ਅੰਮ੍ਰਿਤਸਰ, (ਪ੍ਰਵੀਨ ਪੁਰੀ)- ਆਮ ਆਦਮੀ ਪਾਰਟੀ ਮਾਝਾ ਜ਼ੋਨ ਦੇ ਪ੍ਰਧਾਨ ਕੰਵਲਜੀਤ ਸਿੰਘ ਕਾਕੀ ਦੀ ਅੰਮ੍ਰਿਤਸਰ 'ਚ ਹੋਈ ਪਲੇਠੀ ਮੀਟਿੰਗ 'ਚ ਗੈਰ-ਹਾਜ਼ਰ ਰਹਿਣ ਵਾਲੇ ਪਾਰਟੀ ਦੇ ਉਮੀਦਵਾਰਾਂ ਨੂੰ ਜਿਥੇ ਕਾਰਨ ਦੱਸੋ ਨੋਟਿਸ ਜਾਰੀ ਹੋਵੇਗਾ, ਉਥੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦਾ ਸੰਕੇਤ ਅੱਜ ਦੇ ਦਿੱਤਾ ਗਿਆ ਹੈ। ਅੱਜ ਦੀ ਮੀਟਿੰਗ 'ਚ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ 'ਆਪ' ਦੇ ਉਮੀਦਵਾਰ ਜਗਜੋਤ ਸਿੰਘ ਖਾਲਸਾ, ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਝਰ ਤੇ ਪੂਰਬੀ ਤੋਂ ਸਰਬਜੋਤ ਸਿੰਘ ਜ਼ਫਰਵਾਲ ਹੀ ਹਾਜ਼ਰ ਸਨ। ਗੈਰ-ਹਾਜ਼ਰ ਰਹਿਣ ਵਾਲਿਆਂ 'ਚ ਵਿਧਾਨ ਸਭਾ ਹਲਕਾ ਮਜੀਠਾ ਤੋਂ ਹਿੰਮਤ ਸਿੰਘ ਸ਼ੇਰਗਿੱਲ, ਅਜਨਾਲਾ ਤੋਂ ਸੰਨੀ ਰੰਧਾਵਾ, ਅਟਾਰੀ ਤੋਂ ਜਸਵਿੰਦਰ ਸਿੰਘ ਜਹਾਂਗੀਰ, ਵਿਧਾਨ ਸਭਾ ਹਲਕਾ ਕੇਂਦਰੀ ਤੋਂ ਡਾ. ਅਜੇ ਗੁਪਤਾ ਤੇ ਹਲਕਾ ਪੱਛਮੀ ਦੇ ਉਮੀਦਵਾਰ ਗੈਰ-ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਝਾ ਜ਼ੋਨ ਦੇ ਪ੍ਰਧਾਨ ਕੰਵਲਜੀਤ ਸਿੰਘ ਕਾਕੀ ਨੇ ਦੱਸਿਆ ਕਿ 24 ਜੁਲਾਈ ਨੂੰ ਨਵ-ਨਿਯੁਕਤ ਅਹੁਦੇਦਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ 'ਤੇ ਨਤਮਸਤਕ ਹੋਣ ਉਪਰੰਤ ਬਾਅਦ ਦੁਪਹਿਰ ਮਜੀਠਾ ਹਲਕੇ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਰੁੱਧ ਕੀਤੇ ਜਾ ਰਹੇ ਤਸ਼ੱਦਦ ਦੇ ਮਾਮਲੇ 'ਚ ਧਰਨਾ ਦੇਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਅਗਲੇ ਇਕ ਹਫਤੇ 'ਚ ਬਾਕੀ ਅਹੁਦੇਦਾਰ ਨਿਯੁਕਤ ਕਰ ਦਿੱਤੇ ਜਾਣਗੇ ਅਤੇ ਰੱਖੜ ਪੁੰਨਿਆ ਦੇ ਮੇਲੇ 'ਤੇ ਭਾਰੀ ਇਕੱਠ ਕਰਨ ਲਈ 'ਆਪ' ਦੀਆਂ ਮੀਟਿੰਗਾਂ ਦਾ ਹਲਕਾਵਾਰ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਚੋਣਾਂ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਵੀ ਪਾਰਟੀ ਵੱਲੋਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਸਾਰੇ ਨਵੇਂ ਪੁਰਾਣੇ ਵਲੰਟੀਅਰਾਂ ਨੂੰ ਇਕ ਮੰਚ 'ਤੇ ਇਕੱਠਾ ਕਰ ਕੇ ਮਾਝੇ 'ਚ ਪਾਰਟੀ ਨੂੰ ਸਭ ਤੋਂ ਮਜ਼ਬੂਤ ਕਰਨ ਲਈ ਅਮਲੀ ਤੌਰ 'ਤੇ ਕੰਮ ਕੀਤਾ ਜਾਵੇਗਾ। ਉਨ੍ਹਾਂ ਤੋਂ ਪਹਿਲਾਂ ਨਵ-ਨਿਯੁਕਤ ਉਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਜ਼ੋਨ ਪ੍ਰਧਾਨਾਂ ਦੇ ਨਾਲ ਉਪ ਪ੍ਰਧਾਨ ਅਤੇ ਜਨਰਲ ਸਕੱਤਰ ਕੰਮ ਕਰਨਗੇ ਤੇ ਕਿਸੇ ਵੀ ਪੱਧਰ 'ਤੇ ਪਾਰਟੀ ਦੇ ਨਿਰਾਸ਼ ਅਤੇ ਟੁੱਟੇ ਹੋਏ ਵਰਕਰਾਂ ਨੂੰ ਜੋੜਨ ਲਈ ਕੋਈ ਕੜੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਾਰਟੀ ਦਾ ਮੁੱਖ ਮਕਸਦ ਲੋਕਾਂ ਦੀ ਆਵਾਜ਼ ਨੂੰ ਵਿਧਾਨ ਸਭਾ ਤੱਕ ਪਹੁੰਚਾਉਣਾ ਹੈ ਅਤੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਮਜ਼ਬੂਤੀ ਨਾਲ ਨਿਭਾਉਣਾ ਹੈ। ਇਸ ਸਮੇਂ ਪੰਜਾਬ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸਪੱਸ਼ਟ ਤੇ ਸਖਤ ਸ਼ਬਦਾਂ ਵਿਚ ਕਿਹਾ ਕਿ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਦੀ ਪਲੇਠੀ ਮੀਟਿੰਗ 'ਚ ਗੈਰ-ਹਾਜ਼ਰ ਰਹਿਣ ਵਾਲੇ ਉਮੀਦਵਾਰ ਅਤੇ ਜਿੰਮੇਵਾਰ ਅਹੁਦੇਦਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ।
ਇਸ ਸਮੇਂ ਜਨਰਲ ਸਕੱਤਰ ਕੁਲਜੀਤ ਸਿੰਘ, ਹਰਿੰਦਰ ਸਿੰਘ, ਜਗਜੋਤ ਸਿੰਘ ਤੇ ਮਨੀਸ਼ ਅਗਰਵਾਲ ਨੇ ਵੀ ਸੰਬੋਧਨ ਕੀਤਾ, ਜਦੋਂ ਕਿ ਹਾਜ਼ਰ ਰਹਿਣ ਵਾਲਿਆਂ 'ਚ ਰਵਿੰਦਰ ਹੰਸ, ਸੁਖਜਿੰਦਰ ਸਿੰਘ ਪੰਨੂ, ਸਰਬਜੀਤ ਸਿੰਘ ਗੁੰਮਟਾਲਾ, ਮੈਡਮ ਜੀਵਨਜੋਤ, ਇੰਦਰਜੀਤ ਕੌਰ, ਸੁਰਿੰਦਰ ਕਮਲ, ਅਸ਼ੋਕ ਤਲਵਾੜ, ਸੁਰੇਸ਼ ਸ਼ਰਮਾ, ਪਦਮ ਐਂਥਨੀ, ਐੱਸ. ਐੱਸ. ਮਜੀਠਾ, ਜਗਜੀਤ ਸਿੰਘ, ਪ੍ਰਗਟ ਸਿੰਘ ਚੋਗਾਵਾਂ ਤੇ ਅਮਰਜੀਤ ਸਿੰਘ ਭਾਟੀਆ ਕੌਂਸਲਰ ਤੋਂ ਇਲਾਵਾ ਭਾਰੀ ਗਿਣਤੀ 'ਚ ਵਲੰਟੀਅਰ ਹਾਜ਼ਰ ਸਨ।
ਧਰਤੀ 'ਚ ਦੂਸ਼ਿਤ ਪਾਣੀ ਮਿਲਾਇਆ ਤਾਂ ਦਰਜ ਹੋਵੇਗੀ ਐੱਫ. ਆਈ. ਆਰ.
NEXT STORY