ਦਸੂਹਾ, (ਝਾਵਰ)- ਬੀ.ਪੀ. ਈ.ਓ. ਦਫ਼ਤਰ ਦਸੂਹਾ ਸਾਹਮਣੇ 500 ਤੋਂ ਵੱਧ ਅਧਿਆਪਕਾਂ ਨੇ ਪੰਜਾਬ ਸਰਕਾਰ ਵੱਲੋਂ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਵਿਰੁੱਧ ਪਿੰਡਾਂ ਦੀਆਂ ਪੰਚਾਇਤਾਂ ਦੇ ਸਮਰਥਨ ਨਾਲ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲਾ ਜਥੇਬੰਦਕ ਸਕੱਤਰ ਇੰਦਰ ਸੁਖਦੀਪ ਸਿੰਘ ਓਡਰਾਂ ਅਤੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਜਲੋਟਾ ਦੀ ਅਗਵਾਈ ਵਿਚ ਟ੍ਰੈਫਿਕ ਜਾਮ ਕੇ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ।
ਜ਼ਿਲਾ ਪ੍ਰਧਾਨ ਅਮਨਦੀਪ ਸ਼ਰਮਾ ਤੇ ਜ਼ਿਲਾ ਜਥੇਬੰਦਕ ਸਕੱਤਰ ਇੰਦਰ ਸੁਖਦੀਪ ਸਿੰਘ ਨੇ ਕਿਹਾ ਕਿ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰ ਕੇ ਸਰਕਾਰ ਗਰੀਬ ਕਿਸਾਨਾਂ, ਮਜ਼ਦੂਰਾਂ ਤੇ ਦਲਿਤਾਂ ਤੋਂ ਸਿੱਖਿਆ ਦਾ ਬੁਨਿਆਦੀ ਹੱਕ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਕਤ ਤਾਨਾਸ਼ਾਹੀ ਫੈਸਲੇ ਨੂੰ ਵਾਪਸ ਨਹੀਂ ਲੈਂਦੀ ਯੂਨੀਅਨ ਡਟ ਕੇ ਇਸ ਫੈਸਲੇ ਦਾ ਵਿਰੋਧ ਕਰੇਗੀ।
ਇਸ ਮੌਕੇ ਰਾਜੇਸ਼ ਅਰੋੜਾ, ਨੀਲਮ ਰਾਣੀ, ਪ੍ਰਿੰ. ਨਵਤੇਜ, ਰਾਜ ਕੁਮਾਰ, ਰਾਮਜੀ ਦਾਸ, ਕਮਲਜੀਤ ਕੌਰ, ਬਲਬੀਰ ਕੌਰ, ਜਸਵਿੰਦਰ ਸਿੰਘ, ਅਕਾਸ਼ਦੀਪ ਕੌਰ, ਸੁਰਜੀਤ ਕੌਰ ਓਡਰਾਂ, ਭਜਨ ਕੌਰ, ਨਿਰਮਲ ਕੌਰ, ਪਰਮਿੰਦਰ ਕੌਰ, ਨਰਿੰਦਰ ਕੌਰ, ਸਵਿਤਾ ਰਾਣੀ, ਪ੍ਰਿੰ. ਹਰਜੀਤ ਸਿੰਘ, ਸਮਿਤਾ, ਦਵਿੰਦਰ ਸਿੰਘ, ਸ਼ਾਂਤੀ ਸਰੂਪ, ਰਣਜੀਤ ਸਿੰਘ, ਸੰਦੀਪ, ਸੋਹਣ ਸਿੰਘ, ਜੀਵਨ ਜੋਤੀ ਆਦਿ ਹਾਜ਼ਰ ਸਨ।
ਭੂੰਗਾ, (ਭਟੋਆ)-ਐਲੀਮੈਂਟਰੀ ਟੀਚਰਜ਼ ਯੂਨੀਅਨ ਭੂੰਗਾ ਬਲਾਕ–1 ਅਤੇ ਭੂੰਗਾ ਬਲਾਕ-2 ਦੇ ਯੂਨਿਟਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਰਾਜ ਦੇ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਵਾਲੇ ਨੋਟੀਫਿਕੇਸ਼ਨ ਦੇ ਵਿਰੋਧ 'ਚ ਆਰੰਭੇ ਸੰਘਰਸ਼ ਦੀ ਲੜੀ ਤਹਿਤ ਭੂੰਗਾ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ। ਅਧਿਆਪਕਾਂ ਨੇ ਇਸ ਨੂੰ ਮੰਦਭਾਗਾ ਦੱਸਦਿਆਂ ਸਿੱਖਿਆ ਵਿਰੋਧੀ ਐਕਟ ਦੀ ਉਲੰਘਣਾ ਕਰਾਰ ਦਿੰਦੇ ਹੋਏ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਪ੍ਰਗਟ ਕੀਤਾ।
ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਬੁਲਾਰਿਆਂ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਇਨ੍ਹਾਂ ਸਕੂਲਾਂ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਭੂੰਗਾ ਬਲਾਕ-1 ਅਤੇ ਭੂੰਗਾ ਬਲਾਕ-2 ਦੇ ਦਫ਼ਤਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ-ਪੱਤਰ ਵੀ ਦਿੱਤਾ ਗਿਆ। ਭੂੰਗਾ ਬਲਾਕ-1 ਦੇ ਪ੍ਰਧਾਨ ਸਰਬਜੀਤ ਸਿੰਘ ਚੋਹਕਾਂ, ਭੂੰਗਾ ਬਲਾਕ–2 ਦੇ ਪ੍ਰਧਾਨ ਕਰਨੈਲ ਸਿੰਘ, ਕਮਲਜੀਤ ਸਿੰਘ, ਮੁਖਤਿਆਰ ਸਿੰਘ, ਪਰਮਾਨੰਦ, ਗੁਰਮੁੱਖ ਸਿੰਘ, ਕੁਲਦੀਪ ਕੁਮਾਰ, ਜਗਦੀਸ਼ ਚੰਦਰ, ਨਵਤੇਜ ਸਿੰਘ, ਗੁਰਮੁੱਖ ਸਿੰਘ ਰੋੜਾਂ, ਗੁਰਮੁੱਖ ਸਿੰਘ ਬਲਾਲਾ, ਖੁਸ਼ਵੰਤ ਸਿੰਘ, ਸ਼ਿਵ ਕੁਮਾਰ, ਸੁਰਿੰਦਰਪਾਲ ਸਿੰਘ, ਗੁਰਦੇਵ ਸਿੰਘ, ਸੁਰਿੰਦਰ ਸਿੰਘ, ਜਤਿੰਦਰ ਸਿੰਘ, ਨੀਰਜ ਕੁਮਾਰ, ਹਰਦੀਪ ਸਿੰਘ ਅਤੇ ਵੱਡੀ ਗਿਣਤੀ 'ਚ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਮੈਂਬਰ ਆਦਿ ਹਾਜ਼ਰ ਸਨ।
ਹਰਿਆਣਾ, (ਰਾਜਪੂਤ)-ਕੰਢੀ ਇਲਾਕੇ ਦੇ ਇਤਿਹਾਸਕ ਪਿੰਡ ਰਹਿਮਾਪੁਰ ਦੇ ਪ੍ਰਾਇਮਰੀ ਸਕੂਲ ਨੂੰ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਖਿਲਾਫ਼ ਪਿੰਡ ਵਾਸੀਆਂ ਤੇ ਸਮੂਹ ਸਕੂਲ ਪ੍ਰਬੰਧਕ ਕਮੇਟੀ ਨੇ ਸਰਪੰਚ ਬਲਜੀਤ ਸਿੰਘ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਸਰਪੰਚ ਬਲਜੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਇਸ ਸਕੂਲ ਵਿਚੋਂ ਵੱਡੀ ਗਿਣਤੀ ਵਿਦਿਆਰਥੀ ਵਿਦਿਆ ਗ੍ਰਹਿਣ ਕਰ ਚੁੱਕੇ ਹਨ ਅਤੇ ਅੱਜ ਉੱਚ ਅਹੁਦਿਆਂ 'ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਫੈਸਲਿਆਂ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਖਿਲਾਫ਼ ਤਿੱਖਾ ਅੰਦੋਲਨ ਕਰ ਕੇ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ ਤਾਂ ਜੋ ਪਿੰਡ ਤੇ ਇਲਾਕੇ ਦੇ ਬੱਚਿਆਂ ਨੂੰ ਦੂਰ ਦੇ ਸਕੂਲਾਂ 'ਚ ਨਾ ਜਾਣਾ ਪਵੇ। ਇਸ ਮੌਕੇ ਰਾਮ ਪ੍ਰਕਾਸ਼, ਵਤਨ ਚੰਦ ਪੰਚਾਇਤ ਮੈਂਬਰ, ਰਾਮ ਸਰੂਪ, ਧਰਮ ਚੰਦ, ਗੁਰਮੇਲ ਸਿੰਘ, ਵੀਨਾ ਦੇਵੀ, ਰੀਨਾ ਕੁਮਾਰੀ, ਕੁਲਵੰਤ ਕੌਰ, ਦਰਸ਼ਨਾ ਦੇਵੀ ਆਦਿ ਵੀ ਮੌਜੂਦ ਸਨ।
ਨਾਜਾਇਜ਼ ਰੇਤ ਭਰ ਕੇ ਲਿਆਉਣ ਵਾਲੀ ਟਰੈਕਟਰ-ਟਰਾਲੀ ਜ਼ਬਤ
NEXT STORY