ਮਜੀਠਾ, (ਪ੍ਰਿਥੀਪਾਲ)- ਥਾਣਾ ਮਜੀਠਾ ਦੇ ਖੇਤਰ ਆਬਾਦੀ ਰੋੜੀ ਦੇ ਕਿਸਾਨ ਗੁਰਦੀਪ ਸਿੰਘ ਪੁੱਤਰ ਗੁਰਮੇਜ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।
ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ ਸਾਡੀ ਕਰੀਬ ਢਾਈ ਏਕੜ ਜ਼ਮੀਨ ਹੈ, ਜਿਸ ਵਿਚ ਉਹ ਖੇਤੀ ਕਰਦੇ ਹਨ, ਜਿਸ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ, ਜਿਸ ਕਾਰਨ ਕਰੀਬ 18 ਲੱਖ ਰੁਪਏ ਕਰਜ਼ਾ ਬਣ ਗਿਆ ਸੀ। ਇਸੇ ਪ੍ਰੇਸ਼ਾਨੀ ਕਾਰਨ ਜਦ ਉਸ ਦਾ ਪਤੀ ਮੋਟਰਸਾਈਕਲ 'ਤੇ ਆਪਣੀ ਜ਼ਮੀਨ ਆਬਾਦੀ ਈਦਗਾਹ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਦਾ ਮੋਟਰਸਾਈਕਲ ਅਚਾਨਕ ਤਿਲਕ ਗਿਆ ਤੇ ਉਹ ਸੜਕ 'ਤੇ ਡਿੱਗ ਪਿਆ, ਜਿਸ ਨਾਲ ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਅੰਮ੍ਰਿਤਸਰ ਦੇ ਆਗੂ ਹੀਰਾ ਸਿੰਘ, ਗੁਰਦਾਸਪੁਰ ਦੇ ਪ੍ਰਧਾਨ ਲਖਵਿੰਦਰ ਸਿੰਘ ਤੇ ਸਵਿੰਦਰਪਾਲ ਸਿੰਘ ਨੇ ਪੰਜਾਬ ਸਰਕਾਰ ਕੋਲੋਂ ਮ੍ਰਿਤਕ ਕਿਸਾਨ ਦਾ ਕਰਜ਼ਾ ਮੁਆਫ ਕਰਨ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਪੀੜਤ ਪਰਿਵਾਰ ਦੀ ਵਿੱਤੀ ਸਹਾਇਤਾ ਕਰਨ ਦੀ ਮੰਗ ਕੀਤੀ। ਪਤਨੀ ਦੀ ਦਰਖਾਸਤ ਦੇ ਆਧਾਰ 'ਤੇ ਥਾਣਾ ਮਜੀਠਾ ਦੇ ਏ. ਐੱਸ. ਆਈ. ਸਤਨਾਮ ਸਿੰਘ ਨੇ 174 ਦੀ ਕਾਰਵਾਈ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਕੁੱਟਮਾਰ ਤੇ ਧਮਕਾਉਣ ਦੇ ਦੋਸ਼ 4 'ਤੇ ਮਾਮਲਾ ਦਰਜ
NEXT STORY