ਧਰਮਕੋਟ, (ਸਤੀਸ਼)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਲੱਖੋਵਾਲ ਗਰੁੱਪਾਂ ਵੱਲੋਂ ਅੱਜ ਸਥਾਨਕ ਸ਼ਹਿਰ ਦੇ ਐੱਸ. ਡੀ. ਐੱਮ. ਦਫਤਰ ਬਾਹਰ ਖੇਤੀ ਨਾਲ ਸਬੰਧਿਤ ਸਾਮਾਨ 'ਤੇ ਲਾਏ ਗਏ ਜੀ. ਐੱਸ. ਟੀ. ਦੇ ਵਿਰੋਧ 'ਚ ਜ਼ਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਸੁਖਵਿੰਦਰ ਸਿੰਘ ਬਹਿਰਾਮਕੇ ਅਤੇ ਜਸਵੰਤ ਸਿੰਘ ਜੈਮਲਵਾਲਾ ਜ਼ਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ 'ਚ ਧਰਨਾ ਦਿੱਤਾ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਗੰਭੀਰ ਆਰਥਿਕ ਸਕੰਟ 'ਚ ਫਸੇ ਹੋਏ ਹਨ। ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਉਨ੍ਹਾਂ ਨੂੰ ਫਸਲਾਂ ਦੇ ਲਾਹੇਵੰਦ ਭਾਅ ਨਹੀਂ ਮਿਲ ਰਹੇ, ਜਿਸ ਕਾਰਨ ਕਿਸਾਨ ਲਗਾਤਾਰ ਖੁਦਕੁਸ਼ੀਆਂ ਦੇ ਰਸਤੇ ਪੈ ਰਹੇ ਹਨ। ਸਰਕਾਰ ਵੱਲੋਂ ਕਿਸਾਨਾਂ ਦੀ ਨੀਤੀਬੱਧ ਢੰਗ ਨਾਲ ਲੁੱਟ ਕੀਤੀ ਜਾ ਰਹੀ ਹੈ।
ਇਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ 'ਤੇ ਕੋਈ ਟੈਕਸ ਨਹੀਂ ਪਰ ਦੇਸ਼ ਦੀ ਆਬਾਦੀ ਦਾ ਸਭ ਤੋਂ ਵੱਡਾ ਵਰਗ ਕਿਸਾਨ ਟੈਕਸਾਂ ਦੀ ਮਾਰ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਕੀੜੇਮਾਰ ਦਵਾਈਆਂ ਅਤੇ ਖੇਤੀ ਸੰਦਾਂ ਨੂੰ ਜੀ. ਐੱਸ. ਟੀ. ਦੇ ਘੇਰੇ ਵਿਚ ਲਿਆਂਦਾ ਗਿਆ ਹੈ, ਜਿਸ ਨਾਲ ਖਾਦਾਂ 'ਤੇ 5 ਫੀਸਦੀ, ਕੀੜੇਮਾਰ ਦਵਾਈਆਂ 'ਤੇ 18 ਫੀਸਦੀ, ਖੇਤੀ ਸੰਦਾਂ 'ਤੇ 18 ਫੀਸਦੀ, ਖੇਤੀ ਮਸ਼ੀਨਰੀ ਅਤੇ ਉਸ ਦੇ ਪੁਰਜਿਆਂ 'ਤੇ 28 ਫੀਸਦੀ ਜੀ. ਐੱਸ. ਟੀ. ਲਾਗੂ ਕੀਤਾ ਗਿਆ ਹੈ।
ਪੰਜਾਬ ਦਾ ਕਿਸਾਨ ਇੰਨਾ ਵੱਡਾ ਭਾਰ ਚੁੱਕਣ ਲਈ ਤਿਆਰ ਨਹੀਂ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਨੂੰ ਬਚਾਉਣ ਲਈ ਸਰਕਾਰ ਇਹ ਟੈਕਸ ਵਾਪਸ ਲਵੇ ਅਤੇ ਨਾਲ ਹੀ ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ, ਜੋ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਚੜ੍ਹਿਆ ਹੈ, ਉਸ ਨੂੰ ਮੁਆਫ ਕੀਤਾ ਜਾਵੇ ਅਤੇ ਕਿਸਾਨਾਂ ਦੇ ਕਰਜ਼ੇ 'ਤੇ ਲਕੀਰ ਫੇਰੀ ਜਾਵੇ।
ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਨਾਂ 'ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਮੰਗ-ਪੱਤਰ ਵੀ ਦਿੱਤਾ ਗਿਆ। ਇਸ ਧਰਨੇ 'ਚ ਬਲਵਿੰਦਰ ਸਿੰਘ, ਹਰਦਿਆਲ ਸਿੰਘ, ਮੇਹਰ ਸਿੰਘ ਝੰਡਾ ਬੱਗਾ, ਅਮਰ ਸਿੰਘ, ਸੂਰਤ ਸਿੰਘ ਕਾਦਰਵਾਲਾ, ਸੂਰਤ ਸਿੰਘ ਬਹਿਰਾਮਕੇ, ਜਗਤਾਰ ਸਿੰਘ ਚੋਟੀਆ, ਹਰਨੇਕ ਸਿੰਘ, ਗੁਰਭੇਜ ਸਿੰਘ ਸੰਮਤੀ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।
ਅਧਿਆਪਕਾ ਤੋਂ 1.50 ਲੱਖ ਰੁਪਏ ਲੁੱਟ ਕੇ ਹੋਏ ਫਰਾਰ
NEXT STORY