ਟਾਂਡਾ(ਮੋਮੀ, ਪੰਡਿਤ)— ਆਪਣੇ 2 ਸਾਲ ਦੇ ਕਾਰਜਕਾਲ ਅੰਦਰ ਹਰ ਇਕ ਫਰੰਟ 'ਤੇ ਫੇਲ ਹੋਈ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਆਪਣੇ ਕਿਸੇ ਵੀ ਵਾਅਦੇ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਰਪ੍ਰਸਤ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਗ੍ਰੇਟ ਪੰਜਾਬ ਸੈਲੀਬ੍ਰੇਸ਼ਨ ਰਿਜ਼ੋਰਟ ਟਾਂਡਾ ਵਿਖੇ ਸੂਥ ਅਕਾਲੀ ਦਲ ਦੀ ਜ਼ਿਲਾ ਪੱਧਰੀ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਬਿਕਰਮ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਨ, ਉਹ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ, ਜਿਸ ਕਾਰਨ ਪੰਜਾਬ ਦਾ ਹਰੇਕ ਵਰਗ ਤੰਗ-ਪਰੇਸ਼ਾਨ ਤੇ ਬੇਹਾਲੀ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣਾ, ਬੇਰੁਜ਼ਗਾਰੀ ਭੱਤਾ, ਸਮਾਰਟ ਫੋਨ, ਕਿਸਾਨਾਂ ਦਾ ਕਰਜ਼ਾ ਮੁਆਫ ਅਤੇ ਹੋਰ ਵਾਅਦੇ ਕੀਤੇ ਗਏ ਸਨ ਪਰ ਸੱਤਾ ਹਾਸਲ ਕਰਦਿਆਂ ਹੀ ਸਰਕਾਰ ਆਪਣੇ ਵਾਅਦੇ ਭੁੱਲ ਗਈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੱਲ ਕੀਤੀ ਗਈ ਮੋਗਾ ਰੈਲੀ ਵਿਚ ਇਹ ਕਹਿਣਾ ਕਿ ਮੌਜੂਦਾ ਕੇਂਦਰ ਦੀ ਮੋਦੀ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ 'ਤੇ ਨਹੀਂ ਚਲ ਰਹੀ। ਇਹ ਬਿਲਕੁੱਲ ਗਲਤ ਅਤੇ ਝੂਠ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਗੁਰੂਆਂ ਦੇ ਫਲਸਫੇ 'ਤੇ ਨਹੀਂ ਚੱਲ ਰਹੀ ਤਾਂ ਕੀ ਜੋ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਤੋਪਾਂ ਅਤੇ ਟੈਕਾਂ ਨਾਲ ਹਮਲਾ ਕੀਤਾ ਸੀ ਕੀ ਉਹ ਗੁਰੂਆਂ ਦੇ ਫਲਸਫੇ 'ਤੇ ਚੱਲੀ ਸੀ? ਉਨ੍ਹਾਂ ਕਿਹਾ ਕਿ ਸਰਕਾਰ ਦੇ ਮੌਜੂਦਾ ਕਾਰਜਕਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਕਿਸੇ ਨਾਲ ਵੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗਾ, ਸਗੋਂ ਇਸ ਦਾ ਜਵਾਬ ਦਿੱਤਾ ਜਾਏਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਖਿਲਾਫ ਫੱਤਵਾ ਦੇ ਕੇ ਸਰਕਾਰ ਦੇ ਹੁਣ ਤੱਕ ਦੇ ਲੋਕ ਵਿਰੋਧੀ ਕਾਰਜਕਾਲ ਦਾ ਸਬੂਤ ਦੇਣਗੇ। ਇਸ ਵਿਸ਼ਾਲ ਰੇਲੀ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਯੂਥ ਅਕਾਲੀ ਦਲ ਦੇ ਵਰਕਰ ਮੌਜੂਦ ਸਨ। ਇਸ ਰੈਲੀ ਦੌਰਾਨ ਜਥੇਦਾਰ ਸੁਰਿੰਦਰ ਸਿੰਘ ਭੁਲੇਵਾਲ ਹਾਂਡਾ, ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਮਨਜੀਤ ਸਿੰਘ ਦਸੂਹਾ ਆਦਿ ਵੀ ਹਾਜ਼ਰ ਸਨ।
ਦਾਜ ਰੂਪੀ ਦੈਂਤ ਨਿਗਲ ਗਿਆ ਦੋ ਜ਼ਿੰਦਗੀਆਂ, ਮਾਂ-ਧੀ ਦੀ ਮੌਤ
NEXT STORY