ਦੀਨਾਨਗਰ (ਕਪੂਰ)-ਭਾਰਤ ਪਾਕਿ ਸਰਹੱਦ ਤੋਂ 13 ਕਿਲੋਮੀਟਰ ਦੂਰ ਦੀਨਾਨਗਰ ਪੁਲਸ ਸਟੇਸ਼ਨ 'ਤੇ ਠੀਕ 2 ਸਾਲ ਪਹਿਲਾਂ ਅੱਜ ਹੀ ਦੇ ਦਿਨ ਹੋਏ ਅੱਤਵਾਦੀ ਹਮਲੇ ਨੂੰ ਯਾਦ ਕਰ ਕੇ ਅੱਜ ਵੀ ਦਿਲ ਦਹਿਲ ਉਠਦਾ ਹੈ ਅਤੇ ਇਸ ਹਮਲੇ ਦੀ ਲਪੇਟ ਵਿਚ ਆਉਣ ਵਾਲੇ ਦੀਨਾਨਗਰ ਵਾਸੀਆਂ ਦੀ ਜ਼ਿੰਦਗੀ ਲਈ ਇਹ ਹਮਲਾ ਸ਼ਰਾਪ ਬਣ ਕੇ ਰਹਿ ਗਿਆ ਹੈ, ਹਮਲੇ ਨੂੰ 2 ਸਾਲ ਬੀਤ ਜਾਣ ਦੇ ਬਾਅਦ ਵੀ ਇਸਦੀ ਲਪੇਟ 'ਚ ਆਉਣ ਵਾਲੇ ਪਰਿਵਾਰਾਂ ਦੇ ਜ਼ਖਮ ਅੱਜ ਵੀ ਹਰੇ ਹਨ। ਇਕ ਪਾਸੇ ਆਪਣਿਆਂ ਨੂੰ ਖੋਹਣ ਦਾ ਗਮ ਅਤੇ ਦੂਜੇ ਪਾਸੇ ਸਰਕਾਰ ਵੱਲੋਂ ਨਜ਼ਰਅੰਦਾਜ਼ ਕਰਨ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।
ਇਸ ਹਮਲੇ ਦੀ ਦੂਜੀ ਬਰਸੀ ਦੀ ਪੂਰਵ ਸੰਧਿਆ 'ਤੇ ਹਮਲੇ ਵਿਚ ਸ਼ਹੀਦ ਹੋਣ ਵਾਲੇ ਹੋਮਗਾਰਡ ਦੇ ਜਵਾਨ ਬੋਧਰਾਜ ਵਾਸੀ ਸੈਦੀਪੁਰ ਦੀ ਪਤਨੀ ਸੁਦੇਸ਼ ਕੁਮਾਰੀ ਨੇ ਸੇਜਲ ਅੱਖਾਂ ਨਾਲ ਦੱਸਿਆ ਕਿ ਪਤੀ ਦੇ ਸ਼ਹੀਦ ਹੋਣ 'ਤੇ ਬੇਸ਼ੱਕ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਤਾਂ ਦੇ ਦਿੱਤੀ ਪਰ ਅਜੇ ਤੱਕ ਸਰਕਾਰ ਵੱਲੋਂ ਐਲਾਨੇ ਉਨ੍ਹਾਂ ਦੇ ਪਤੀ ਦੀ ਯਾਦ ਵਿਚ ਯਾਦਗਾਰੀ ਗੇਟ ਅਤੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਂ ਵੀ ਉਨ੍ਹਾਂ ਦੇ ਨਾਂ 'ਤੇ ਨਹੀਂ ਰੱਖਿਆ ਗਿਆ ਹੈ।ਇਸੇ ਤਰ੍ਹਾਂ ਸ਼ਹੀਦ ਦੇਸ ਰਾਜ ਦੀ ਪਤਨੀ ਸੁਦੇਸ਼ ਕੁਮਾਰੀ ਵਾਸੀ ਜੰਗਲ ਨੇ ਵੀ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਪਤੀ ਦੀ ਯਾਦ ਵਿਚ ਯਾਦਗਾਰੀ ਗੇਟ ਬਣਾਉਣ ਦਾ ਐਲਾਨ ਕੀਤਾ ਸੀ ਪਰ 2 ਸਾਲ ਬੀਤ ਜਾਣ ਦੇ ਬਾਅਦ ਵੀ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ।
ਸਰਕਾਰ ਦੀਆਂ ਘੋਸ਼ਣਾਵਾਂ ਪੂਰੀਆਂ ਹੋਣ ਦੀ ਉਡੀਕ 'ਚ ਸ਼ਹੀਦ ਪਰਿਵਾਰ
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਸਰਕਾਰ ਦੀ ਉਦਾਸੀਨਤਾ 'ਤੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਮੌਕੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਸ਼ਹੀਦ ਪਰਿਵਾਰਾਂ ਨਾਲ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਇਕ ਮਹੀਨੇ ਵਿਚ ਸ਼ਹੀਦਾਂ ਦੇ ਨਾਂ 'ਤੇ ਸਕੂਲਾਂ ਦਾ ਨਾਂ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੇ ਨਾਂ 'ਤੇ ਪਿੰਡਾਂ ਦੇ ਯਾਦਗਾਰੀ ਗੇਟ ਵੀ ਬਣਾਏ ਜਾਣਗੇ। ਉਨ੍ਹਾਂ ਉਸ ਮੌਕੇ ਦੇ ਡੀ. ਸੀ. ਨੂੰ ਵੀ ਹੁਕਮ ਜਾਰੀ ਕੀਤਾ ਸੀ ਕਿ ਇਹ ਕੰਮ ਇਕ ਮਹੀਨੇ ਅੰਦਰ ਸ਼ੁਰੂ ਹੋ ਜਾਣਾ ਚਾਹੀਦਾ ਹੈ। ਮਗਰ 2 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਯਾਦਗਰੀ ਗੇਟ ਅਤੇ ਸਕੂਲਾਂ ਦੇ ਨਾਂ ਇਨ੍ਹਾਂ ਸ਼ਹੀਦਾਂ ਦੇ ਨਾਂ 'ਤੇ ਨਹੀਂ ਰੱਖਿਆ ਗਿਆ ਹੈ, ਜਿਸ ਨਾਲ ਇਨ੍ਹਾਂ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀਆਂ ਘੋਸ਼ਨਾਵਾਂ ਨੂੰ ਜਲਦੀ ਹੀ ਪੂਰਾ ਕਰੇ।
ਐੱਨ. ਜੀ. ਓ. ਕਰ ਰਹੀ ਹੈ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚ
ਪ੍ਰਕਾਸ਼ ਸਿੰਘ ਬਾਦਲ ਨੇ ਸ਼ਹੀਦ ਪਰਿਵਾਰਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਸਰਕਾਰ ਦੇਵੇਗੀ ਪਰ ਇਕ ਮਹੀਨਾ ਪੈਸੇ ਆਉਣ ਦੇ ਬਾਅਦ ਇਹ ਮਦਦ ਵੀ ਬੰਦ ਹੋ ਗਈ। ਏ. ਐੱਸ. ਪੀ. ਦੀਨਾਨਗਰ ਵਰੁਣ ਸ਼ਰਮਾ ਨੇ ਚੇਨਈ ਦੀ ਇਕ ਐੱਨ. ਜੀ. ਓ. ਸ਼ੌਰਿਆ ਚੈਰੀਟੈਬਲ ਟਰੱਸਟ ਰਾਹੀਂ ਇਨ੍ਹਾਂ ਬੱਚਿਆਂ ਦੀ ਪੜ੍ਹਾਈ 'ਤੇ ਹੋਣ ਵਾਲੇ ਖਰਚੇ ਦਾ ਪ੍ਰਬੰਧ ਕੀਤਾ। ਇਹ ਸੰਸਥਾ ਕਿਸ਼ਤਾਂ ਵਿਚ ਇਨ੍ਹਾਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਭੇਜਦੀ ਹੈ।
ਨਵੇਂ ਮਕਾਨ ਦੀ ਇੱਛਾ ਮਨ ਵਿਚ ਲੈ ਕੇ ਚਲੇ ਗਏ ਪਾਪਾ : ਜੋਤੀ
ਪਿੰਡ ਸੈਦੀਪੁਰ ਦੇ ਸ਼ਹੀਦ ਜਵਾਨ ਬੋਧਰਾਜ ਦੀ ਛੋਟੀ ਬੇਟੀ ਜੋਤੀ ਨੇ ਦੱਸਿਆ ਕਿ 26 ਜੁਲਾਈ ਦੀ ਸ਼ਾਮ ਨੂੰ ਜਦੋਂ ਪਾਪਾ ਡਿਊਟੀ 'ਤੇ ਗਏ ਸਨ ਤਾਂ ਨਵੇਂ ਬਣ ਰਹੇ ਮਕਾਨ 'ਤੇ ਹੋਣ ਵਾਲੇ ਖਰਚੇ ਦਾ ਹਿਸਾਬ ਕਿਤਾਬ ਲਗਾ ਰਹੇ ਸਨ ਅਤੇ ਜਾਂਦੇ-ਜਾਂਦੇ ਕਹਿ ਗਏ ਸਨ ਕਿ ਬਾਕੀ ਸਭ ਆ ਕੇ ਦੇਖਦਾ ਹਾਂ। ਪਰ ਉਹ ਅੱਜ ਤੱਕ ਨਹੀਂ ਪਰਤੇ। ਉਸਨੇ ਦੱਸਿਆ ਕਿ ਸਰਕਾਰ ਵੱਲੋਂ ਮਿਲੇ 10 ਲੱਖ ਰੁਪਏ ਦੀ ਮਦਦ ਨਾਲ ਮਕਾਨ ਤਾਂ ਬਣ ਗਿਆ, ਮਗਰ ਦੇਖਣ ਲਈ ਪਾਪਾ ਨਹੀਂ ਰਹੇ।
2 ਸਾਲ ਬਾਅਦ ਵੀ ਬੇਟੀ ਨੂੰ ਨਹੀਂ ਮਿਲੀ ਨੌਕਰੀ : ਕਮਲਜੀਤ
ਉਪਰੋਕਤ ਹਮਲੇ ਤੋਂ ਪਹਿਲਾਂ ਅੱਤਵਾਦੀਆਂ ਨੇ ਕਮਲਜੀਤ ਸਿੰਘ ਮਠਾਰੂ ਦੀ ਗੱਡੀ ਨੂੰ ਖੋਹ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ ਅਤੇ ਉਸੇ ਗੱਡੀ ਨਾਲ ਅੱਤਵਾਦੀ ਥਾਣੇ ਪਹੁੰਚੇ ਸਨ। ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਹਮਲੇ ਵਿਚ ਉਸ ਦੀ ਸੱਜੀ ਬਾਂਹ ਨਕਾਰਾ ਹੋ ਗਈ ਸੀ ਅਤੇ ਉਹ 87 ਫੀਸਦੀ ਅੰਗਹੀਣ ਹੋ ਚੁੱਕਾ ਹੈ। ਉਸ ਦਾ ਇਕ ਲੜਕਾ ਅਤੇ ਇਕ ਲੜਕੀ ਵੀ ਹੈ, ਜਦਕਿ ਲੜਕਾ ਬਚਪਨ ਤੋਂ ਹੀ ਮੰਦਬੁੱਧੀ ਹੈ ਅਤੇ ਪਰਿਵਾਰ 'ਚ ਕਮਾਉਣ ਵਾਲਾ ਉਹ ਇਕੱਲਾ ਹੀ ਸੀ, ਉਸ ਦਾ ਜਦੋਂ ਅੰਮ੍ਰਿਤਸਰ ਅਮਨਦੀਪ ਹਸਪਤਾਲ ਵਿਚ ਇਲਾਜ ਚਲ ਰਿਹਾ ਸੀ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਸ ਦਾ ਜਦੋਂ ਹਾਲ ਚਾਲ ਜਾਣਨ ਲਈ ਪਹੁੰਚੇ ਤਾਂ ਉਨ੍ਹਾਂ ਉੁਸ ਨੂੰ ਇਲਾਜ ਤੋਂ ਇਲਾਵਾ 3 ਲੱਖ ਰੁਪਏ ਅਤੇ ਬੇਟੀ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਉਸ ਨੇ ਦੱਸਿਆ ਕਿ 3 ਲੱਖ ਰੁਪਏ ਤਾਂ ਮਿਲ ਗਏ। ਪਰ 2 ਸਾਲਾਂ ਬਾਅਦ ਵੀ ਬੇਟੀ ਦੀ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ।
ਕਨਿਕਾ ਗੁਪਤਾ ਕਤਲਕਾਂਡ 'ਚ ਹੋਇਆ ਨਵਾਂ ਖੁਲਾਸਾ, ਇਸ ਤਰ੍ਹਾਂ ਖੁੱਲੀਆਂ ਪਰਤਾਂ ਕੀ ਪੁਲਸ ਰਹਿ ਗਈ ਹੱਕੀ-ਬੱਕੀ (ਤਸਵੀਰਾਂ)
NEXT STORY