ਤਰਨਤਾਰਨ (ਰਮਨ)-ਜ਼ਿਲੇ ਦੇ ਥਾਣਾ ਸਦਰ ਅਧੀਨ ਆਉਂਦੇ ਨੈਸ਼ਨਲ ਹਾਈਵੇ 54 ਨਜ਼ਦੀਕ ਪਿੰਡ ਸਫੀਪੁਰ ਤੋਂ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਪਿਸਤੌਲ ਦੀ ਨੌਕ 'ਤੇ ਇਕ ਨੌਜਵਾਨ ਦੀ ਵਰਨਾ ਕਾਰ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਸਣੇ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਜ਼ਿਲੇ ਅੰਦਰ ਨਾਕਾਬੰਦੀ ਕਰਵਾਉਂਦੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਜ਼ਿਲੇ ਅੰਦਰ ਲਗਜ਼ਰੀ ਕਾਰਾਂ ਖੋਹਣ ਵਾਲੇ ਗਿਰੋਹ ਵਲੋਂ ਵੱਡੀ ਗਿਣਤੀ 'ਚ ਕਾਰਾਂ ਖੋਹਣ ਦਾ ਸਿਲਸਿਲਾ ਜਾਰੀ ਹੈ, ਜਿਸ ਨੂੰ ਪੁਲਸ ਰੋਕਣ 'ਚ ਅਸਫਲ ਸਾਬਤ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਮਹਿਤਾਬ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਬਾਠ ਰੋਡ ਤਰਨਤਾਰਨ ਜੋ ਆਪਣੇ ਘਰੋਂ ਅੰਮ੍ਰਿਤਸਰ ਜਾਣ ਲਈ ਆਪਣੀ ਸਫੈਦ ਰੰਗ ਦੀ ਵਰਨਾ ਕਾਰ ਨੰਬਰ ਪੀ. ਬੀ. 46-ਏ. ਈ.-1033 'ਤੇ ਸਵਾਰ ਹੋ ਕੇ ਨਿਕਲਿਆ ਹੀ ਸੀ ਕਿ ਜਦੋਂ ਉਹ ਨੈਸ਼ਨਲ ਹਾਈਵੇ 54 ਨਜ਼ਦੀਕ ਪਿੰਡ ਸਫੀਪੁਰ ਵਿਖੇ ਸ਼ਾਮ ਕਰੀਬ 5.30 ਵਜੇ ਪੁੱਜਾ ਤਾਂ ਇਕ ਬਿਨਾਂ ਨੰਬਰ ਤੋਂ ਪਿੱਛਾ ਕਰ ਰਹੀ ਵਰਨਾ ਕਾਰ ਸਵਾਰ 4 ਅਣਪਛਾਤੇ ਵਿਅਕਤੀਆਂ ਨੇ ਕਾਰ ਚਾਲਕ ਨੂੰ ਰੋਕ ਉਸ ਦੀ ਕੰਨਪਟੀ ਉੱਪਰ ਪਿਸਤੌਲ ਤਾਣਦੇ ਹੋਏ ਕਾਰ ਖੋਹ ਲਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚਾਰੇ ਅਣਪਛਾਤੇ ਵਿਅਕਤੀ ਨੈਸ਼ਨਲ ਹਾਈਵੇ ਰਾਹੀਂ ਮੌਕੇ ਤੋਂ ਦੋਵੇਂ ਕਾਰਾਂ ਸਮੇਤ ਫਰਾਰ ਹੋ ਗਏ। ਇਸ ਵਾਰਦਾਤ ਤੋਂ ਬਾਅਦ ਪੀੜਤ ਮਹਿਤਾਬ ਸਿੰਘ ਨੇ ਥਾਣਾ ਸਦਰ ਦੀ ਪੁਲਸ ਨੂੰ ਸੂਚਨਾ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਮੁਖੀ ਮਨੋਜ ਕੁਮਾਰ ਨੇ ਦੱਸਿਆ ਕਿ ਜ਼ਿਲੇ ਅੰਦਰ ਨਾਕਾਬੰਦੀ ਕਰਵਾਉਂਦੇ ਹੋਏ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
'ਕਲੈਟ-2020' ਪ੍ਰੀਖਿਆ 10 ਮਈ ਨੂੰ ਹੋਵੇਗੀ ਆਯੋਜਿਤ
NEXT STORY