ਜਲੰਧਰ/ਚੰਡੀਗੜ੍ਹ (ਧਵਨ, ਬਿਊਰੋ) - ਪੰਜਾਬ ਵਿਚ ਗੈਰ-ਕਾਨੂੰਨੀ ਮਾਈਨਿੰਗ 'ਤੇ ਸਖ਼ਤੀ ਕਰਨ ਦੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਛਾਪੇ ਮਾਰਨ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਮਾਈਨਿੰਗ ਸੁਧਾਰਾਂ ਨੂੰ ਲੈ ਕੇ ਬਣਾਈ ਕੈਬਨਿਟ ਸਬ-ਕਮੇਟੀ ਨੂੰ ਆਪਣੀ ਰਿਪੋਰਟ ਜਲਦੀ ਦੇਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਮਾਈਨਿੰਗ ਵਿਭਾਗ ਨੂੰ ਤੁਰੰਤ ਰੇਤ ਦੀਆਂ ਕੀਮਤਾਂ 'ਤੇ ਲਗਾਮ ਲਾਉਣ ਲਈ ਮਾਈਨਿੰਗ ਪ੍ਰਕਿਰਿਆ ਨੂੰ ਪੂਰੀ ਸਮਰਥਾ ਨਾਲ ਚਲਾਉਣ ਲਈ ਕਹਿਣਾ ਚਾਹੀਦਾ ਹੈ ਤਾਂ ਜੋ ਜਨਤਾ 'ਤੇ ਇਸ ਦਾ ਕੋਈ ਉਲਟ ਅਸਰ ਨਾ ਪਵੇ। ਮੁੱਖ ਮੰਤਰੀ ਨੇ ਅੱਜ ਮਾਈਨਿੰਗ ਅਤੇ ਪਾਣੀ ਸੋਮੇ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਤੇ ਨਾਲ ਹੀ ਕੈਬਨਿਟ ਸਬ-ਕਮੇਟੀ ਦੇ ਮੈਂਬਰਾਂ ਦੀ ਵੀ ਚਰਚਾ ਕੀਤੀ।
ਮੁੱਖ ਮੰਤਰੀ ਨੇ ਰੇਤ ਦੀਆਂ ਵਧਦੀਆਂ ਕੀਮਤਾਂ ਦੀ ਰਿਪੋਰਟ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਛਾਪੇ ਮਾਰਨ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ ਤੇ ਨਾਲ ਹੀ ਬਾਜ਼ਾਰ ਵਿਚ ਰੇਤ ਦੀ ਸਪਲਾਈ ਵਧਾਈ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਾਈਨਿੰਗ ਸੁਧਾਰਾਂ ਨੂੰ ਲੈ ਕੇ ਕੈਬਨਿਟ ਸਬ-ਕਮੇਟੀ ਵਲੋਂ ਦੇਰ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਠੇਕੇਦਾਰਾਂ ਨੇ ਰੇਤ ਖੱਡਾਂ ਨੂੰ ਬੋਲੀ ਵਿਚ ਲਿਆ ਹੈ, ਉਨ੍ਹਾਂ ਦੇ ਹਿੱਤਾਂ ਦਾ ਬਚਾਅ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੇਤ ਮਾਈਨਿੰਗ ਮਾਫੀਆ ਦਾ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਸਫਾਇਆ ਕਰ ਦੇਵੇਗੀ ਅਤੇ ਰੇਤ ਦੇ ਕਾਰੋਬਾਰ ਵਿਚ ਪੂਰੀ ਤਰ੍ਹਾਂ ਪਾਰਦਰਸ਼ਿਤਾ ਲਿਆਂਦੀ ਜਾਵੇਗੀ। ਉਨ੍ਹਾਂ ਪੁਲਸ ਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਾਈਨਿੰਗ ਪ੍ਰਕਿਰਿਆ 'ਤੇ ਤਿੱਖੀ ਨਜ਼ਰ ਰੱਖਣ ਤੇ ਜਲਦੀ ਤੋਂ ਜਲਦੀ ਆਮ ਵਰਗੇ ਹਾਲਾਤ ਬਣਾਏ ਜਾਣ। ਮੁੱਖ ਮੰਤਰੀ ਦੇ ਨਾਲ ਬੈਠਕ ਵਿਚ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ, ਦਿਹਾਤੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।
ਨੌਜਵਾਨ ਨੂੰ ਅਗਵਾ ਕਰ ਕੇ ਰੇਲਵੇ ਸਟੇਸ਼ਨ 'ਤੇ ਸੁੱਟਿਆ
NEXT STORY