ਤਰਨਤਾਰਨ (ਰਮਨ, ਸੰਦੀਪ, ਨਈਅਰ) : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅੱਤਵਾਦੀਆਂ ਵਲੋਂ ਸੀ.ਆਰ.ਪੀ.ਐੱਫ. ਦੇ ਜਵਾਨਾਂ 'ਤੇ ਕੀਤੇ ਗਏ ਫਿਦਾਈਨ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ 'ਚ ਤਰਨਤਾਰਨ ਦੇ ਪਿੰਡ ਗੰਡੀਵਿੰਡ ਦਾ ਨੌਜਵਾਨ ਸੁਖਜਿੰਦਰ ਸਿੰਘ ਵੀ ਸ਼ਾਮਲ ਸੀ। ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਗੰਡੀਵਿੰਡ ਪਹੁੰਚੀ, ਜਿਸ ਨੂੰ ਦੇਖ ਪੂਰੇ ਪਿੰਡ 'ਚ ਹੰਝੂਆਂ ਦਾ ਸੈਲਾਬ ਆ ਗਿਆ। ਇਥੇ ਸੀ.ਆਰ.ਪੀ.ਐੱਫ ਦੇ ਜਵਾਨਾਂ ਵਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ ਤੇ ਇਸ ਉਪਰੰਤ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਮੌਕੇ 'ਤੇ ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ, ਮੈਂਬਰ ਰਾਜ ਸਭਾ ਸ੍ਰੀ ਵਿਜੈ ਗੋਇਲ, ਹਲਕਾ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ, ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ, ਹਲਕਾ ਵਿਧਾਇਕ ਖੇਮਕਰਨ ਸ੍ਰੀ ਸੁਖਪਾਲ ਸਿੰਘ ਭੁੱਲਰ, ਹਲਕਾ ਵਿਧਾਇਕ ਜ਼ੀਰਾ ਸ੍ਰੀ ਕੁਲਬੀਰ ਸਿੰਘ, ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਤੋਂ ਇਲਾਵਾ ਸੀ. ਆਰ. ਪੀ. ਐੱਫ਼ ਦੇ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ ।
ਇਸ ਮੌਕੇ 'ਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੁਲਵਾਮਾ ਵਿਖੇ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨ ਸ਼ਹੀਦ ਸੁਖਜਿੰਦਰ ਸਿੰਘ ਦੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਤੇ 12 ਲੱਖ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਹਮਲੇ 'ਚ ਸ਼ਹੀਦ ਹੋਣ ਵਾਲੇ ਜਵਾਨ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅੱਜ ਪੂਰਾ ਮੁਲਕ ਇਨ੍ਹਾਂ ਬਹਾਦਰ ਜਵਾਨਾਂ ਦੀ ਕੁਰਬਾਨੀ ਨੂੰ ਸਲਾਮ ਕਰ ਰਿਹਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ।
ਇਸ ਉਪਰੰਤ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਇਸ ਸੰਕਟ ਦੀ ਘੜੀ ਸਰਕਾਰ ਵਲੋਂ ਪਰਿਵਾਰਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਇਨ੍ਹਾਂ ਪਰਿਵਾਰਾਂ ਦੇ ਨਾਲ ਹਨ।
ਅੱਤਵਾਦੀਆਂ ਦੀ ਕਾਇਰਾਨਾ ਹਰਕਤ ਹੈ ਪੁਲਵਾਮਾ ਹਮਲਾ : ਹਰਪਾਲ ਚੀਮਾ
NEXT STORY