ਤਰਨਤਾਰਨ (ਰਮਨ) : ਚੀਨ, ਇਟਲੀ, ਇਰਾਕ ਆਦਿ ਦੇਸ਼ਾਂ 'ਚ ਫੈਲ ਚੁੱਕੇ ਮਹਾਮਾਰੀ ਰੂਪੀ ਨੋਵਲ ਕੋਰੋਨਾ ਵਾਇਰਸ ਨਾਲ ਵੱਡੀ ਗਿਣਤੀ 'ਚ ਲੋਕਾਂ ਦੀਆਂ ਮੌਤਾਂ ਹੋਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਇਸ ਬੀਮਾਰੀ ਦਾ ਸਾਹਮਣਾ ਕਰਨ ਲਈ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ ਪਰ ਜੇ ਇਸ ਜ਼ਿਲੇ 'ਚ ਕੋਈ ਵਿਅਕਤੀ ਕੋਰੋਨਾ ਨਾਲ ਪੀੜਤ ਪਾਇਆ ਜਾਂਦਾ ਹੈ ਤਾਂ ਜ਼ਿਲਾ ਪੱਧਰੀ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ ਵਿਖੇ ਡਾਕਟਰਾਂ ਅਤੇ ਹੋਰ ਜ਼ਰੂਰੀ ਸਟਾਫ ਦੀ ਭਾਰੀ ਕਮੀ ਹੋਣ ਕਾਰਣ ਉਸ ਦਾ ਇਲਾਜ ਕਰਨ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵਲੋਂ ਹੁਣ ਤੱਕ ਜ਼ਿਲੇ 'ਚ ਵੱਖ-ਵੱਖ ਦੇਸ਼ਾਂ ਤੋਂ ਪੁੱਜੇ ਕਰੀਬ 218 ਵਿਅਕਤੀਆਂ ਨੂੰ ਮੈਡੀਕਲ ਜਾਂਚ ਕਰਨ ਉਪਰੰਤ ਘਰ 'ਚ ਕੁੱਲ 28 ਦਿਨਾਂ ਤੱਕ ਰਹਿਣ ਦੀ ਹਦਾਇਤ ਕੀਤੀ ਜਾ ਰਹੀ ਹੈ ਜਦਕਿ ਕੁਝ ਵਿਅਕਤੀਆਂ ਦਾ ਹੁਣ ਤੱਕ ਪਤਾ ਨਾ ਲੱਗ ਪਾਉਣ ਕਾਰਣ ਜ਼ਿਲਾ ਪ੍ਰਸ਼ਾਸਨ ਉਨ੍ਹਾਂ ਦੀ ਭਾਲ ਕਰਦਾ ਨਜ਼ਰ ਆ ਰਿਹਾ ਹੈ।
ਸਰਹੱਦੀ ਜ਼ਿਲੇ 'ਚ ਪ੍ਰਮੱਖ ਡਾਕਟਰਾਂ ਦੀ ਪਾਈ ਜਾ ਰਹੀ ਭਾਰੀ ਕਮੀ
ਜ਼ਿਲੇ ਅਧੀਨ ਆਉਂਦੇ ਹਸਪਤਾਲਾਂ 'ਚ ਸਰਕਾਰ ਵਲੋਂ ਕੁੱਲ 98 ਪੋਸਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ 'ਚੋਂ ਇਸ ਸਮੇਂ ਮੈਡੀਕਲ ਅਫ਼ਸਰਾਂ ਦੀਆਂ ਕੁੱਲ 39 ਪੋਸਟਾਂ ਖਾਲੀ ਪਈਆਂ ਹਨ, ਜਿਸ ਤਹਿਤ ਜ਼ਿਲਾ ਪੱਧਰੀ ਸਿਵਲ ਹਸਪਤਾਲ ਤਰਨਤਾਰਨ ਵਿਖੇ ਜਨਰਲ ਮੈਡੀਕਲ ਅਫ਼ਸਰ ਦੀਆਂ 8, ਪੱਟੀ 'ਚ 3, ਖਡੂਰ ਸਾਹਿਬ ਦੇ ਸਬ-ਡਵੀਜ਼ਨ ਹਸਪਤਾਲ ਵਿਖੇ 2 ਪੋਸਟਾਂ ਖਾਲੀ ਹਨ। ਇਸੇ ਤਰ੍ਹਾਂ ਸੀ. ਐੱਚ. ਸੀ. ਘਰਿਆਲਾ ਵਿਖੇ 1, ਝਬਾਲ ਵਿਖੇ 1, ਸੀ. ਐੱਚ. ਸੀ. ਹਰੀਕੇ ਵਿਖੇ 4, ਸੀ. ਐੱਚ. ਸੀ. ਕੈਰੋਂ ਵਿਖੇ 1 ਖਾਲੀ, ਸੀ. ਐੱਚ. ਸੀ. ਨੌਸ਼ਹਿਰਾ ਪੰਨੂੰਆਂ ਵਿਖੇ 3, ਸੀ. ਐੱਚ. ਸੀ. ਸਰਹਾਲੀ ਕਲਾਂ ਵਿਖੇ 4, ਸੀ. ਐੱਚ. ਸੀ. ਬ੍ਰਹਮਪੁਰਾ ਵਿਖੇ 2, ਸੀ. ਐੱਚ. ਸੀ. ਸੁਰਸਿੰਘ ਵਿਖੇ 2 ਪੋਸਟਾਂ ਖਾਲੀ ਹਨ। ਇਸ ਤੋਂ ਇਲਾਵਾ ਮਿੰਨੀ ਪੀ. ਐੱਚ. ਸੀ. ਚੋਹਲਾ ਸਾਹਿਬ, ਮੀਆਂਵਿੰਡ, ਢੋਟੀਆਂ, ਡੇਹਰਾ ਸਾਹਿਬ, ਫਤਿਆਬਾਦ ਅਤੇ ਸਰਾਏ ਅਮਾਨਤ ਖਾਂ ਵਿਖੇ ਵੀ ਡਾਕਟਰਾਂ ਦੀ ਕਮੀ ਪਾਈ ਜਾ ਰਹੀ ਹੈ।
ਵੱਖ-ਵੱਖ ਮਾਹਿਰ ਡਾਕਟਰਾਂ ਨੂੰ ਵੀ ਉਡੀਕ ਰਹੇ ਨੇ ਮਰੀਜ਼
ਵੱਖ-ਵੱਖ ਬੀਮਾਰੀਆਂ ਦਾ ਇਲਾਜ ਕਰਨ ਵਾਲੇ ਮਾਹਿਰ ਡਾਕਟਰਾਂ ਦੀ ਵੀ ਜ਼ਿਲੇ 'ਚ ਭਾਰੀ ਕਮੀ ਨਜ਼ਰ ਆ ਰਹੀ ਹੈ, ਜਿਨ੍ਹਾਂ ਨੂੰ ਮਰੀਜ਼ ਬੜੀ ਦੇਰ ਤੋਂ ਬੇਸਬਰੀ ਨਾਲ ਉਡੀਕਦੇ ਨਜ਼ਰ ਆ ਰਹੇ ਹਨ। ਜ਼ਿਲਾ ਪੱਧਰੀ ਹਸਪਤਾਲ ਤਰਨਤਾਰਨ ਵਿਖੇ 5 ਮਾਹਿਰ ਡਾਕਟਰਾਂ ਦੀਆਂ ਆਸਾਮੀਆਂ ਖਾਲੀ ਹਨ, ਜਿਨ੍ਹਾਂ 'ਚ ਬੱਚਿਆਂ, ਐਨਸਥੀਸੀਆ, ਅੱਖਾਂ ਦੇ ਸਰਜਨ, ਬਲੱਡ ਟਰਾਂਸਫਰ ਅਫ਼ਸਰ ਅਤੇ ਮਨੋਰੋਗ ਮਾਹਿਰ ਸ਼ਾਮਲ ਹਨ। ਇਸ ਤੋਂ ਇਲਾਵਾ ਪੱਟੀ ਵਿਖੇ 7 ਮਾਹਿਰ ਡਾਕਟਰਾਂ ਦੀਆਂ ਪੋਸਟਾਂ ਖਾਲੀ ਹਨ, ਜਿਨ੍ਹਾਂ 'ਚ ਈ. ਐੱਨ. ਟੀ., ਪੈਥੋਲੋਜਿਸਟ, ਐਨਸਥੀਸੀਆ, ਬੱਚਿਆਂ, ਚਮੜੀ, ਗਾਈਨੀਕੋਲੋਜਿਸਟ ਅਤੇ ਮਨੋਰੋਗ ਸ਼ਾਮਲ ਹਨ। ਸਬ-ਡਵੀਜ਼ਨ ਖਡੂਰ ਸਾਹਿਬ ਵਿਖੇ 3 ਮਾਹਿਰ ਡਾਕਟਰਾਂ ਦੀਆਂ ਪੋਸਟਾਂ ਖਾਲੀ ਹਨ, ਜਿਨ੍ਹਾਂ 'ਚ ਐਨਸਥੀਸੀਆ, ਪੈਥੋਲੋਜਿਸਟ ਅਤੇ ਸਰਜਨ ਸ਼ਾਮਲ ਹਨ। ਸੀ. ਐੱਚ. ਸੀ. ਰਾਜੋਕੇ ਵਿਖੇ ਕੋਈ ਵੀ ਮਾਹਿਰ ਡਾਕਟਰ ਪਿਛਲੇ ਲੰਮੇ ਸਮੇਂ ਤੋਂ ਹਾਜ਼ਰ ਨਹੀਂ ਹੈ, ਜਿਨ੍ਹਾਂ 'ਚ ਐੱਮ. ਡੀ. ਮੈਡੀਸਨ, ਗਾਈਨੀਕੋਲੋਜਿਸਟ, ਬੱਚਿਆਂ ਅਤੇ 1 ਸਰਜਨ ਸ਼ਾਮਲ ਹਨ। ਇਸੇ ਤਰ੍ਹਾਂ ਸੀ. ਐੱਚ. ਸੀ. ਸੁਰਸਿੰਘ ਵਿਖੇ 2 ਪੋਸਟਾਂ ਖਾਲੀ ਹਨ, ਜਿਨ੍ਹਾਂ 'ਚ ਗਾਈਨੀਕੋਲੋਜਿਸਟ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਦੀ ਪੋਸਟ ਖਾਲੀ ਹੈ। ਇਸ ਦੌਰਾਨ ਜ਼ਿਲੇ 'ਚ ਕੁੱਲ 48 'ਚੋਂ 21 ਸਪੈਸ਼ਲਿਸਟ ਡਾਕਟਰਾਂ ਦੀ ਘਾਟ ਹੋਣ ਕਾਰਣ ਲੋਕ ਪ੍ਰਾਈਵੇਟ ਡਾਕਟਰਾਂ ਕੋਲ ਜਾਣ ਲਈ ਮਜਬੂਰ ਹਨ।
ਸਟਾਫ ਨਰਸਾਂ ਅਤੇ ਹੋਰ ਸਟਾਫ ਦੀ ਹੈ ਲੋੜ
ਜ਼ਿਲੇ ਦੇ ਸਮੂਹ ਹਸਪਤਾਲਾਂ ਅਤੇ ਸੀ. ਐੱਚ. ਸੀ., ਮਿੰਨੀ ਪੀ. ਐੱਚ. ਸੀ. 'ਚ ਕੁੱਲ 53 ਸਟਾਫ ਨਰਸਾਂ ਦੀਆਂ ਪੋਸਟਾਂ ਖਾਲੀ ਹਨ, ਜਿਨ੍ਹਾਂ 'ਚ ਤਰਨਤਾਰਨ, ਪੱਟੀ, ਕਸੇਲ, ਝਬਾਲ, ਸੁਰਸਿੰਘ, ਖੇਮਕਰਨ, ਖਡੂਰ ਸਾਹਿਬ, ਰਾਜੋਕੇ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਜ਼ਿਲੇ 'ਚ ਫਾਰਮੇਸੀ ਅਤੇ ਸੀਨੀਅਰ ਫਾਰਮੇਸੀ ਅਫ਼ਸਰਾਂ ਦੀਆਂ ਕੁੱਲ 61 'ਚੋਂ 28 ਪੋਸਟਾਂ ਖਾਲੀ ਹਨ, ਜਿਨ੍ਹਾਂ 'ਚ ਸੀ. ਐੱਚ. ਸੀ. ਮੀਆਂਵਿੰਡ ਵਿਖੇ 2, ਸੀ. ਐੱਚ. ਸੀ. ਘਰਿਆਲਾ ਵਿਖੇ 8, ਸੀ. ਐੱਚ. ਸੀ. ਸੁਰ ਸਿੰਘ ਵਿਖੇ 9, ਸੀ. ਐੱਚ. ਸੀ. ਰਾਜੋਕੇ ਵਿਖੇ 1, ਸੀ. ਐੱਚ. ਸੀ. ਸਰਹਾਲੀ ਵਿਖੇ 4, ਸੀ. ਐੱਚ. ਸੀ. ਕੈਰੋਂ ਵਿਖੇ 2, ਸਿਵਲ ਹਸਪਤਾਲ ਤਰਨਤਾਰਨ ਵਿਖੇ 1, ਸਿਵਲ ਹਸਪਤਾਲ ਖਡੂਰ ਸਾਹਿਬ ਵਿਖੇ 1 ਫਾਰਮੇਸੀ ਅਫ਼ਸਰ ਦੀ ਘਾਟ ਹੈ ਜਦਕਿ ਘਰਿਆਲਾ, ਪੱਟੀ ਅਤੇ ਸਰਹਾਲੀ ਵਿਖੇ 1-1 ਸੀਨੀਅਰ ਫਾਰਮੇਸੀ ਅਫ਼ਸਰ ਦੀ ਘਾਟ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਜ਼ਿਲੇ 'ਚ ਡਰਾਈਵਰਾਂ, ਦਰਜਾ-4 ਕਰਮਚਾਰੀਆਂ, ਬੀ. ਈ. ਈ., ਟ੍ਰੇਂਡ ਦਾਈਆਂ, ਮਹਿਲਾ ਮਲਟੀਪਰਪਜ਼ ਹੈਲਥ ਵਰਕਰ ਦੀਆਂ ਪੋਸਟਾਂ ਵੀ ਖਾਲੀ ਹਨ।
ਸੈਕਟਰੀ ਹੈਲਥ ਨੂੰ ਦਿੱਤੀ ਗਈ ਜਾਣਕਾਰੀ
ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਪੀੜਤ ਕਿਸੇ ਵੀ ਮਰੀਜ਼ ਦਾ ਇਲਾਜ ਕਰਨ ਲਈ ਉਨ੍ਹਾਂ ਵਲੋਂ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ, ਜਿਸ 'ਚ ਵੱਖ-ਵੱਖ ਟੀਮਾਂ ਵਲੋਂ ਆਪਣਾ ਕੰਮ 24 ਘੰਟੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਤੋਂ ਪਰਤੇ ਲੋਕਾਂ ਦੇ ਘਰਾਂ 'ਚ ਰੈਪਿਡ ਐਕਸ਼ਨ ਟੀਮਾਂ ਵਲੋਂ ਦਸਤਕ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ 14 ਦਿਨਾਂ ਤੱਕ ਪੂਰੀ ਨਜ਼ਰ ਰੱਖਣ ਤੋਂ ਬਾਅਦ ਹੋਰ 14 ਦਿਨਾਂ ਲਈ ਘਰੋਂ ਬਾਹਰ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਟਾਫ ਦੀ ਘਾਟ ਸਬੰਧੀ ਸੈਕਟਰੀ ਹੈਲਥ ਨੂੰ ਲਿਖਤੀ ਜਾਣਕਾਰੀ ਭੇਜੀ ਜਾ ਚੁੱਕੀ ਹੈ।
ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਕੋਰੋਨਾ ਨੂੰ ਲੈ ਕੇ ਜਿੱਥੇ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਸਿਹਤ ਵਿਭਾਗ ਵਲੋਂ ਸ਼ੱਕੀ ਵਿਅਕਤੀਆਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜ਼ਿਲੇ 'ਚ ਹੁਣ ਤੱਕ ਕੋਈ ਵੀ ਸ਼ੱਕੀ ਵਿਅਕਤੀ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਕੋਰੋਨਾ ਵਾਇਰਸ ਦਾ ਡਰ ਕੱਢਣ ਲਈ ਜਲੰਧਰ 'ਚ ਵੰਡਿਆ ਮੁਫਤ 'ਚ ਚਿਕਨ
NEXT STORY