ਨਕੋਦਰ(ਪਾਲੀ)- ਅੱਜ ਸਵੇਰੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਸਦਰ ਪੁਲਸ ਨੂੰ ਨਕੋਦਰ ਦੇ ਨੇੜਲੇ ਪਿੰਡ ਸ਼ੰਕਰ ਤੋਂ ਬੋਪਾਰਾਏ ਰੋਡ ’ਤੇ ਬੰਦ ਪਏ ਇੱਟਾਂ ਦੇ ਭੱਠੇ ਤੋਂ ਭੇਤਭਰੇ ਹਾਲਾਤ ’ਚ 29 ਸਾਲਾ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੀ ਪਛਾਣ ਅਕਸ਼ੇ ਉਰਫ਼ ਸੋਨੂੰ ਪੁੱਤਰ ਕਿਸ਼ੋਰੀ ਲਾਲ ਵਾਸੀ ਪਿੰਡ ਸ਼ੰਕਰ ਨਕੋਦਰ ਵਜੋਂ ਹੋਈ ਹੈ। ਲਾਸ਼ ਦੇ ਨਜ਼ਦੀਕ ਹੀ ਮ੍ਰਿਤਕ ਦਾ ਇਕ ਮੋਟਰਸਾਈਕਲ ਵੀ ਮਿਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਲਖਵਿੰਦਰ ਸਿੰਘ ਮੱਲ, ਸਦਰ ਥਾਣਾ ਮੁਖੀ ਸੁਖਜੀਤ ਸਿੰਘ ਅਤੇ ਸ਼ੰਕਰ ਚੌਕੀ ਇੰਚਾਰਜ ਏ. ਐੱਸ. ਆਈ. ਗੁਰਨਾਮ ਸਿੰਘ, ਏ. ਐੱਸ. ਆਈ. ਸੁਖਵਿੰਦਰ ਸਿੰਘ ਅਤੇ ਫਿੰਗਰ ਪ੍ਰਿੰਟ ਐਕਸਪਰਟ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਸਦਰ ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੇ ਭਰਾ ਵਿਸ਼ਾਲ ਕੁਮਾਰ ਪੁੱਤਰ ਕਿਸ਼ੋਰੀ ਲਾਲ ਜੈਸਵਾਲ ਵਾਸੀ ਪੱਤੀ ਪੁਰੇਵਾਲ ਪਿੰਡ ਸ਼ੰਕਰ ਨਕੋਦਰ ਨੇ ਦੱਸਿਆ ਕਿ ਮੇਰਾ ਵੱਡਾ ਭਰਾ ਅਕਸ਼ੈ ਕੁਮਾਰ, ਜੋ ਬੀਤੇ ਕੱਲ ਕਰੀਬ 01:00 ਵਜੇ ਦੁਪਹਿਰ ਆਪਣੇ ਬੁਲੇਟ ਮੋਟਰਸਾਈਕਲ ’ਤੇ ਨਕੋਦਰ ਗਿਆ ਸੀ। ਮੈਨੂੰ ਕਰੀਬ 2:45 ਵਜੇ ਫੋਨ ਕਰ ਕੇ ਉਸਨੇ ਦੱਸਿਆ ਕਿ ਉਹ ਆਪਣੇ ਦੋਸਤ ਪਵਨ ਕੁਮਾਰ ਵਾਸੀ ਧਾਲੀਵਾਲ, ਜੋ ਪੁਰਤਗਾਲ ਤੋਂ ਆਇਆ ਹੈ, ਨੂੰ ਮਿਲਣ ਜਾ ਰਿਹਾ ਹਾਂ, ਫਿਰ ਮੇਰਾ ਭਰਾ ਰਾਤ ਕਰੀਬ 10.00 ਵਜੇ ਤੱਕ ਘਰ ਨਹੀਂ ਆਇਆ ਅਤੇ ਨਾ ਸਾਡਾ ਫੋਨ ਚੁੱਕ ਰਿਹਾ ਸੀ। ਮੈਂ ਉਸ ਦੇ ਦੋਸਤ ਪਵਨ ਨੂੰ ਫੋਨ ਕਰ ਕੇ ਆਪਣੇ ਭਰਾ ਅਕਸ਼ੈ ਕੁਮਾਰ ਬਾਰੇ ਪੁੱਛਿਆ, ਜਿਸ ਨੇ ਕਿਹਾ ਕਿ ਉਹ ਅੱਜ ਮੇਰੇ ਕੋਲ ਨਹੀਂ ਆਇਆ। ਉਸ ਦੀ ਅਸੀਂ ਸਾਰੀ ਰਾਤ ਭਾਲ ਕੀਤੀ ਪਰ ਉਹ ਕਿਧਰੇ ਨਹੀਂ ਮਿਲਿਆ।
ਅੱਜ ਸਵੇਰ ਕਰੀਬ 08.00 ਵਜੇ ਪਤਾ ਲੱਗਾ ਕਿ ਮੇਰੇ ਭਰਾ ਅਕਸ਼ੈ ਕੁਮਾਰ ਦਾ ਮੋਟਰਸਾਈਕਲ ਸ਼ੰਕਰ ਤੋਂ ਬੋਪਾਰਾਏ ਕਲਾਂ ਰੋਡ ’ਤੇ ਬੰਦ ਪਏ ਇੱਟਾਂ ਦੇ ਭੱਠੇ ’ਤੇ ਖੜ੍ਹਾ ਹੈ ਅਤੇ ਜਿਸ ਦੇ ਲਾਗੇ ਹੀ ਉਸ ਦੀ ਲਾਸ਼ ਪਈ ਸੀ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ : ਸਦਰ ਥਾਣਾ ਮੁਖੀ ਸੁਖਜੀਤ ਸਿੰਘ ਸਦਰ ਥਾਣਾ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਵਿਸ਼ਾਲ ਕੁਮਾਰ ਵਾਸੀ ਪਿੰਡ ਸ਼ੰਕਰ ਨਕੋਦਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਗੁਲਾਮੀ ਤੋਂ ਨਿਜਾਤ ਪਾਉਣ ਲਈ ਬੰਦੀ ਛੋੜ ਦਿਵਸ ਤੋਂ ਸੇਧ ਲਈਏ : ਜਥੇਦਾਰ ਹਵਾਰਾ
NEXT STORY