ਨਵਾਂਸ਼ਹਿਰ, (ਤ੍ਰਿਪਾਠੀ)— ਸਵੱਛਤਾ ਸਰਵੇਖਣ ਮੁਹਿੰਮ 2018 ਤਹਿਤ ਦੇਸ਼ ਭਰ ਦੇ 4041 ਸ਼ਹਿਰਾਂ 'ਚ ਅੱਵਲ ਸਥਾਨ ਹਾਸਲ ਕਰਨ ਲਈ ਚੱਲ ਰਹੀ ਜੰਗ 'ਚ ਜਿਥੇ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਸਵੱਛਤਾ ਮੁਹਿੰਮ 'ਚ ਅੱਵਲ ਸਥਾਨ ਹਾਸਲ ਕਰਨ ਲਈ ਜੀ-ਜਾਨ ਨਾਲ ਯਤਨ ਕੀਤੇ ਜਾ ਰਹੇ ਹਨ, ਉਥੇ ਬੰਗਾ ਰੋਡ 'ਤੇ ਸਥਿਤ ਸਬਜ਼ੀ ਮੰਡੀ ਤੇ ਸ਼ਹਿਰ ਦੇ ਖਾਲੀ ਪਲਾਟਾਂ 'ਚ ਪਏ ਕੂੜੇ ਦੇ ਢੇਰ ਤੇ ਵੱਖ-ਵੱਖ ਮੁਹੱਲਿਆਂ ਦੀਆਂ ਖਸਤਾਹਾਲ ਤੇ ਟੁੱਟੀਆਂ ਸੜਕਾਂ ਕੌਂਸਲ ਦੇ ਯਤਨਾਂ ਨੂੰ ਅਸਫਲ ਕਰ ਰਹੀਆਂ ਹਨ। ਦੱਸਣਯੋਗ ਹੈ ਕਿ ਸਵੱਛਤਾ ਮੁਹਿੰਮ 'ਚ ਅੱਵਲ ਸਥਾਨ ਹਾਸਲ ਕਰਨ ਵਾਲੇ ਸ਼ਹਿਰਾਂ ਨੂੰ ਕੇਂਦਰ ਸਰਕਾਰ ਵੱਲੋਂ ਭਾਰੀ ਗ੍ਰਾਂਟਾਂ ਉਪਲਬਧ ਕਰਵਾਈਆਂ ਜਾਣਗੀਆਂ, ਜਿਸ ਨਾਲ ਅੱਵਲ ਸਥਾਨ ਹਾਸਲ ਕਰਨ ਵਾਲੇ ਸ਼ਹਿਰਾਂ ਦਾ ਤੇਜ਼ੀ ਨਾਲ ਵਿਕਾਸ ਸੰਭਵ ਹੋ ਜਾਵੇਗਾ ਸਗੋਂ ਸ਼ਹਿਰ ਨੂੰ ਹੋਰ ਸੁਚੱਜਾ ਤੇ ਸੁੰਦਰ ਵੀ ਬਣਾਇਆ ਜਾ ਸਕੇਗਾ।
ਸਬਜ਼ੀ ਮੰਡੀ 'ਚ ਲੱਗਣ ਵਾਲੇ ਕੂੜੇ ਦੇ ਢੇਰ ਲਾ ਰਹੇ ਨੇ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ
ਸ਼ਹਿਰ ਦੇ ਬੱਸ ਅੱਡੇ ਨਜ਼ਦੀਕ ਬੰਗਾ ਰੋਡ 'ਤੇ ਸਥਿਤ ਸਬਜ਼ੀ ਮੰਡੀ 'ਚ ਲੱਗਣ ਵਾਲੇ ਕੂੜੇ ਦੇ ਢੇਰ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਾਉਣ 'ਚ ਕੋਈ ਕਸਰ ਨਹੀਂ ਛੱਡ ਰਹੇ। ਹਾਲਾਂਕਿ ਸਬਜ਼ੀ ਮੰਡੀ ਦੀ ਸਫਾਈ ਦੀ ਜ਼ਿੰਮੇਵਾਰੀ ਮਾਰਕੀਟ ਕਮੇਟੀ ਦੀ ਬਣਦੀ ਹੈ। ਜ਼ਿਲਾ ਤੇ ਨਗਰ ਕੌਂਸਲ ਪ੍ਰਸ਼ਾਸਨ ਵੀ ਸਬਜ਼ੀ ਮੰਡੀ 'ਚ ਲੱਗਣ ਵਾਲੇ ਕੂੜੇ ਦੇ ਢੇਰਾਂ 'ਤੇ ਚਿੰਤਾ ਪ੍ਰਗਟ ਕਰ ਚੁੱਕਾ ਹੈ। ਡੀ. ਸੀ. ਦੇ ਹੁਕਮਾਂ 'ਤੇ ਪ੍ਰਸ਼ਾਸਨ ਦੇ ਆਲਾ ਅਧਿਕਾਰੀਆਂ ਨੇ ਨਗਰ ਕੌਂਸਲ ਪ੍ਰਧਾਨ ਨਾਲ ਮੰਡੀ ਦਾ ਦੌਰਾ ਵੀ ਕੀਤਾ ਸੀ ਪਰ ਇਸ ਦੇ ਬਾਵਜੂਦ ਸਬਜ਼ੀ ਮੰਡੀ 'ਚ ਲੱਗਣ ਵਾਲੇ ਗਲੇ-ਸੜੇ ਫਲ ਅਤੇ ਸਬਜ਼ੀਆਂ ਦੇ ਢੇਰ ਲੱਗਣੇ ਬੰਦ ਨਹੀਂ ਹੋਏ। ਗਲੇ- ਸੜੇ ਫਲ ਤੇ ਸਬਜ਼ੀਆਂ ਦੇ ਢੇਰ ਜਿਥੇ ਸ਼ਹਿਰ ਦੀ ਸੁੰਦਰਤਾ ਨੂੰ ਦਾਗ ਲਾ ਰਹੇ ਹਨ, ਉਥੇ ਆਮ ਲੋਕਾਂ ਦੀ ਸਿਹਤ ਨੂੰ ਵੀ ਖਰਾਬ ਕਰ ਰਹੇ ਹਨ।

ਖਾਲੀ ਪਲਾਟ ਬਣ ਰਹੇ ਹਨ ਕੂੜੇ ਦੇ ਡੰਪ
ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਕੂੜੇ-ਕਰਕਟ ਨੂੰ ਚੁੱਕਣ ਦੇ ਯੋਗ ਪ੍ਰਬੰਧ ਹੋਣ ਦੇ ਬਾਵਜੂਦ ਖਾਲੀ ਪਲਾਟ ਕੂੜੇ ਦੇ ਡੰਪ ਬਣ ਰਹੇ ਹਨ, ਜਿਸ ਨਾਲ ਨਗਰ ਕੌਂਸਲ ਦੀ ਸਵੱਛਤਾ ਸਰਵੇਖਣ ਮੁਹਿੰਮ ਪਛੜਣ ਦਾ ਖਤਰਾ ਹੋ ਸਕਦਾ ਹੈ। ਇਨ੍ਹਾਂ ਪਲਾਟਾਂ 'ਚ ਉੱਗੀ ਘਾਹ-ਫੂਸ ਤੇ ਭੰਗ ਨਾ ਕੇਵਲ ਗੰਦਗੀ ਦਾ ਕਾਰਨ ਬਣ ਰਹੀ ਹੈ ਸਗੋਂ ਝੌਂਪੜੀਆਂ ਤੇ ਸੜਕਾਂ ਕਿਨਾਰੇ ਰਹਿਣ ਵਾਲੇ ਲੋਕ ਖਾਲੀ ਪਲਾਟਾਂ ਦਾ ਇਸਤੇਮਾਲ ਪਖਾਨਿਆਂ ਦੇ ਤੌਰ 'ਤੇ ਕਰ ਕੇ ਗੰਦਗੀ ਫੈਲਾ ਰਹੇ ਹਨ, ਜਿਸ ਨਾਲ ਸਵੱੱਛਤਾ ਮੁਹਿੰਮ ਨੂੰ ਧੱਕਾ ਲੱਗ ਰਿਹਾ ਹੈ।

ਕੀ ਕਹਿੰਦੇ ਹਨ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ
ਜਦੋਂ ਇਸ ਸਬੰਧੀ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਟੁੱਟੀਆਂ ਸੜਕਾਂ ਦੀ ਰਿਪੇਅਰ ਦਾ ਕੰਮ ਵੱਡੇ ਪੱਧਰ 'ਤੇ ਚੱਲ ਰਿਹਾ ਹੈ ਜਿਨ੍ਹਾਂ ਸੜਕਾਂ 'ਤੇ ਲੁੱਕ ਪਾਈ ਜਾਣੀ ਹੈ ਉਨ੍ਹਾਂ ਥਾਵਾਂ 'ਤੇ ਲੁੱਕ ਪਾਉਣ ਤੋਂ ਬਾਅਦ ਰਿਪੇਅਰ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਬਣਾਏ ਗਏ 5 ਕੂੜਾ ਕੁਲੈਕਸ਼ਨ ਸੈਂਟਰਾਂ ਨੂੰ ਟੀਨਾਂ ਦੀ ਚਾਰਦੀਵਾਰੀ ਨਾਲ ਬੰਦ ਕੀਤਾ ਜਾਵੇਗਾ ਤਾਂ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਕੂੜਾ ਦਿਖਾਈ ਨਾ ਦੇਵੇ। ਇਨ੍ਹਾਂ ਕੂੜਾ ਸੈਂਟਰਾਂ ਤੋਂ ਕੂੜਾ ਚੁੱਕਣ ਦਾ ਸਮਾਂ ਵੀ ਨਿਰਧਾਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਝੁੱਗੀ-ਝੌਂਪੜੀਆਂ ਦੇ ਨਜ਼ਦੀਕ ਪਖਾਨੇ ਬਣਾ ਦਿੱਤੇ ਗਏ ਹਨ ਤੇ ਜੇਕਰ ਕੋਈ ਹੋਰ ਸਥਾਨ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਤਾਂ ਉਥੇ ਵੀ ਪਖਾਨਾ ਬਣਾਇਆ ਜਾਵੇਗਾ।
ਫੌਜ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਠੱਗੇ ਡੇਢ ਲੱਖ
NEXT STORY