਲਈ ਹਰ ਜ਼ਿਲੇ ਅੰਦਰ ਕਮੇਟੀਆਂ ਬਣਾਵਾਂਗੇ।
ਅਸੀਂ ਆਪਣੇ ਵਰਕਰਾਂ ਖਿਲਾਫ ਦਰਜ ਕੀਤੇ ਗਏ ਝੂਠੇ ਕੇਸ ਨੂੰ ਲੜਨ ਵਾਸਤੇ ਵੀ ਇਕ ਸਿਸਟਮ ਬਣਾ ਰਹੇ ਹਾਂ। ਇਸ ਤੋਂ ਇਲਾਵਾ ਝੂਠੇ ਕੇਸਾਂ ਦੀ ਹੱਦ ਜਾਣਨ ਲਈ ਵੀ ਤਰੀਕੇ ਲੱਭੇ ਜਾ ਰਹੇ ਹਨ। ਸੁਖਬੀਰ ਬਾਦਲ ਨੇ ਇਹ ਐਲਾਨ ਵੀ ਕੀਤਾ ਕਿ ਉਹ ਹਾਲ ਹੀ ਵਿਚ ਲੁਧਿਆਣਾ ਵਿਖੇ ਬੇਰਹਿਮੀ ਨਾਲ ਕਤਲ ਕੀਤੇ ਗਏ ਪਾਦਰੀ ਸੁਲਤਾਨ ਮਸੀਹ ਦੇ ਘਰ ਜਾਣਗੇ। ਪੀ. ਏ. ਸੀ. ਨੇ ਇਸ ਘਟਨਾ ਦੀ ਨਿਖੇਧੀ ਕੀਤੀ ਅਤੇ ਪੀੜਤ ਪਰਿਵਾਰ
ਨਾਲ ਦੁੱਖ ਸਾਂਝਾ ਕਰਨ ਵਾਲਾ ਇਕ ਮਤਾ ਪਾਸ ਕੀਤਾ।
ਪੰਜਾਬ 'ਚ 1 ਮਹੀਨੇ 'ਚ 41 ਕਿਸਾਨਾਂ-ਮਜ਼ਦੂਰਾਂ ਨੇ ਕੀਤੀਆਂ ਖੁਦਕੁਸ਼ੀਆਂ
NEXT STORY